ਏਮਜ਼ ਚੌਕ ’ਤੇ 19.60 ਲੱਖ ਰੁਪਏ ਦੀ ਲਾਗਤ ਨਾਲ ਲੱਗੇਗਾ ਏਆਈ ਕੈਮਰਾ ਆਧਾਰਿਤ ਟ੍ਰੈਫਿਕ ਮੈਨੇਜਮੈਂਟ ਸਿਸਟਮ ਖਬਰ ਦਾ ਅਸਰ:ਏਮਜ਼ ਚੌਕ ’ਤੇ 19.60 ਲੱਖ ਰੁਪਏ ਦੀ ਲਾਗਤ ਨਾਲ ਲੱਗੇਗਾ ਏਆਈ ਕੈਮਰਾ ਆਧਾਰਿਤ ਟ੍ਰੈਫਿਕ ਮੈਨੇਜਮੈਂਟ ਸਿਸਟਮ
Publish Date: Wed, 25 Nov 2026 04:04 PM (IST)
Updated Date: Wed, 25 Nov 2026 04:07 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਸ਼ਹਿਰ ਵਿਚ ਵਧ ਰਹੇ ਟ੍ਰੈਫਿਕ ਦੇ ਦਬਾਅ, ਜਾਮ ਅਤੇ ਸੜਕ ਹਾਦਸਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਨਗਰ ਨਿਗਮ ਬਠਿੰਡਾ ਵੱਲੋਂ ਏਮਜ਼ ਚੌਕ ਵਿਖੇ ਆਧੁਨਿਕ ਏਆਈ ਕੈਮਰਾ ਆਧਾਰਿਤ ਵਾਹਨ ਐਕਚੂਏਟਿਡ ਟ੍ਰੈਫਿਕ ਮੈਨੇਜਮੈਂਟ ਸਿਸਟਮ ਸਥਾਪਤ ਕੀਤਾ ਜਾਵੇਗਾ। ਇਸ ਪ੍ਰਾਜੈਕਟ ’ਤੇ ਲਗਭਗ 19.60 ਲੱਖ ਰੁਪਏ ਖਰਚ ਕੀਤੇ ਜਾਣਗੇ। ਇਸ ਤਹਿਤ ਚੌਕ ’ਤੇ ਚਾਰ ਆਧੁਨਿਕ ਏਆਈ ਆਧਾਰਿਤ ਕੈਮਰੇ ਲਗਾਏ ਜਾਣਗੇ, ਜੋ ਵੱਖ-ਵੱਖ ਦਿਸ਼ਾਵਾਂ ਤੋਂ ਆਉਣ ਵਾਲੇ ਵਾਹਨਾਂ ਦੀ ਗਿਣਤੀ ਤੇ ਟ੍ਰੈਫਿਕ ਮੁਲਾਂਕਣ ਕਰਨਗੇ। ਏਮਜ਼ ਪ੍ਰਬੰਧਕਾਂ ਵੱਲੋਂ ਆਉਣ ਜਾਣ ਲਈ ਰੱਖੇ ਕੱਟ ਉੱਪਰ ਵਾਪਰ ਹਾਦਸਿਆਂ ਨੂੰ ਰੋਕਣ ਲਈ ਟ੍ਰੈਫਿਕ ਲਾਇਟਾਂ ਲਗਾਏ ਜਾਣ ਦੀ ਮੰਗ ਕੀਤੀ ਜਾ ਰਹੀ ਸੀ। ਪੰਜਾਬੀ ਜਾਗਰਣ ਨੇ 19 ਨਵੰਬਰ ਦੇ ਅੰਕ ਵਿਚ ਇਸ ਖਬਰ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਸੀ, ਜਿਸ ਤੋਂ ਬਾਅਦ ਨਗਰ ਨਿਗਮ ਨੇ ਏਆਈ ਕੈਮਰਾ ਆਧਾਰਿਤ ਟ੍ਰੈਫਿਕ ਮੈਨੇਜਮੈਂਟ ਸਿਸਟਮ ਲਾਉਣ ਲਈ ਟੈਂਡਰ ਜਾਰੀ ਕਰ ਦਿੱਤਾ ਹੈ। ਇਸ ਦੇ ਆਧਾਰ ’ਤੇ ਟ੍ਰੈਫਿਕ ਸਿਗਨਲਾਂ ਦਾ ਸਮਾਂ ਆਪਣੇ ਆਪ ਨਿਯੰਤਰਿਤ ਹੋ ਸਕੇਗਾ। ਜਿਸ ਸੜਕ ’ਤੇ ਵਾਹਨਾਂ ਦੀ ਗਿਣਤੀ ਜ਼ਿਆਦਾ ਹੋਵੇਗੀ, ਉੱਥੇ ਟ੍ਰੈਫਿਕ ਨੂੰ ਕੱਢਣ ਲਈ ਹਰੀ ਬੱਤੀ ਦਾ ਸਮਾਂ ਵਧਾਇਆ ਜਾ ਸਕੇਗਾ, ਜਦਕਿ ਘੱਟ ਟ੍ਰੈਫਿਕ ਵਾਲੀ ਸੜਕ ’ਤੇ ਵਾਹਨ ਚਾਲਕਾਂ ਨੂੰ ਬੇਲੋੜੀ ਉਡੀਕ ਨਹੀਂ ਕਰਨੀ ਪਵੇਗੀ। ਨਗਰ ਨਿਗਮ ਵੱਲੋਂ ਤਿਆਰ ਕੀਤੇ ਗਏ ਲਾਗਤ ਅਨੁਮਾਨ ਅਨੁਸਾਰ ਇਸ ਸਿਸਟਮ ਵਿਚ ਆਧੁਨਿਕ ਕੰਟਰੋਲਰ, ਕੈਮਰੇ, ਲੋਕਲ ਪ੍ਰੋਸੈਸਿੰਗ ਯੂਨਿਟ, ਡਿਜੀਟਲ ਡਿਸਪਲੇਅ, ਸਿਗਨਲ ਲਾਈਟਾਂ ਅਤੇ ਸੰਚਾਰ ਉਪਕਰਨ ਲਗਾਏ ਜਾਣਗੇ। ਇਸ ਦਾ ਮੁੱਖ ਉਦੇਸ਼ ਰਵਾਇਤੀ ਟਾਈਮਰ ਦੀ ਬਜਾਏ ਵਾਹਨਾਂ ਦੀ ਅਸਲ ਗਿਣਤੀ ਅਨੁਸਾਰ ਟ੍ਰੈਫਿਕ ਵਿਵਸਥਾ ਨੂੰ ਚਲਾਉਣਾ ਹੈ। ਜ਼ਿਕਰਯੋਗ ਹੈ ਕਿ ਡੱਬਵਾਲੀ ਰੋਡ ’ਤੇ ਏਮਜ਼ ਚੌਕ ਵਿਖੇ ਵਾਪਰ ਰਹੇ ਸੜਕ ਹਾਦਸਿਆਂ ਦਾ ਮੁੱਦਾ ਪੰਜਾਬੀ ਜਾਗਰਣ ਵੱਲੋਂ 19 ਨਵੰਬਰ ਦੇ ਅੰਕ ਵਿਚ ਪ੍ਰਮੁੱਖਤਾ ਨਾਲ ਉਠਾਇਆ ਗਿਆ ਸੀ। ਇਸ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿਚ ਆਇਆ ਤੇ ਇੱਥੇ ਟ੍ਰੈਫਿਕ ਲਾਈਟਾਂ ਲਗਾਉਣ ਲਈ ਟੈਂਡਰ ਜਾਰੀ ਕਰ ਦਿੱਤਾ ਗਿਆ। ਬਾਕਸ ਚਾਰ ਕੈਮਰੇ ਕਰਨਗੇ ਵਾਹਨਾਂ ਦੀ ਪਛਾਣ, ਕੰਟਰੋਲਰ ਖ਼ੁਦ ਤੈਅ ਕਰੇਗਾ ਸਿਗਨਲ ਦਾ ਸਮਾਂ ਪ੍ਰਾਜੈਕਟ ਤਹਿਤ ਚੌਕ ’ਤੇ ਚਾਰ ਨੈੱਟਵਰਕ ਆਧਾਰਿਤ ਕੈਮਰੇ ਲਗਾਏ ਜਾਣਗੇ। ਇਨ੍ਹਾਂ ਕੈਮਰਿਆਂ ਤੋਂ ਮਿਲਣ ਵਾਲੀ ਲਾਈਵ ਵੀਡੀਓ ਫੀਡ ਲੋਕਲ ਪ੍ਰੋਸੈਸਿੰਗ ਯੂਨਿਟ ਵਿਚ ਭੇਜੀ ਜਾਵੇਗੀ। ਇਹ ਯੂਨਿਟ ਵੱਖ-ਵੱਖ ਸੜਕਾਂ ’ਤੇ ਵਾਹਨਾਂ ਦੀ ਗਿਣਤੀ ਦਾ ਮੁਲਾਂਕਣ ਕਰੇਗੀ। ਇਸ ਵਿੱਚ ਚਾਰ ਪਹੀਆ ਵਾਹਨਾਂ, ਦੋਪਹੀਆ ਵਾਹਨਾਂ ਤੇ ਪੈਦਲ ਚੱਲਣ ਵਾਲਿਆਂ ਦੀ ਪਛਾਣ ਕਰਨ ਦੀ ਸਹੂਲਤ ਹੋਵੇਗੀ। ਇਸ ਤੋਂ ਬਾਅਦ ਪ੍ਰਾਪਤ ਜਾਣਕਾਰੀ ਟ੍ਰੈਫਿਕ ਕੰਟਰੋਲਰ ਤੱਕ ਪਹੁੰਚੇਗੀ ਅਤੇ ਟ੍ਰੈਫਿਕ ਦੀ ਸਥਿਤੀ ਅਨੁਸਾਰ ਸਿਗਨਲ ਚੱਲਣਗੇ। ਇਸ ਲਈ ਇੰਟੈਲੀਜੈਂਟ ਮਦਰ ਬੋਰਡ ਕੰਟਰੋਲਰ ਲਗਾਇਆ ਜਾਵੇਗਾ, ਜਿਸ ਵਿੱਚ ਘੱਟੋ-ਘੱਟ 16 ਸਿਗਨਲ ਗਰੁੱਪ ਅਤੇ 16 ਸਟੇਜ ਪ੍ਰੋਗਰਾਮ ਕਰਨ ਦੀ ਸਹੂਲਤ ਹੋਵੇਗੀ। ਇਹ ਕੰਟਰੋਲਰ ਕੈਮਰਿਆਂ ਅਤੇ ਸੈਂਸਰਾਂ ਤੋਂ ਮਿਲਣ ਵਾਲੇ ਇਨਪੁਟ ਦੇ ਆਧਾਰ ’ਤੇ ਚਾਰ ਜਾਂ ਛੇ ਦਿਸ਼ਾਵਾਂ ਵਾਲੇ ਚੌਰਾਹਿਆਂ ’ਤੇ ਟ੍ਰੈਫਿਕ ਸਿਗਨਲਾਂ ਨੂੰ ਕੰਟਰੋਲ ਕਰਨ ਦੇ ਸਮਰੱਥ ਹੋਵੇਗਾ। ਇਸ ਤੋਂ ਇਲਾਵਾ ਸਿਸਟਮ ਨੂੰ ਨਿਰਧਾਰਤ ਸਮੇਂ, ਪੂਰੇ ਦਿਨ ਜਾਂ ਵਿਸ਼ੇਸ਼ ਤਰੀਕਾਂ ਅਨੁਸਾਰ ਵੀ ਪ੍ਰੋਗਰਾਮ ਕੀਤਾ ਜਾ ਸਕੇਗਾ। ਬਾਕਸ ਡਿਜੀਟਲ ਡਿਸਪਲੇਅ ’ਤੇ ਦਿਖੇਗਾ ਸਿਗਨਲ ਦਾ ਸਮਾਂ, ਐਮਰਜੈਂਸੀ ਸੁਨੇਹੇ ਵੀ ਹੋਣਗੇ ਪ੍ਰਸਾਰਿਤ ਏਮਜ਼ ਚੌਕ ’ਤੇ ਚਾਰ ਮਲਟੀਮੀਡੀਆ ਡਿਜੀਟਲ ਡਿਸਪਲੇਅ ਵੀ ਲਗਾਏ ਜਾਣਗੇ। ਇਨ੍ਹਾਂ ’ਤੇ ਲਾਲ ਅਤੇ ਹਰੀ ਬੱਤੀ ਦੇ ਬਾਕੀ ਰਹਿੰਦੇ ਸਮੇਂ ਦੀ ਜਾਣਕਾਰੀ ਦਿਖਾਈ ਦੇਵੇਗੀ। ਡਿਸਪਲੇਅ ’ਤੇ ਕਾਊਂਟਡਾਊਨ ਦੇ ਨਾਲ ਗੋ ਅਤੇ ਸਟਾਪ ਦੇ ਸੁਨੇਹੇ ਦਿਖਾਉਣ ਦੀ ਸਹੂਲਤ ਹੋਵੇਗੀ। ਖ਼ਾਸ ਗੱਲ ਇਹ ਹੈ ਕਿ ਸੈਂਸਰਾਂ ਤੋਂ ਮਿਲਣ ਵਾਲੇ ਡਾਟਾ ਦੇ ਆਧਾਰ ’ਤੇ ਸਿਗਨਲ ਦਾ ਸਮਾਂ ਤੁਰੰਤ ਘਟਾਇਆ ਜਾਂ ਵਧਾਇਆ ਜਾ ਸਕੇਗਾ। ਇਸ ਤੋਂ ਇਲਾਵਾ ਪੁਲਿਸ ਅਤੇ ਸਬੰਧਤ ਵਿਭਾਗਾਂ ਦੀ ਲੋੜ ਅਨੁਸਾਰ ਇਨ੍ਹਾਂ ਡਿਸਪਲੇਅ ’ਤੇ ਟ੍ਰੈਫਿਕ ਨਾਲ ਸਬੰਧਤ ਸੁਨੇਹੇ, ਤਸਵੀਰਾਂ ਅਤੇ ਐਮਰਜੈਂਸੀ ਸੂਚਨਾਵਾਂ ਵੀ ਦਿਖਾਈਆਂ ਜਾ ਸਕਣਗੀਆਂ। ਬਾਕਸ ਸਿਗਨਲ ਖ਼ਰਾਬ ਹੋਣ ’ਤੇ ਅਧਿਕਾਰੀਆਂ ਨੂੰ ਮਿਲੇਗਾ ਅਲਰਟ ਇਸ ਸਿਸਟਮ ਨੂੰ 4ਜੀ ਮਾਡਮ ਅਤੇ ਸਿਮ ਆਧਾਰਿਤ ਸੰਚਾਰ ਉਪਕਰਨਾਂ ਰਾਹੀਂ ਕਲਾਊਡ ਸਰਵਰ ਨਾਲ ਜੋੜਿਆ ਜਾਵੇਗਾ। ਇਸ ਨਾਲ ਅਧਿਕਾਰੀ ਕਿਸੇ ਵੀ ਥਾਂ ਤੋਂ ਟ੍ਰੈਫਿਕ ਸਿਗਨਲਾਂ ਦੀ ਸਥਿਤੀ, ਬਿਜਲੀ ਸਪਲਾਈ, ਕੁਨੈਕਟੀਵਿਟੀ ਅਤੇ ਕੈਮਰਿਆਂ ਦੇ ਕੰਮਕਾਜ ਦੀ ਨਿਗਰਾਨੀ ਕਰ ਸਕਣਗੇ। ਜੇਕਰ ਕਿਸੇ ਕਾਰਨ ਸਿਗਨਲ ਵਿੱਚ ਖ਼ਰਾਬੀ ਆਉਂਦੀ ਹੈ ਜਾਂ ਬਿਜਲੀ ਸਪਲਾਈ ਬੰਦ ਹੁੰਦੀ ਹੈ ਤਾਂ ਸਬੰਧਤ ਅਧਿਕਾਰੀਆਂ ਅਤੇ ਠੇਕੇਦਾਰਾਂ ਨੂੰ ਮੋਬਾਈਲ ’ਤੇ ਅਲਰਟ ਭੇਜਣ ਦੀ ਵਿਵਸਥਾ ਹੋਵੇਗੀ। ਇਸ ਤੋਂ ਇਲਾਵਾ ਸਿਗਨਲਾਂ ਦੇ ਪੁਰਾਣੇ ਰਿਕਾਰਡ ਅਤੇ ਟ੍ਰੈਫਿਕ ਨਾਲ ਸਬੰਧਤ ਡਾਟਾ ਦੀਆਂ ਰਿਪੋਰਟਾਂ ਵੀ ਪ੍ਰਾਪਤ ਕੀਤੀਆਂ ਜਾ ਸਕਣਗੀਆਂ। ਬਾਕਸ ਇੱਕ ਸਾਲ ਤੱਕ ਮੁਫ਼ਤ ਰੱਖ-ਰਖਾਅ, ਬੈਟਰੀ ’ਤੇ ਤਿੰਨ ਸਾਲ ਦੀ ਵਾਰੰਟੀ ਨਗਰ ਨਿਗਮ ਦੇ ਲਾਗਤ ਅਨੁਮਾਨ ਵਿੱਚ ਸਿਸਟਮ ਸਥਾਪਤ ਹੋਣ ਤੋਂ ਬਾਅਦ ਇੱਕ ਸਾਲ ਤੱਕ ਮੁਫ਼ਤ ਸਾਲਾਨਾ ਰੱਖ-ਰਖਾਅ (ਏਐਮਸੀ) ਦੀ ਵਿਵਸਥਾ ਵੀ ਕੀਤੀ ਗਈ ਹੈ। ਇਸ ਤਹਿਤ ਕੈਮਰੇ, ਸਿਗਨਲ ਲਾਈਟਾਂ, ਕੰਟਰੋਲਰ, ਟਾਈਮਰ, ਕੇਬਲ ਅਤੇ ਬੈਟਰੀ ਸਮੇਤ ਪੂਰੇ ਸਿਸਟਮ ਦੀ ਦੇਖਭਾਲ ਠੇਕੇਦਾਰ ਵੱਲੋਂ ਕੀਤੀ ਜਾਵੇਗੀ। ਹਰ ਦੋ ਮਹੀਨਿਆਂ ਵਿੱਚ ਘੱਟੋ-ਘੱਟ ਇੱਕ ਵਾਰ ਸਿਸਟਮ ਦੀ ਰੋਕਥਾਮ ਵਜੋਂ ਜਾਂਚ ਅਤੇ ਰੱਖ-ਰਖਾਅ ਕਰਨਾ ਲਾਜ਼ਮੀ ਹੋਵੇਗਾ। ਬੈਟਰੀ ’ਤੇ ਤਿੰਨ ਸਾਲ ਦੀ ਮੁਫ਼ਤ ਵਾਰੰਟੀ ਦਾ ਪ੍ਰਬੰਧ ਵੀ ਰੱਖਿਆ ਗਿਆ ਹੈ। ਕਿਸੇ ਸ਼ਿਕਾਇਤ ’ਤੇ 24 ਘੰਟਿਆਂ ਦੇ ਅੰਦਰ ਜਵਾਬ ਦੇਣਾ ਲਾਜ਼ਮੀ ਹੋਵੇਗਾ, ਜਦਕਿ ਆਮ ਖ਼ਰਾਬੀ ਨੂੰ 48 ਘੰਟਿਆਂ ਅਤੇ ਵੱਡੀ ਖ਼ਰਾਬੀ ਨੂੰ 96 ਘੰਟਿਆਂ ਵਿੱਚ ਠੀਕ ਕਰਨ ਦੀ ਸ਼ਰਤ ਵੀ ਸ਼ਾਮਲ ਕੀਤੀ ਗਈ ਹੈ। ਨਗਰ ਨਿਗਮ ਦੀ ਇਸ ਪਹਿਲ ਕਦਮੀ ਨਾਲ ਉਮੀਦ ਕੀਤੀ ਜਾ ਰਹੀ ਹੈ ਕਿ ਏਮਜ਼ ਚੌਕ ’ਤੇ ਟ੍ਰੈਫਿਕ ਵਿਵਸਥਾ ਵਧੇਰੇ ਸੁਚਾਰੂ ਹੋਵੇਗੀ ਅਤੇ ਵਾਹਨ ਚਾਲਕਾਂ ਨੂੰ ਜਾਮ ਅਤੇ ਬੇਲੋੜੀ ਉਡੀਕ ਤੋਂ ਰਾਹਤ ਮਿਲੇਗੀ।