ਡਾਕਟਰਾਂ ਤੇ ਕਾਮਿਆਂ ਨੇ 12 ਨੂੰ ਮੁੱਖ ਮੰਤਰੀ ਦੀ ਕੋਠੀ ਦੇ ਘਿਰਾਓ ਦੀ ਦਿੱਤੀ ਚੇਤਾਵਨੀ 5 ਅਕਤੂਬਰ ਤਕ ਮੰਗਾਂ ਦਾ ਨਿਪਟਾਰਾ ਨਾ ਹੋਇਆ ਤਾਂ 12 ਨੂੰ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ
Publish Date: Fri, 02 Oct 2026 05:05 PM (IST)
Updated Date: Fri, 02 Oct 2026 05:07 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਆਮ ਆਦਮੀ ਕਲੀਨਿਕ ਸਾਂਝਾ ਫਰੰਟ ਪੰਜਾਬ ਵੱਲੋਂ ਸੂਬੇ ਦੇ ਆਮ ਆਦਮੀ ਕਲੀਨਿਕਾਂ ਵਿੱਚ ਸੇਵਾਵਾਂ ਨਿਭਾਅ ਰਹੇ ਡਾਕਟਰਾਂ, ਫ਼ਾਰਮਾਸਿਸਟਾਂ ਅਤੇ ਕਲੀਨਿਕਲ ਅਸਿਸਟੈਂਟਾਂ ਦੀਆਂ ਮੰਗਾਂ ਨੂੰ ਲੈ ਕੇ ਸਰਕਾਰ ਖ਼ਿਲਾਫ਼ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਗਿਆ ਹੈ। ਫਰੰਟ ਵੱਲੋਂ ਸ਼ੁੱਕਰਵਾਰ ਨੂੰ ਬਠਿੰਡਾ ਪ੍ਰੈੱਸ ਕਲੱਬ ਵਿਖੇ ਕੀਤੀ। ਇਸਾ ਦੌਰਾਨ ਸਰਕਾਰ ਤੋਂ ਮੁਲਾਜ਼ਮਾਂ ਨੂੰ ਪੱਕਾ ਕਰਨ, ਮਹਿੰਗਾਈ ਦੇ ਹਿਸਾਬ ਨਾਲ ਇਨਸੈਂਟਿਵ ਵਿੱਚ ਵਾਧਾ ਕਰਨ, ਪੂਰੇ ਸਾਲ ਦੀ ਤਨਖ਼ਾਹ ਦੇਣ ਅਤੇ ਬੀਮਾ ਸੁਰੱਖਿਆ ਮੁਹੱਈਆ ਕਰਵਾਉਣ ਸਮੇਤ ਚਾਰ ਮੁੱਖ ਮੰਗਾਂ ਸਬੰਧੀ ਤੁਰੰਤ ਲਿਖਤੀ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ ਕੀਤੀ ਗਈ। ਫਰੰਟ ਆਗੂਆਂ ਨੇ ਕਿਹਾ ਕਿ ਆਮ ਆਦਮੀ ਕਲੀਨਿਕਾਂ ਵਿੱਚ ਤਾਇਨਾਤ ਸਟਾਫ਼ ਵੱਲੋਂ ਲਗਾਤਾਰ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਕਲੀਨਿਕਾਂ ਵਿੱਚ ਕਰੋੜਾਂ ਓਪੀਡੀ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਫਰੰਟਲਾਈਨ ਸਟਾਫ਼ ਵੱਲੋਂ ਲੋਕਾਂ ਨੂੰ ਮੁੱਢਲੀਆਂ ਸਿਹਤ ਸਹੂਲਤਾਂ ਦੇਣ ਦੇ ਨਾਲ-ਨਾਲ ਦਵਾਈਆਂ ਦੀ ਘਰ-ਘਰ ਵੰਡ ਵਿੱਚ ਵੀ ਯੋਗਦਾਨ ਪਾਇਆ ਗਿਆ ਹੈ। ਆਗੂਆਂ ਨੇ ਦਾਅਵਾ ਕੀਤਾ ਕਿ ਨੈਰੋਬੀ, ਕੀਨੀਆ ਵਿਖੇ 85 ਦੇਸ਼ਾਂ ਦੀ ਸ਼ਮੂਲੀਅਤ ਵਾਲੇ ਮੰਚ ’ਤੇ ਪੰਜਾਬ ਨੂੰ ਦਵਾਈਆਂ ਦੀ ਘਰ-ਘਰ ਵੰਡ ਲਈ ਪਹਿਲਾ ਸਥਾਨ ਮਿਲਣ ਵਿੱਚ ਵੀ ਇਨ੍ਹਾਂ ਸਿਹਤ ਕਾਮਿਆਂ ਦੀ ਭੂਮਿਕਾ ਰਹੀ ਹੈ। ਫਰੰਟ ਦੀ ਪਹਿਲੀ ਮੰਗ ਹੈ ਕਿ ਮੌਜੂਦਾ ਕੱਚੀ ਐਂਪੈਨਲਮੈਂਟ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਖ਼ਤਮ ਕਰਕੇ ਸਮੂਹ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ। ਇਸ ਦੇ ਨਾਲ ਹੀ ਸਿਵਲ ਸਰਜਨਾਂ ਵੱਲੋਂ ਮਨਮਰਜ਼ੀ ਨਾਲ ਮੁਲਾਜ਼ਮਾਂ ਨੂੰ ਸੇਵਾ ਤੋਂ ਹਟਾਉਣ ਦੇ ਅਧਿਕਾਰ ਵੀ ਰੱਦ ਕਰਨ ਦੀ ਮੰਗ ਕੀਤੀ ਗਈ। ਆਗੂਆਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਸੇਵਾਵਾਂ ਨਿਭਾਅ ਰਹੇ ਮੁਲਾਜ਼ਮਾਂ ਨੂੰ ਨੌਕਰੀ ਦੀ ਸੁਰੱਖਿਆ ਮਿਲਣੀ ਚਾਹੀਦੀ ਹੈ। ਦੂਜੀ ਮੰਗ ਤਹਿਤ ਵਧਦੀ ਮਹਿੰਗਾਈ ਨੂੰ ਧਿਆਨ ਵਿੱਚ ਰੱਖਦਿਆਂ ਸਮੂਹ ਸਟਾਫ਼ ਦੇ ਇਨਸੈਂਟਿਵ ਵਿੱਚ ਵਾਜਬ ਵਾਧਾ ਕਰਨ ਅਤੇ ਇਸ ਸਬੰਧੀ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ ਕੀਤੀ ਗਈ। ਤੀਜੀ ਮੰਗ ਵਿੱਚ ਐਤਵਾਰ ਅਤੇ ਸਰਕਾਰੀ ਗਜ਼ਟਿਡ ਛੁੱਟੀਆਂ ਵਾਲੇ ਦਿਨਾਂ ਦੀ ਤਨਖ਼ਾਹ ਕੱਟਣੀ ਬੰਦ ਕਰਕੇ 85 ਅਸ਼ਿਊਰਡ ਓਪੀਡੀ ਦੇ ਹਿਸਾਬ ਨਾਲ ਪੂਰੇ ਮਹੀਨੇ ਦਾ ਮਿਹਨਤਾਨਾ ਦੇਣ ਦੀ ਮੰਗ ਕੀਤੀ ਗਈ। ਚੌਥੀ ਮੰਗ ਤਹਿਤ ਡਿਊਟੀ ਦੌਰਾਨ ਕਿਸੇ ਵੀ ਅਣਹੋਣੀ ਦੀ ਸੂਰਤ ਵਿੱਚ ਸਟਾਫ਼ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਸਰਕਾਰੀ ਮੈਡੀਕਲੇਮ ਅਤੇ ਜੀਵਨ ਬੀਮਾ ਸੁਰੱਖਿਆ ਦੇਣ ਦੀ ਮੰਗ ਰੱਖੀ ਗਈ। ਫਰੰਟ ਵੱਲੋਂ ਸਰਕਾਰ ਨੂੰ 5 ਅਕਤੂਬਰ ਤੱਕ ਮੰਗਾਂ ਦੇ ਲਿਖਤੀ ਨਿਪਟਾਰੇ ਅਤੇ ਮੁੱਖ ਮੰਤਰੀ ਨਾਲ ਸਿੱਧੀ ਮੀਟਿੰਗ ਦਾ ਸਮਾਂ ਦਿੱਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਜੇਕਰ ਇਸ ਸਮੇਂ ਤੱਕ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ 12 ਅਕਤੂਬਰ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸੂਬੇ ਭਰ ਦੇ ਸਾਰੇ ਆਮ ਆਦਮੀ ਕਲੀਨਿਕਾਂ ਨੂੰ ਮੁਕੰਮਲ ਤੌਰ ’ਤੇ ਬੰਦ ਰੱਖਣ ਦੀ ਚਿਤਾਵਨੀ ਦਿੱਤੀ ਗਈ ਹੈ।