ਪੰਜਾਬੀ ਲਿਖਾਰੀ ਸਭਾ ਵੱਲੋਂ 2 ਅਕਤੂਬਰ ਨੂੰ ਸਨਮਾਨ ਸਮਾਰੋਹ ਤੇ ਕਵੀ ਦਰਬਾਰ ਪੰਜਾਬੀ ਲਿਖਾਰੀ ਸਭਾ ਵੱਲੋਂ 2 ਅਕਤੂਬਰ ਨੂੰ ਸਨਮਾਨ ਸਮਾਰੋਹ ਤੇ ਕਵੀ ਦਰਬਾਰ
Publish Date: Sat, 26 Sep 2026 04:09 PM (IST)
Updated Date: Sat, 26 Sep 2026 04:12 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ- ਪੰਜਾਬੀ ਲਿਖਾਰੀ ਸਭਾ ਨਿਹਾਲ ਸਿੰਘ ਵਾਲਾ ਦੀ ਪ੍ਰਬੰਧਕੀ ਕਮੇਟੀ ਦੀ ਇਕੱਤਰਤਾ ਉੱਘੇ ਲੇਖਕ ਅਤੇ ਲੋਕ ਗਾਇਕ ਗੁਰਮੀਤ ਸਿੰਘ ਗੀਤਾ ਦਿਆਲਪੁਰਾ ਦੇ ਗ੍ਰਹਿ ਪਿੰਡ ਦਿਆਲਪੁਰਾ ਭਾਈਕਾ ਵਿਖੇ ਹੋਈ। ਇਸ ਮੌਕੇ ਸਭਾ ਦੇ ਪ੍ਰਧਾਨ ਅਮਰਜੀਤ ਸਿੰਘ ਫ਼ੌਜੀ ਦੀਨਾ, ਸੀਨੀਅਰ ਪ੍ਰਧਾਨ ਜਸਵੰਤ ਸਿੰਘ ਬੋਪਾਰਾਏ, ਸਕੱਤਰ ਅਮਨਦੀਪ ਕੌਰ ਹਾਕਮ ਸਿੰਘ ਵਾਲਾ ਅਤੇ ਸਹਾਇਕ ਸਕੱਤਰ ਪਰਮਜੀਤ ਸਿੰਘ ਰਾਜਗੜ੍ਹ ਨੇ ਭਾਗ ਲਿਆ। ਸਭਾ ਦੇ ਪ੍ਰਧਾਨ ਅਮਰਜੀਤ ਸਿੰਘ ਫ਼ੌਜੀ ਨੇ ਦੱਸਿਆ ਕਿ 2 ਅਕਤੂਬਰ ਨੂੰ ਸਵੇਰੇ 10 ਵਜੇ ਇਤਿਹਾਸਕ ਨਗਰ ਦੀਨਾ ਸਾਹਿਬ ਦੇ ਪੰਚਾਇਤ ਘਰ ਵਿਖੇ ਸਭਾ ਵੱਲੋਂ ਵਿਸ਼ੇਸ਼ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਮਾਗਮ ਵਿਚ ਵੱਡੀ ਗਿਣਤੀ ਲੋਕ ਗਾਇਕ, ਲੇਖਕ, ਆਲੋਚਕ, ਬੁੱਧੀਜੀਵੀ, ਫਿਲਮੀ ਕਲਾਕਾਰ ਅਤੇ ਸਾਹਿਤਕਾਰ ਸ਼ਿਰਕਤ ਕਰਨਗੇ। ਪਰਮਜੀਤ ਸਿੰਘ ਰਾਜਗੜ੍ਹ ਅਤੇ ਗੁਰਮੀਤ ਸਿੰਘ ਗੀਤਾ ਦਿਆਲਪੁਰਾ ਨੇ ਦੱਸਿਆ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਵਿਚ ਪਾਏ ਵਡਮੁੱਲੇ ਯੋਗਦਾਨ ਲਈ ਸਾਹਿਤਕਾਰ ਗੁਰਦੀਪ ਸਿੰਘ ਕੈੜਾ ਭਦੌੜ, ਕੁਲਵੰਤ ਸਿੰਘ ਮਾਨ ਭਦੌੜ ਅਤੇ ਲੇਖਕ ਤੇ ਆਲੋਚਕ ਸ਼ਮਸ਼ੇਰ ਸਿੰਘ ਮੱਲ੍ਹੀ ਫੂਲ ਨੂੰ ਸਨਮਾਨਿਤ ਕੀਤਾ ਜਾਵੇਗਾ। ਸਨਮਾਨ ਸਮਾਰੋਹ ਉਪਰੰਤ ਕਵੀ ਦਰਬਾਰ ਕਰਵਾਇਆ ਜਾਵੇਗਾ, ਜਿਸ ਵਿਚ ਇਲਾਕੇ ਦੇ ਸਾਹਿਤਕਾਰ, ਗੀਤਕਾਰ, ਲੋਕ ਗਾਇਕ ਅਤੇ ਲੇਖਕ ਆਪਣੀਆਂ ਸਮਾਜ ਨੂੰ ਸੇਧ ਦੇਣ ਵਾਲੀਆਂ ਰਚਨਾਵਾਂ ਪੇਸ਼ ਕਰਨਗੇ। ਪ੍ਰਬੰਧਕਾਂ ਨੇ ਸਾਹਿਤ ਪ੍ਰੇਮੀਆਂ ਨੂੰ ਸਮਾਗਮ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।