ਪੰਜਾਬੀ ਸਾਹਿਤ ਸਭਾ ਵੱਲੋਂ ਛੇ ਸਾਹਿਤਕਾਰਾਂ ਅਤੇ ਡਾ. ਸੁਖਦੇਵ ਸਿੰਘ ਸਿਰਸਾ ਦਾ ਸਨਮਾਨ ਪੰਜਾਬੀ ਸਾਹਿਤ ਸਭਾ ਵੱਲੋਂ ਛੇ ਸਾਹਿਤਕਾਰਾਂ ਅਤੇ ਡਾ. ਸੁਖਦੇਵ ਸਿੰਘ ਸਿਰਸਾ ਦਾ ਸਨਮਾਨ
Publish Date: Mon, 26 Oct 2026 05:16 PM (IST)
Updated Date: Mon, 26 Oct 2026 05:19 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਲੇਖਕਾਂ ਦੀਆਂ ਉੱਚ ਪੱਧਰੀ ਪ੍ਰਾਪਤੀਆਂ ਦੀ ਖੁਸ਼ੀ ਸਾਂਝੀ ਕਰਨ ਲਈ ਪੰਜਾਬੀ ਸਾਹਿਤ ਸਭਾ ਬਠਿੰਡਾ ਵੱਲੋਂ ਟੀਚਰਜ਼ ਹੋਮ ਟਰੱਸਟ ਦੇ ਸਹਿਯੋਗ ਨਾਲ ਸਥਾਨਕ ਟੀਚਰਜ਼ ਹੋਮ ਵਿਖੇ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਡਾ. ਸਤਨਾਮ ਸਿੰਘ ਜੱਸਲ ਨੇ ਕੀਤੀ। ਪ੍ਰਧਾਨਗੀ ਮੰਡਲ ਵਿਚ ਕਾ. ਹਰਦੇਵ ਸਿੰਘ ਅਰਸੀ, ਡਾ. ਸੁਖਦੇਵ ਸਿੰਘ ਸਿਰਸਾ, ਕਹਾਣੀਕਾਰ ਅਤਰਜੀਤ, ਗੁਰਦੇਵ ਖੋਖਰ ਅਤੇ ਲਛਮਣ ਮਲੂਕਾ ਸ਼ਾਮਲ ਸਨ। ਸਮਾਗਮ ਦੀ ਸ਼ੁਰੂਆਤ ਵਿਛੜੇ ਸਾਹਿਤਕਾਰਾਂ ਨੂੰ ਸ਼ਰਧਾਂਜਲੀ ਭੇਟ ਕਰਕੇ ਕੀਤੀ ਗਈ। ਇਸ ਤੋਂ ਬਾਅਦ ਅਮਨ ਦਾਤੇਵਾਸੀਆ ਨੇ ਸੰਤ ਰਾਮ ਉਦਾਸੀ ਦਾ ਗੀਤ ਪੇਸ਼ ਕੀਤਾ। ਟੀਚਰਜ਼ ਹੋਮ ਟਰੱਸਟ ਦੇ ਜਨਰਲ ਸਕੱਤਰ ਲਛਮਣ ਮਲੂਕਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ, ਜਦਕਿ ਸਭਾ ਦੇ ਪ੍ਰਧਾਨ ਅਤੇ ਨਾਵਲਕਾਰ ਜਸਪਾਲ ਮਾਨਖੇੜਾ ਨੇ ਸਮਾਗਮ ਦੀ ਰੂਪ-ਰੇਖਾ ਪੇਸ਼ ਕੀਤੀ। ਬਲਵਿੰਦਰ ਸਿੰਘ ਭੁੱਲਰ ਨੇ ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਵਿਚ ਡਾ. ਸੁਖਦੇਵ ਸਿੰਘ ਸਿਰਸਾ ਦੀ ਸ਼ਾਨਦਾਰ ਜਿੱਤ ਅਤੇ ਭਾਸ਼ਾ ਵਿਭਾਗ ਵੱਲੋਂ ਬਠਿੰਡਾ ਤੇ ਆਸ-ਪਾਸ ਦੇ ਇਲਾਕਿਆਂ ਦੀਆਂ ਛੇ ਸਾਹਿਤਕ ਸ਼ਖ਼ਸੀਅਤਾਂ ਦੀਆਂ ਪੁਸਤਕਾਂ ਨੂੰ ਐਵਾਰਡਾਂ ਲਈ ਚੁਣੇ ਜਾਣ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਜਸਪਾਲ ਮਾਨਖੇੜਾ ਦੇ ਨਾਵਲ ‘ਹਵੇਲੀਆਣਾ’, ਭੁਪਿੰਦਰ ਮਾਨ ਦੇ ਕਹਾਣੀ ਸੰਗ੍ਰਹਿ ‘ਲਾਲ ਰੱਤਾ’, ਡਾ. ਨਵਦੀਪ ਕੌਰ ਦੇ ਕਹਾਣੀ ਸੰਗ੍ਰਹਿ ‘ਅਹੱਲਿਆ’, ਕੁਲਬੀਰ ਮਲਿਕ ਦੇ ਨਾਟਕ, ਸੁਰੇਸ਼ ਹੰਸ ਦੇ ਹਿੰਦੀ ਨਾਵਲ ਅਤੇ ਮਲਕੀਤ ਸਿੰਘ ਮਛਾਣਾ ਦੀ ਉਰਦੂ ਲਿਪੀ ਦੀ ਪੁਸਤਕ ਨੂੰ ਐਵਾਰਡਾਂ ਲਈ ਚੁਣੇ ਜਾਣ ’ਤੇ ਸਨਮਾਨਿਤ ਕੀਤਾ ਗਿਆ। ਡਾ. ਸੁਖਦੇਵ ਸਿੰਘ ਸਿਰਸਾ ਨੂੰ ਵੀ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਸਨਮਾਨ ਦਿੱਤਾ ਗਿਆ। ਆਪਣੇ ਸੰਬੋਧਨ ਵਿਚ ਡਾ. ਸਿਰਸਾ ਨੇ ਦੇਸ਼ ਵਿਚ ਵਧ ਰਹੀ ਮਹਿੰਗਾਈ, ਨਸ਼ਿਆਂ ਅਤੇ ਫਿਰਕਾਪ੍ਰਸਤੀ ’ਤੇ ਚਿੰਤਾ ਪ੍ਰਗਟ ਕਰਦਿਆਂ ਲੋਕਾਂ ਨੂੰ ਆਪਣੇ ਹੱਕਾਂ ਲਈ ਸੰਘਰਸ਼ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਅਤਰਜੀਤ ਅਤੇ ਪਰਮਜੀਤ ਰੋਮਾਣਾ ਨੇ ਸਨਮਾਨਿਤ ਸ਼ਖ਼ਸੀਅਤਾਂ ਨੂੰ ਵਧਾਈ ਦਿੱਤੀ। ਪ੍ਰਧਾਨਗੀ ਭਾਸ਼ਣ ਦਿੰਦਿਆਂ ਡਾ. ਜੱਸਲ ਨੇ ਕਿਹਾ ਕਿ ਡਾ. ਸਿਰਸਾ ਲੰਮੇ ਸਮੇਂ ਤੋਂ ਪੰਜਾਬੀ ਭਾਸ਼ਾ ਲਈ ਸਮਰਪਿਤ ਹੋ ਕੇ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਤੋਂ ਹੋਰ ਵੱਡੀਆਂ ਉਮੀਦਾਂ ਹਨ। ਉਨ੍ਹਾਂ ਛੇ ਸਾਹਿਤਕਾਰਾਂ ਦੀਆਂ ਪੁਸਤਕਾਂ ਦੀ ਚੋਣ ਨੂੰ ਬਠਿੰਡਾ ਇਲਾਕੇ ਲਈ ਮਾਣ ਵਾਲੀ ਪ੍ਰਾਪਤੀ ਦੱਸਿਆ। ਮੰਚ ਸੰਚਾਲਨ ਸਭਾ ਦੇ ਜਨਰਲ ਸਕੱਤਰ ਰਣਜੀਤ ਗੌਰਵ ਨੇ ਕੀਤਾ। ਇਸ ਮੌਕੇ ਸੁਰਜੀਤ ਜੱਜ, ਡਾ. ਕੁਲਦੀਪ ਸਿੰਘ ਦੀਪ, ਹਰਮੀਤ ਵਿਦਿਆਰਥੀ ਸਮੇਤ ਹੋਰ ਸਾਹਿਤ ਪ੍ਰੇਮੀ ਹਾਜ਼ਰ ਸਨ।