ਜੇਲ ’ਚੋਂ ਬਾਹਰ ਆਉਂਦਿਆਂ ਹੀ ਕਰ ਦਿੱਤੀ ਤਸਕਰੀ ਸ਼ੁਰੂ ਜੇਲ ਵਿੱਚੋਂ ਬਾਹਰ ਆਉਂਦਿਆਂ ਹੀ ਕਰ ਦਿੱਤੀ ਤਸਕਰੀ ਸ਼ੁਰੂ,
Publish Date: Mon, 27 Jul 2026 04:37 PM (IST)
Updated Date: Mon, 27 Jul 2026 04:40 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਜ਼ਿਲ੍ਹਾ ਪੁਲਿਸ ਬਠਿੰਡਾ ਦੀ ਸੀਆਈਏ-1 ਟੀਮ ਨੇ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ ਦੋ ਕਥਿਤ ਨਸ਼ਾ ਤਸਕਰਾਂ ਨੂੰ 312 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ਵਿਚੋਂ ਇਕ ਕਾਰ ਵੀ ਬਰਾਮਦ ਕੀਤੀ ਗਈ ਹੈ। ਦੋਵੇਂ ਮੁਲਜਮ ਕੁਝ ਸਮਾਂ ਪਹਿਲਾਂ ਹੀ ਕਪੂਰਥਲਾ ਜੇਲ ਵਿਚੋਂ ਬਾਹਰ ਆਏ ਸਨ, ਜਿਸ ਤੋਂ ਬਾਅਦ ਇਨ੍ਹਾਂ ਨੇ ਨਸ਼ਾ ਤਸਕਰੀ ਦਾ ਧੰਦਾ ਮੁੜ ਸ਼ੁਰੂ ਕਰ ਦਿੱਤ਼ਾ। ਸੀਨੀਅਰ ਕਪਤਾਨ ਪੁਲਿਸ ਬਠਿੰਡਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਐੱਸਪੀ (ਇਨਵੈਸਟੀਗੇਸ਼ਨ) ਅਤੇ ਉਪ ਕਪਤਾਨ ਪੁਲਿਸ (ਡੀ) ਬਠਿੰਡਾ ਦੀ ਅਗਵਾਈ ਵਿਚ ਸੀਆਈਏ.-1 ਬਠਿੰਡਾ ਦੀ ਟੀਮ ਨੇ 26 ਜੁਲਾਈ ਨੂੰ ਦੌਰਾਨੇ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਦੌਰਾਨ ਕਾਰ ਨੰਬਰ ਐਚਆਰ26ਸੀਈ-3501 ਨੂੰ ਰੋਕ ਕੇ ਤਲਾਸ਼ੀ ਲਈ। ਇਸ ਦੌਰਾਨ ਕਾਰ ਵਿਚੋਂ 312 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਤੋਂ ਬਾਅਦ ਦੋਵਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਗੁਰਜੀਤ ਸਿੰਘ ਉਰਫ਼ ਹਰੀ ਪੁੱਤਰ ਗੁਰਮੇਲ ਸਿੰਘ ਵਾਸੀ ਲਹਿਰਾ ਖਾਨਾ, ਬਠਿੰਡਾ ਅਤੇ ਸੁਖਵਿੰਦਰ ਸਿੰਘ ਉਰਫ਼ ਸੁੱਖਾ ਪੁੱਤਰ ਜਰਨੈਲ ਸਿੰਘ ਵਾਸੀ ਗਲੀ ਨੰ. 12, ਮਹਿਰਾਜ ਰੋਡ ਰਾਮਪੁਰਾ ਫੂਲ ਵਜੋਂ ਹੋਈ ਹੈ। ਪੁਲਿਸ ਅਨੁਸਾਰ, ਦੋਵੇਂ ਮੁਲਜ਼ਮ ਪਹਿਲਾਂ ਵੀ ਅਪਰਾਧਿਕ ਮਾਮਲਿਆਂ ਵਿੱਚ ਨਾਮਜ਼ਦ ਰਹਿ ਚੁੱਕੇ ਹਨ। ਗੁਰਜੀਤ ਸਿੰਘ ਖ਼ਿਲਾਫ਼ ਐਨਡੀਪੀਐੱਸ ਐਕਟ ਅਤੇ ਹੋਰ ਧਾਰਾਵਾਂ ਤਹਿਤ ਤਿੰਨ ਕੇਸ ਦਰਜ ਹਨ, ਜਦਕਿ ਸੁਖਵਿੰਦਰ ਸਿੰਘ ਖ਼ਿਲਾਫ਼ ਅਸਲਾ ਐਕਟ ਦੇ ਦੋ ਕੇਸ ਦਰਜ ਹਨ। ਦੋਵੇਂ ਮੁਲਜ਼ਮ ਇਸ ਸਾਲ ਜਨਵਰੀ ਮਹੀਨੇ ਵਿਚ ਜ਼ਮਾਨਤ ਤੇ ਜੇਲ੍ਹ ਤੋਂ ਬਾਹਰ ਆਏ ਸਨ। ਪੁਲਿਸ ਅਨੁਸਾਰ ਗੁਰਜੀਤ ਸਿੰਘ ਉਰਫ਼ ਗੁਰੀ 17 ਜਨਵਰੀ 2026 ਨੂੰ ਕਪੂਰਥਲਾ ਜੇਲ ਵਿਚੋਂ ਰਿਹਾਅ ਹੋਇਆ ਸੀ, ਜਦੋਂ ਕਿ ਉਸ ਦਾ ਸਾਥੀ ਛੇ ਦਿਨ ਪਹਿਲਾਂ 11 ਜਨਵਰੀ 2026 ਨੂੰ ਕਪੂਰਥਲਾ ਜੇਲ ਵਿਚੋਂ ਬਾਹਰ ਆਇਆ ਸੀ। ਦੋਵਾਂ ਨੇ ਜੇਲ ਵਿਚੋਂ ਬਾਹਰ ਆਉਂਦਿਆਂ ਨਸ਼ਾ ਤਸਕਰੀ ਦਾ ਧੰਦਾ ਸ਼ੁਰੂ ਕਰ ਦਿੱਤਾ ਪਰ ਹੁਣ ਪੁਲਿਸ ਦੇ ਅੜਿੱਕੇ ਚੜ੍ਹ ਗਏ। ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਬਰਾਮਦ ਕੀਤੀ ਗਈ ਹੈਰੋਇਨ ਅਤੇ ਕਾਰ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਦੋਵਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਮੁਲਜ਼ਮ ਨਸ਼ੇ ਦੀ ਖੇਪ ਕਿਥੋਂ ਲੈ ਕੇ ਆਏ ਸਨ ਅਤੇ ਇਸ ਨੂੰ ਕਿੱਥੇ ਸਪਲਾਈ ਕੀਤਾ ਜਾਣਾ ਸੀ। ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।