ਝੀਂਡਾ ਦੀ ਅਗਵਾਈ ਹੇਠ ਹਰਿਆਣਾ ਦੀ ਸਿੱਖ ਸੰਸਥਾ ਨੂੰ ਹੋ ਰਿਹਾ ਨੁਕਸਾਨ: ਕੁਲਦੀਪ ਸਿੰਘ ਫੱਗੂ ਝੀਂਡਾ ਦੀ ਅਗਵਾਈ ਹੇਠ ਹਰਿਆਣਾ ਦੀ ਸਿੱਖ ਸੰਸਥਾ ਨੂੰ ਹੋ ਰਿਹਾ ਨੁਕਸਾਨ: ਕੁਲਦੀਪ ਸਿੰਘ ਫੱਗੂ
Publish Date: Tue, 27 Oct 2026 05:24 PM (IST)
Updated Date: Tue, 27 Oct 2026 05:28 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕੁਲਦੀਪ ਸਿੰਘ ਫੱਗੂ ਨੇ ਕਮੇਟੀ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਦੀ ਕਾਰਜਸ਼ੈਲੀ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਨਵੀਂ ਕਮੇਟੀ ਤੋਂ ਸਿੱਖ ਸੰਗਤ ਨੂੰ ਵੱਡੀਆਂ ਉਮੀਦਾਂ ਸਨ, ਪਰ ਮੌਜੂਦਾ ਕਾਰਗੁਜ਼ਾਰੀ ਉਨ੍ਹਾਂ ਉਮੀਦਾਂ ’ਤੇ ਖਰੀ ਨਹੀਂ ਉਤਰ ਸਕੀ। ਉਨ੍ਹਾਂ ਦੋਸ਼ ਲਾਇਆ ਕਿ ਕਮੇਟੀ ਦੇ ਪ੍ਰਬੰਧਕੀ ਮਾਮਲਿਆਂ ਵਿਚ ਪੈਦਾ ਹੋ ਰਹੀਆਂ ਮੁਸ਼ਕਲਾਂ ਕਾਰਨ ਸਿੱਖ ਸੰਸਥਾ ਦੇ ਅਕਸ ਨੂੰ ਨੁਕਸਾਨ ਪਹੁੰਚ ਰਿਹਾ ਹੈ। ਪ੍ਰੈੱਸ ਨੋਟ ਰਾਹੀਂ ਕੁਲਦੀਪ ਸਿੰਘ ਫੱਗੂ ਨੇ ਕਿਹਾ ਕਿ ਮੀਰੀ-ਪੀਰੀ ਮੈਡੀਕਲ ਕਾਲਜ ਦੇ ਮਾਮਲੇ ਵਿਚ ਕੇਸ ਜਿੱਤਣ ਤੋਂ ਬਾਅਦ ਵੀ ਕਮੇਟੀ ਵੱਲੋਂ ਸੰਸਥਾ ਦਾ ਪ੍ਰਬੰਧ ਨਾ ਸੰਭਾਲੇ ਜਾਣ ਨੂੰ ਲੈ ਕੇ ਸੰਗਤ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੰਗਤ ਨੂੰ ਆਸ ਸੀ ਕਿ ਨਵੀਂ ਕਮੇਟੀ ਸਿੱਖ ਸੰਸਥਾਵਾਂ ਦੇ ਪ੍ਰਬੰਧ ਨੂੰ ਹੋਰ ਮਜ਼ਬੂਤ ਕਰਨ ਲਈ ਠੋਸ ਕਦਮ ਚੁੱਕੇਗੀ, ਪਰ ਇਸ ਮਾਮਲੇ ਵਿਚ ਦੇਰੀ ਨੂੰ ਲੈ ਕੇ ਸਵਾਲ ਉੱਠ ਰਹੇ ਹਨ। ਫੱਗੂ ਨੇ ਦਾਅਵਾ ਕੀਤਾ ਕਿ ਕਮੇਟੀ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਮੈਂਬਰਾਂ ਦਾ ਵਿਸ਼ਵਾਸ ਗੁਆ ਚੁੱਕੇ ਹਨ ਅਤੇ ਬਹੁਮਤ ਸਾਬਤ ਕਰਨ ਵਿਚ ਅਸਫਲ ਰਹਿਣ ਕਾਰਨ ਕਮੇਟੀ ਦਾ ਬਜਟ ਪਾਸ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਬਜਟ ਪਾਸ ਨਾ ਹੋਣਾ ਕਮੇਟੀ ਦੇ ਪ੍ਰਬੰਧਕੀ ਕੰਮਕਾਜ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਇਸ ਸਥਿਤੀ ਲਈ ਦੂਜੇ ਮੈਂਬਰਾਂ ਨੂੰ ਜ਼ਿੰਮੇਵਾਰ ਠਹਿਰਾ ਕੇ ਸੰਗਤ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਮੇਟੀ ਦੀ ਕਾਰਜਸ਼ੈਲੀ ਤੋਂ ਅਸੰਤੁਸ਼ਟ ਸੰਗਤ ਦੇ ਰੋਸ ਦਾ ਸਾਹਮਣਾ ਸਮੁੱਚੇ ਮੈਂਬਰਾਂ ਨੂੰ ਕਰਨਾ ਪੈ ਰਿਹਾ ਹੈ। ਕਿਸੇ ਵੀ ਸੰਸਥਾ ਦੀ ਅਗਵਾਈ ਪ੍ਰਤੀ ਪੈਦਾ ਹੋਈ ਅਸੰਤੁਸ਼ਟੀ ਦਾ ਅਸਰ ਪੂਰੀ ਸੰਸਥਾ ਦੇ ਅਕਸ ਅਤੇ ਭਰੋਸੇ ’ਤੇ ਪੈਂਦਾ ਹੈ। ਕੁਲਦੀਪ ਸਿੰਘ ਫੱਗੂ ਨੇ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਸੰਗਤ ਦੀ ਅਮਾਨਤ ਹੈ। ਇਸ ਲਈ ਕਮੇਟੀ ਦੇ ਕੰਮਕਾਜ ਵਿਚ ਪਾਰਦਰਸ਼ਤਾ, ਜਵਾਬਦੇਹੀ ਅਤੇ ਸਾਰੇ ਮੈਂਬਰਾਂ ਨੂੰ ਨਾਲ ਲੈ ਕੇ ਚੱਲਣਾ ਜ਼ਰੂਰੀ ਹੈ। ਉਨ੍ਹਾਂ ਕਮੇਟੀ ਦੀ ਅਗਵਾਈ ਨੂੰ ਅਪੀਲ ਕੀਤੀ ਕਿ ਸੰਗਤ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਸੰਸਥਾ ਦੇ ਹਿੱਤਾਂ ਨੂੰ ਪਹਿਲ ਦਿੱਤੀ ਜਾਵੇ, ਤਾਂ ਜੋ ਸਿੱਖ ਸੰਗਤ ਦਾ ਭਰੋਸਾ ਮੁੜ ਕਾਇਮ ਕੀਤਾ ਜਾ ਸਕੇ।