ਪੁਰਤਗਾਲ 'ਚ ਹਰਪ੍ਰੀਤ ਦੀ ਮੌਤ, ਨੌਜਵਾਨ ਦੀ ਲਾਸ਼ 22 ਦਿਨਾਂ ਬਾਅਦ ਪਹੁੰਚੀ ਪੁਰਤਗਾਲ 'ਚ ਹਰਪ੍ਰੀਤ ਦੀ ਮੌਤ, ਨੌਜਵਾਨ ਦੀ ਲਾਸ਼ 22 ਦਿਨਾਂ ਬਾਅਦ ਪਹੁੰਚੀ
Publish Date: Mon, 07 Sep 2026 06:01 PM (IST)
Updated Date: Mon, 07 Sep 2026 06:01 PM (IST)
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ ਮੌੜ ਮੰਡੀ ਰੋਜ਼ੀ-ਰੋਟੀ ਦੀ ਭਾਲ ਚ ਵਿਦੇਸ਼ ਗਏ ਪਿੰਡ ਮਾਈਸਰਖਾਨਾ ਦੇ ਨੌਜਵਾਨ ਹਰਪ੍ਰੀਤ ਸਿੰਘ ਪੁੱਤਰ ਭੋਲਾ ਸਿੰਘ ਦੀ ਪੁਰਤਗਾਲ ’ਚ ਹਾਰਟ ਅਟੈਕ ਨਾਲ ਹੋਈ ਮੌਤ ਤੋਂ 22 ਦਿਨਾਂ ਬਾਅਦ ਉਸ ਦੀ ਮ੍ਰਿਤਕ ਦੇਹ ਅੱਜ ਉਸ ਦੇ ਪਿੰਡ ਪਹੁੰਚੀ। ਮ੍ਰਿਤਕ ਦੇਹ ਦੇ ਘਰ ਪਹੁੰਚਦਿਆਂ ਹੀ ਪੂਰੇ ਪਿੰਡ ’ਚ ਮਾਤਮ ਛਾ ਗਿਆ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ ਦੀ ਮਾਤਾ ਕਰਮਜੀਤ ਕੌਰ ਦੀ 12-13 ਸਾਲ ਪਹਿਲਾਂ ਮੌਤ ਤੋਂ ਬਾਅਦ ਪਰਿਵਾਰ ਦੀਆਂ ਆਰਥਿਕ ਤੰਗੀਆਂ ਦੂਰ ਕਰਨ ਲਈ 9 ਸਾਲ ਪਹਿਲਾਂ ਆਪਣੀ ਜ਼ਮੀਨ ਵੇਚ ਕੇ ਤੁਰਕੀ ਗਿਆ ਸੀ, ਜਿਸ ਤੋਂ ਬਾਅਦ ਉਹ ਪਿਛਲੇ 5 ਸਾਲਾਂ ਤੋਂ ਪੁਰਤਗਾਲ ਵਿਚ ਰਹਿ ਰਿਹਾ ਸੀ। ਲੰਘੀ 17 ਅਗਸਤ ਨੂੰ ਅਚਾਨਕ ਹਾਰਟ ਅਟੈਕ ਆਉਣ ਕਰਕੇ ਉਸ ਦੀ ਮੌਤ ਹੋ ਗਈ ਸੀ। ਵਿਦੇਸ਼ੀ ਕਾਨੂੰਨੀ ਪ੍ਰਕਿਰਿਆਵਾਂ ਅਤੇ ਕਾਗਜ਼ੀ ਕਾਰਵਾਈਆਂ ਕਾਰਨ ਮ੍ਰਿਤਕ ਦੇਹ ਨੂੰ ਪੰਜਾਬ ਲਿਆਉਣ ਵਿਚ 22 ਦਿਨਾਂ ਦਾ ਸਮਾਂ ਲੱਗ ਗਿਆ। ਹਰਪ੍ਰੀਤ ਸਿੰਘ ਦੇ ਛੋਟੇ ਭਰਾ ਕੁਲਵਿੰਦਰ ਸਿੰਘ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਦਿਆਂ ਕਿਹਾ ਕਿ ਹਰਪ੍ਰੀਤ ਦੀ ਮੌਤ ਤੋਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਉਸ ਨਾਲ ਫੋਨ ’ਤੇ ਗੱਲਬਾਤ ਹੋਈ ਸੀ ਤੇ ਉਹ ਕਹਿ ਰਿਹਾ ਸੀ ਕਿ ਉਹ ਜਨਵਰੀ 2027 ਤਕ ਪਿੰਡ ਆਵੇਗਾ ਅਤੇ ਇਕ ਸੋਹਣਾ ਘਰ ਬਣਾਵਾਂਗੇ, ਪਰ ਉਨ੍ਹਾਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਉਨ੍ਹਾਂ ਦੀਆਂ ਸਧਰਾਂ ਹਰਪ੍ਰੀਤ ਦੀ ਮੌਤ ਕਾਰਨ ਵਿਚ ਹੀ ਰਹਿ ਗਈਆਂ ਹਨ। ਪਿੰਡ ਵਾਸੀਆਂ ਦੀਆਂ ਨਮ ਅੱਖਾਂ ਨੇ ਹਰਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਪਿੰਡ ਮਾਈਸਰਖਾਨਾ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ। ਇਸ ਦੁਖਦਾਈ ਘਟਨਾ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਇੰਪਲਾਈਜ਼ ਵਿੰਗ ਪੰਜਾਬ ਦੇ ਵਾਈਸ ਪ੍ਰਧਾਨ ਰਣਜੀਤ ਸਿੰਘ ਮਠਾੜੂ, ਸੁਖਬੀਰ ਕੌਰ ਸਰਪੰਚ ਅਤੇ ਪਿੰਡ ਵਾਸੀਆਂ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਜਤਾਈ। ਉਨ੍ਹਾਂ ਕਿਹਾ ਕਿ ਨੌਜਵਾਨ ਹਰਪ੍ਰੀਤ ਸਿੰਘ ਦੀ ਇਸ ਬੇਵਕਤੀ ਮੌਤ ਨਾਲ ਪਿੰਡ ਮਾਈਸਰਖਾਨਾ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਆਗੂਆਂ ਨੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੀੜਤ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ।