ਗੜੇਮਾਰੀ ਤੇ ਮੀਂਹ ਨੇ ਕਿਸਾਨਾਂ ਦੀਆਂ ਆਸਾਂ ’ਤੇ ਫੇਰਿਆ ਪਾਣੀ, ਸੈਂਕੜੇ ਏਕੜ ਪੱਕ ਚੁੱਕੀ ਝੋਨੇ ਦੀ ਖੜ੍ਹੀ ਫ਼ਸਲ ਤਬਾਹ ਗੜੇਮਾਰੀ ਤੇ ਮੀਂਹ ਨੇ ਕਿਸਾਨਾਂ ਦੀਆਂ ਆਸਾਂ ’ਤੇ ਫੇਰਿਆ ਪਾਣੀ, ਸੈਂਕੜੇ ਏਕੜ ਪੱਕ ਚੁੱਕੀ ਝੋਨੇ ਦੀ ਖੜ੍ਹੀ ਫ਼ਸਲ ਤਬਾਹ
Publish Date: Sat, 17 Oct 2026 05:46 PM (IST)
Updated Date: Sat, 17 Oct 2026 05:48 PM (IST)
ਨਥਾਣਾ ਤੇ ਗੰਗਾ ਖੇਤਰ ਵਿੱਚ ਭਾਰੀ ਨੁਕਸਾਨ, ਕਈ ਥਾਵਾਂ ’ਤੇ 100 ਫ਼ੀਸਦੀ ਫ਼ਸਲ ਬਰਬਾਦ ਹੋਣ ਦਾ ਦਾਅਵਾ ਵਾਢੀ ਤੋਂ ਪਹਿਲਾਂ ਕੁਦਰਤ ਦੀ ਮਾਰ, ਕਿਸਾਨਾਂ ਨੂੰ ਅਗਲੀ ਕਣਕ ਦੀ ਬਿਜਾਈ ਦੀ ਚਿੰਤਾ ਸਤਾਉਣ ਲੱਗੀ ਹਰਪ੍ਰੀਤ ਮਦੇਸ਼ਾ, ਪੰਜਾਬ ਜਾਗਰਣ ਨਥਾਣਾ ਬੇਮੌਸਮੀ ਬਾਰਿਸ਼, ਤੇਜ਼ ਹਨੇਰੀ ਤੇ ਗੜੇਮਾਰੀ ਨੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਝੋਨੇ ਦੀ ਪੱਕੀ ਫ਼ਸਲ ਦਾ ਭਾਰੀ ਨੁਕਸਾਨ ਕਰ ਦਿੱਤਾ ਹੈ। ਪਿੰਡ ਨਥਾਣਾ, ਗੰਗਾ ਤੇ ਆਸ-ਪਾਸ ਦੇ ਇਲਾਕਿਆਂ ਵਿਚ ਵਾਢੀ ਲਈ ਤਿਆਰ ਖੜ੍ਹੀ ਝੋਨੇ ਦੀ ਫ਼ਸਲ ਕੁਦਰਤ ਦੀ ਮਾਰ ਹੇਠ ਆ ਗਈ ਹੈ। ਕਿਸਾਨਾਂ ਅਨੁਸਾਰ ਕਈ ਖੇਤਾਂ ਵਿਚ ਫ਼ਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ, ਜਦਕਿ ਹੋਰ ਥਾਵਾਂ ’ਤੇ ਵੀ ਭਾਰੀ ਨੁਕਸਾਨ ਹੋਇਆ ਹੈ। ਇਸ ਕੁਦਰਤੀ ਆਫ਼ਤ ਨੇ ਪਹਿਲਾਂ ਹੀ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਕਿਸਾਨੀ ਦੀਆਂ ਚਿੰਤਾਵਾਂ ਹੋਰ ਵਧਾ ਦਿੱਤੀਆਂ ਹਨ। ਪਿੰਡ ਗੰਗਾ ਦੇ ਕਿਸਾਨ ਬਲਕਰਨ ਸਿੰਘ ਨੇ ਦੱਸਿਆ ਕਿ ਉਸ ਦੀ 12 ਏਕੜ ਪੱਕੀ ਹੋਈ ਝੋਨੇ ਦੀ ਫ਼ਸਲ ਗੜੇਮਾਰੀ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਇਸੇ ਪਿੰਡ ਦੇ ਕਿਸਾਨ ਚੰਨੀ ਸਿੰਘ ਦੀ ਵੀ ਨੌਂ ਏਕੜ ਫ਼ਸਲ ਬਰਬਾਦ ਹੋ ਗਈ ਹੈ। ਕਿਸਾਨਾਂ ਨੇ ਦੱਸਿਆ ਕਿ ਫ਼ਸਲ ਪੂਰੀ ਤਰ੍ਹਾਂ ਪੱਕ ਚੁੱਕੀ ਸੀ ਤੇ ਅਗਲੇ ਇਕ-ਦੋ ਦਿਨਾਂ ਵਿਚ ਵਾਢੀ ਸ਼ੁਰੂ ਹੋਣ ਦੀ ਉਮੀਦ ਸੀ, ਪਰ ਮੀਂਹ ਤੇ ਗੜੇਮਾਰੀ ਨੇ ਉਨ੍ਹਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ। ਪਿੰਡ ਨਥਾਣਾ ਦੇ ਕਿਸਾਨ ਰੂਪ ਸਿੰਘ ਦੀ ਚਾਰ ਏਕੜ, ਸੁਖਦੇਵ ਸਿੰਘ ਦੀ 15 ਏਕੜ ਤੇ ਦਰਸ਼ਨ ਸਿੰਘ ਦੀ ਪੰਜ ਏਕੜ ਝੋਨੇ ਦੀ ਫ਼ਸਲ ਨੂੰ ਵੀ ਨੁਕਸਾਨ ਪਹੁੰਚਿਆ ਹੈ। ਇਸ ਤੋਂ ਇਲਾਵਾ ਨੈਬ ਸਿੰਘ ਦੀ ਤਿੰਨ ਏਕੜ, ਬਲਦੇਵ ਸਿੰਘ ਦੀ ਸੱਤ ਏਕੜ, ਰਵੀ ਸਿੰਘ ਦੀ ਸੱਤ ਏਕੜ, ਦਲਜੀਤ ਸਿੰਘ ਦੀ ਪੰਜ ਏਕੜ, ਗੁਰਜੰਟ ਸਿੰਘ ਦੀ ਦੋ ਏਕੜ, ਸੁਖਮੰਦਰ ਸਿੰਘ ਦੀ ਨੌਂ ਏਕੜ, ਗੁਰਸੇਵਕ ਸਿੰਘ ਦੀ ਪੰਜ ਏਕੜ, ਇਕ ਹੋਰ ਕਿਸਾਨ ਸੁਖਮੰਦਰ ਸਿੰਘ ਦੀ ਅੱਠ ਏਕੜ, ਜਗਸੀਰ ਸਿੰਘ ਦੀ 13 ਏਕੜ, ਗੁਰਤੇਜ ਸਿੰਘ ਦੀ ਪੰਜ ਏਕੜ, ਸੁਖਦੇਵ ਸਿੰਘ ਦੀ ਪੰਜ ਏਕੜ ਅਤੇ ਹਰਪ੍ਰੀਤ ਸਿੰਘ ਦੀ 12 ਏਕੜ ਫ਼ਸਲ ਵੀ ਪ੍ਰਭਾਵਿਤ ਹੋਣ ਦੀ ਜਾਣਕਾਰੀ ਮਿਲੀ ਹੈ। ਪਿੰਡ ਗੰਗਾ ਵਿਚ ਵੀ ਨੁਕਸਾਨ ਦਾ ਅੰਕੜਾ ਕਾਫ਼ੀ ਵੱਡਾ ਦੱਸਿਆ ਜਾ ਰਿਹਾ ਹੈ। ਕਿਸਾਨ ਅਮਨਦੀਪ ਸਿੰਘ ਅਤੇ ਸੁਖਮੰਦਰ ਸਿੰਘ ਦੀ 25 ਏਕੜ ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਪੱਕ ਚੁੱਕੀ ਸੀ ਅਤੇ ਅਗਲੇ ਦਿਨਾਂ ਵਿਚ ਇਸ ਦੀ ਕਟਾਈ ਹੋਣੀ ਸੀ, ਪਰ ਗੜੇਮਾਰੀ ਕਾਰਨ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਿਆ। ਇਸੇ ਪਿੰਡ ਦੇ ਅਜਮੇਰ ਸਿੰਘ ਦੀ 12 ਏਕੜ, ਹਰਦੀਪ ਸਿੰਘ ਦੀ ਨੌਂ ਏਕੜ, ਬਲਦੇਵ ਸਿੰਘ ਦੀ 15 ਏਕੜ, ਲਾਭ ਸਿੰਘ ਨੰਬਰਦਾਰ ਦੀ 13 ਏਕੜ, ਬਾਬੂ ਸਿੰਘ ਨੰਬਰਦਾਰ ਦੀ 12 ਏਕੜ, ਵਿਸਾਖਾ ਸਿੰਘ ਦੀ ਅੱਠ ਏਕੜ, ਹੈਪੀ ਸਿੰਘ ਦੀ 14 ਏਕੜ, ਬਸੰਤ ਸਿੰਘ ਤੇਲੂ ਸਰਪੰਚ ਦੀ 20 ਏਕੜ, ਉਗਰ ਸਿੰਘ ਦੀ 12 ਏਕੜ, ਕਰਮੀ ਸਿੰਘ ਦੀ ਛੇ ਏਕੜ, ਜਾਦਵਿੰਦਰ ਸਿੰਘ ਦੀ ਅੱਠ ਏਕੜ, ਹਰਪ੍ਰੀਤ ਸਿੰਘ ਦੀ ਛੇ ਏਕੜ ਅਤੇ ਰੂਪ ਸਿੰਘ ਦੀ ਚਾਰ ਏਕੜ ਝੋਨੇ ਦੀ ਫ਼ਸਲ ਵੀ ਕੁਦਰਤੀ ਆਫ਼ਤ ਦੀ ਲਪੇਟ ਵਿਚ ਆ ਗਈ ਹੈ। ਕਿਸਾਨਾਂ ਦੀ ਮਿਹਨਤ ਤੇ ਖ਼ਰਚੇ ’ਤੇ ਫਿਰਿਆ ਪਾਣੀ ਪੀੜਤ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਝੋਨੇ ਦੀ ਫ਼ਸਲ ਪਾਲਣ ਲਈ ਪ੍ਰਤੀ ਏਕੜ ਹਜ਼ਾਰਾਂ ਰੁਪਏ ਖ਼ਰਚ ਕੀਤੇ ਸਨ। ਫ਼ਸਲ ਪੱਕਣ ਤੋਂ ਬਾਅਦ ਉਨ੍ਹਾਂ ਨੂੰ ਆਸ ਸੀ ਕਿ ਇਸ ਨੂੰ ਵੇਚ ਕੇ ਕਰਜ਼ੇ ਦੀ ਅਦਾਇਗੀ ਕਰਨਗੇ ਅਤੇ ਅਗਲੀ ਕਣਕ ਦੀ ਫ਼ਸਲ ਦੀ ਬਿਜਾਈ ਲਈ ਬੀਜ, ਖਾਦ ਅਤੇ ਹੋਰ ਲੋੜੀਂਦੀਆਂ ਵਸਤਾਂ ਦਾ ਪ੍ਰਬੰਧ ਕਰਨਗੇ। ਪਰ ਵਾਢੀ ਤੋਂ ਐਨ ਪਹਿਲਾਂ ਹੋਈ ਗੜੇਮਾਰੀ ਨੇ ਉਨ੍ਹਾਂ ਦੀ ਸਾਰੀ ਯੋਜਨਾਬੰਦੀ ਵਿਗਾੜ ਦਿੱਤੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਝੋਨੇ ਦੀ ਫ਼ਸਲ ਦਾ ਨੁਕਸਾਨ ਹੋਣ ਕਾਰਨ ਹੁਣ ਉਨ੍ਹਾਂ ਸਾਹਮਣੇ ਅਗਲੀ ਫ਼ਸਲ ਦੀ ਬਿਜਾਈ ਅਤੇ ਘਰੇਲੂ ਖ਼ਰਚੇ ਪੂਰੇ ਕਰਨ ਦੀ ਚੁਣੌਤੀ ਖੜ੍ਹੀ ਹੋ ਗਈ ਹੈ। ਕਈ ਕਿਸਾਨ ਪਹਿਲਾਂ ਹੀ ਕਰਜ਼ੇ ਦੇ ਬੋਝ ਹੇਠ ਦੱਬੇ ਹੋਏ ਹਨ ਅਤੇ ਇਸ ਨੁਕਸਾਨ ਨਾਲ ਉਨ੍ਹਾਂ ਦੀ ਆਰਥਿਕ ਹਾਲਤ ਹੋਰ ਕਮਜ਼ੋਰ ਹੋਣ ਦਾ ਖ਼ਦਸ਼ਾ ਹੈ। ਪੀੜਤ ਕਿਸਾਨਾਂ ਨੇ ਸਰਕਾਰ ਅਤੇ ਸਬੰਧਤ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪ੍ਰਭਾਵਿਤ ਖੇਤਾਂ ਦੀ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇ, ਨੁਕਸਾਨ ਦਾ ਸਹੀ ਮੁਲਾਂਕਣ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ, ਤਾਂ ਜੋ ਉਹ ਇਸ ਮੁਸ਼ਕਲ ਘੜੀ ਵਿੱਚੋਂ ਨਿਕਲ ਕੇ ਅਗਲੀ ਫ਼ਸਲ ਦੀ ਬਿਜਾਈ ਕਰ ਸਕਣ। ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਫ਼ਸਲ ਦਾ ਜਾਇਜ਼ਾ ਲਿਆ ਇਸੇ ਦੌਰਾਨ ਹਲਕਾ ਭੁੱਚੋ ਮੰਡੀ ਤੋਂ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਆਪਣੀ ਟੀਮ ਸਮੇਤ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਕੇ ਨੁਕਸਾਨੀ ਗਈ ਝੋਨੇ ਦੀ ਫ਼ਸਲ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਸਬੰਧਤ ਅਧਿਕਾਰੀਆਂ ਨਾਲ ਗੱਲ ਕਰਕੇ ਜਲਦ ਤੋਂ ਜਲਦ ਫ਼ਸਲਾਂ ਦੀ ਗਿਰਦਾਵਰੀ ਕਰਵਾਉਣ ਅਤੇ ਪ੍ਰਭਾਵਿਤ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿਵਾਉਣ ਲਈ ਯਤਨ ਕਰਨਗੇ। ਇਸ ਮੌਕੇ ਉਨ੍ਹਾਂ ਦੇ ਨਾਲ ਮਾਰਕੀਟ ਕਮੇਟੀ ਨਥਾਣਾ ਦੇ ਚੇਅਰਮੈਨ ਜਗਜੀਤ ਸਿੰਘ ਜੱਗੀ ਅਤੇ ਬਲਾਕ ਪ੍ਰਧਾਨ ਹਰਪਾਲ ਸਿੰਘ ਪਾਲ ਵੀ ਹਾਜ਼ਰ ਸਨ