ਹੈੱਡ ਟੀਚਰ ਗੁਰਵੀਰ ਗਿੱਲ ਨੂੰ ਮਿਲਿਆ ਰਾਜ ਪੁਰਸਕਾਰ ਸਰਕਾਰੀ ਪ੍ਰਾਇਮਰੀ ਸਕੂਲ ਬਲਾਹੜ ਵਿੰਝੂ ਦੇ ਹੈੱਡ ਟੀਚਰ ਗੁਰਵੀਰ ਸਿੰਘ ਗਿੱਲ ਨੂੰ ਮਿਲਿਆ ਰਾਜ ਪੁਰਸਕਾਰ
Publish Date: Wed, 09 Sep 2026 07:10 PM (IST)
Updated Date: Thu, 10 Sep 2026 04:05 AM (IST)
ਫੋਟੋ : 4 ਕੈਪ਼ਸਨ : ਰਾਜ ਪੁਰਸਕਾਰ ਨਾਲ ਸਨਮਾਨਿਤ ਸਰਕਾਰੀ ਪ੍ਰਾਇਮਰੀ ਸਕੂਲ ਬਲਾਹੜ ਵਿੰਝੂ ਦੇ ਹੈੱਡ ਟੀਚਰ ਗੁਰਵੀਰ ਸਿੰਘ ਗਿੱਲ ਦਾ ਸਾਥੀ ਅਧਿਆਪਕ ਤੇ ਸਹਿਯੋਗੀ ਸਨਮਾਨਿਤ ਕਰਦੇ ਹੋਏ। ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਸਰਕਾਰੀ ਪ੍ਰਾਇਮਰੀ ਸਕੂਲ ਬਲਾਹੜ ਵਿੰਝੂ ਦੇ ਹੈੱਡ ਟੀਚਰ ਗੁਰਵੀਰ ਸਿੰਘ ਗਿੱਲ ਨੂੰ ਪੰਜਾਬ ਸਰਕਾਰ ਵੱਲੋਂ ‘ਰਾਜ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ਵੱਕਾਰੀ ਸਨਮਾਨ ਮਿਲਣ ਨਾਲ ਸਮੁੱਚੇ ਇਲਾਕੇ, ਸਿੱਖਿਆ ਜਗਤ, ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕ ਵਰਗ ਵਿਚ ਖੁਸ਼ੀ ਦੀ ਲਹਿਰ ਹੈ। ਗੁਰਵੀਰ ਸਿੰਘ ਗਿੱਲ ਨੇ ਪਿਛਲੇ ਕੁਝ ਸਾਲਾਂ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ ਭਾਈ ਰੂਪਾ ਲੜਕੇ, ਪੂਹਲੀ, ਧਿੰਗੜ ਅਤੇ ਬਲਾਹੜ ਵਿੰਝੂ ਦੀ ਨੁਹਾਰ ਬਦਲਣ ਲਈ ਸ਼ਲਾਘਾਯੋਗ ਕੰਮ ਕੀਤਾ ਹੈ। ਉਨ੍ਹਾਂ ਦੇ ਯਤਨਾਂ ਸਦਕਾ ਸਕੂਲਾਂ ਵਿਚ ਆਧੁਨਿਕ ਕਮਰਿਆਂ ਦੀ ਉਸਾਰੀ, ਖੇਡ ਮੈਦਾਨਾਂ ਦੀ ਤਿਆਰੀ ਅਤੇ ਵਿਦਿਆਰਥੀਆਂ ਲਈ ਸੁੰਦਰ ਤੇ ਸਿੱਖਿਆ-ਅਨੁਕੂਲ ਵਾਤਾਵਰਨ ਸਿਰਜਿਆ ਗਿਆ। ਉਹ ਬਲਾਕ ਅਤੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿਚ ਬੱਚਿਆਂ ਨੂੰ ਤਿਆਰ ਕਰਨ ਅਤੇ ਖੇਡ ਸਮਾਗਮਾਂ ਦੇ ਸਫ਼ਲ ਆਯੋਜਨ ਵਿਚ ਵੀ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਹਨ। ਆਪਣੀ ਪੇਸ਼ੇਵਰ ਯੋਗਤਾ ਵਿਚ ਵਾਧੇ ਲਈ ਉਨ੍ਹਾਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਕਈ ਸਿਖਲਾਈਆਂ ਹਾਸਲ ਕੀਤੀਆਂ ਹਨ। ਉਨ੍ਹਾਂ ਨੇ ਫ਼ਿਨਲੈਂਡ ਦੀ ਤੁਰਕੂ ਯੂਨੀਵਰਸਿਟੀ ਵਿਖੇ 21 ਰੋਜ਼ਾ ਵਿਸ਼ੇਸ਼ ਅਧਿਆਪਕ ਸਿਖਲਾਈ ਤੋਂ ਇਲਾਵਾ ਰਿਸ਼ੀ ਵੈਲੀ, ਆਂਧਰਾ ਪ੍ਰਦੇਸ਼ ਵਿਖੇ ਐੱਮਜੀਐੱਮਐੱਲ ਸਬੰਧੀ ਸਿਖਲਾਈ ਵੀ ਪ੍ਰਾਪਤ ਕੀਤੀ। ਗੁਰਵੀਰ ਸਿੰਘ ਗਿੱਲ ਨੂੰ ਰਾਜ ਪੁਰਸਕਾਰ ਮਿਲਣ ’ਤੇ ਜ਼ਿਲ੍ਹਾ ਤੇ ਬਲਾਕ ਪੱਧਰੀ ਸਿੱਖਿਆ ਅਧਿਕਾਰੀਆਂ, ਸਿੱਖਿਆ ਵਿੰਗ ਦੇ ਆਗੂਆਂ, ਸਕੂਲ ਸਟਾਫ਼ ਤੇ ਇਲਾਕਾ ਵਾਸੀਆਂ ਨੇ ਮੁਬਾਰਕਬਾਦ ਦਿੱਤੀ।