ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਖੇਲ ਸੰਵਾਦ ਵਿਚ ਭਾਗੀਦਾਰੀ ਨਾਲ ਸਮਾਪਤ ਹੋਇਆ ਗੁਰੂ ਕਾਸ਼ੀ ਯੂਨੀਵਰਸਿਟੀ ਦਾ ਤਿੰਨ ਰੋਜ਼ਾ ਬੂਟ ਕੈਂਪ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਖੇਲ ਸੰਵਾਦ ਵਿਚ ਭਾਗੀਦਾਰੀ ਨਾਲ ਸਮਾਪਤ ਹੋਇਆ ਗੁਰੂ ਕਾਸ਼ੀ ਯੂਨੀਵਰਸਿਟੀ ਦਾ ਤਿੰਨ ਰੋਜ਼ਾ ਬੂਟ ਕੈਂਪ
Publish Date: Sat, 29 Aug 2026 04:32 PM (IST)
Updated Date: Sat, 29 Aug 2026 04:34 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ, ਭਾਰਤ ਸਰਕਾਰ ਦੇ ਯੁਵਾ ਅਤੇ ਖੇਡ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਡਾਇਰੈਕਟਰ ਵਿਦਿਆਰਥੀ ਭਲਾਈ ਦੀ ਰਹਿਨੁਮਾਈ ਹੇਠ ਰਾਸ਼ਟਰੀ ਸੇਵਾ ਯੋਜਨਾ (ਐੱਨ.ਐੱਸ.ਐੱਸ.) ਵਿਭਾਗ ਵੱਲੋਂ ਤਿੰਨ ਰੋਜ਼ਾ ਬੂਟ ਕੈਂਪ ਕਰਵਾਇਆ ਗਿਆ। ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਵਾਈਸ ਚਾਂਸਲਰ ਡਾ. ਬਲਰਾਜ ਸਿੰਘ ਨੇ ਕੀਤਾ, ਜਦਕਿ ਪ੍ਰੋ. ਵਾਈਸ ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਕੈਂਪ ਦੀ ਕਾਰਵਾਈ ਜ਼ਿਲ੍ਹਾ ਯੁਵਾ ਅਫ਼ਸਰ ਮੈਡਮ ਮੀਸ਼ਾ ਅਤੇ ਐੱਨ.ਐੱਸ.ਐੱਸ. ਕੋਆਰਡੀਨੇਟਰ ਨਰਿੰਦਰ ਕੌਰ ਦੀ ਦੇਖ-ਰੇਖ ਹੇਠ ਸੁਚਾਰੂ ਢੰਗ ਨਾਲ ਚਲਾਈ ਗਈ। ਪਹਿਲੇ ਦਿਨ ਡਾ. ਸੰਜੀਵ ਪਾਠਕ, ਧੀਰਜ ਗੋਇਲ ਅਤੇ ਵੀਨਾ ਪਾਠਕ ਨੇ ਸਰੋਤ ਵਿਅਕਤੀਆਂ ਵਜੋਂ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਵਾਈਸ ਚਾਂਸਲਰ ਡਾ. ਬਲਰਾਜ ਸਿੰਘ ਨੇ ਵਿਦਿਆਰਥੀਆਂ ਨੂੰ ਆਪਣੇ ਨਿਰਧਾਰਤ ਟੀਚਿਆਂ ਦੀ ਪ੍ਰਾਪਤੀ ਲਈ ਤਨਦੇਹੀ ਅਤੇ ਇਮਾਨਦਾਰੀ ਨਾਲ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਤੰਦਰੁਸਤ ਅਤੇ ਮਜ਼ਬੂਤ ਸਮਾਜ ਦੀ ਸਿਰਜਣਾ ਵਿੱਚ ਨੌਜਵਾਨਾਂ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਹੈ। ਮੁੱਖ ਬੁਲਾਰੇ ਡਾ. ਜਗਤਾਰ ਸਿੰਘ ਧੀਮਾਨ ਨੇ ਨੌਜਵਾਨਾਂ ਨੂੰ ਨਸ਼ਾ, ਅਨਪੜ੍ਹਤਾ ਅਤੇ ਦਾਜ ਵਰਗੀਆਂ ਸਮਾਜਿਕ ਕੁਰੀਤੀਆਂ ਦੇ ਖ਼ਾਤਮੇ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਕੈਂਪ ਦੇ ਦੂਜੇ ਦਿਨ ਡਾਇਰੈਕਟਰ ਖੇਡਾਂ ਡਾ. ਬਲਵਿੰਦਰ ਸਿੰਘ ਨੇ ਖੇਡਾਂ ਦੇ ਮਹੱਤਵ ਅਤੇ ਵਿਅਕਤੀਤਵ ਨਿਰਮਾਣ ਵਿੱਚ ਉਨ੍ਹਾਂ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ। ਡਾਇਰੈਕਟਰ ਵਿਦਿਆਰਥੀ ਭਲਾਈ ਸਰਦੂਲ ਸਿੰਘ ਸਿੱਧੂ ਨੇ ਵਿਦਿਆਰਥੀਆਂ ਨੂੰ ਅਨੁਸ਼ਾਸਨ ਵਿੱਚ ਰਹਿਣ ਅਤੇ ਸਮੇਂ ਦੀ ਕਦਰ ਕਰਨ ਲਈ ਪ੍ਰੇਰਿਤ ਕੀਤਾ। ਤੀਜੇ ਦਿਨ ਲਗਭਗ 150 ਵਲੰਟੀਅਰਾਂ ਅਤੇ ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ‘ਖੇਲ ਸੰਵਾਦ–ਖੇਲ ਕੀ ਬਾਤ ਮੋਦੀ ਕੇ ਸਾਥ’ ਵਿੱਚ ਹਿੱਸਾ ਲਿਆ। ਇਸ ਮੌਕੇ ਵਿਦਿਆਰਥੀਆਂ ਨੇ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਅਤੇ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਦਾ ਪ੍ਰਣ ਲਿਆ। ਖੇਡ ਦਿਵਸ ਮੌਕੇ ਅੰਤਰ-ਯੂਨੀਵਰਸਿਟੀ ਪੱਧਰ ’ਤੇ ਤਗਮੇ ਜਿੱਤਣ ਵਾਲੀਆਂ ਗੱਤਕਾ ਖਿਡਾਰਨਾਂ ਖੁਸ਼ਪ੍ਰੀਤ ਕੌਰ, ਅਮਨਪ੍ਰੀਤ ਕੌਰ ਅਤੇ ਮਨਜੋਤ ਕੌਰ ਨੂੰ ਸਨਮਾਨਿਤ ਕੀਤਾ ਗਿਆ। ਕੈਂਪ ਦੀ ਸਫਲਤਾ ’ਤੇ ਯੂਨੀਵਰਸਿਟੀ ਪ੍ਰਬੰਧਕਾਂ ਅਤੇ ਅਧਿਕਾਰੀਆਂ ਨੇ ਐੱਨ.ਐੱਸ.ਐੱਸ. ਕੋਆਰਡੀਨੇਟਰ ਸਮੇਤ ਸਮੂਹ ਵਲੰਟੀਅਰਾਂ ਨੂੰ ਵਧਾਈ ਦਿੱਤੀ।