ਕੌਮੀ ਗੱਤਕਾ ਚੈਂਪੀਅਨਸ਼ਿਪ ’ਚ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਜਿੱਤੇ 9 ਸੋਨ ਤਗਮੇ ਕੌਮੀ ਗੱਤਕਾ ਚੈਂਪੀਅਨਸ਼ਿਪ ’ਚ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਜਿੱਤੇ 9 ਸੋਨ ਤਗਮੇ
Publish Date: Mon, 12 Oct 2026 04:55 PM (IST)
Updated Date: Mon, 12 Oct 2026 04:56 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ, ਗੱਤਕਾ ਫੈਡਰੇਸ਼ਨ ਆਫ ਇੰਡੀਆ ਵੱਲੋਂ ਸ਼੍ਰੀਨਗਰ ਦੇ ਸ਼ੇਰੇ-ਕਸ਼ਮੀਰ ਸਟੇਡੀਅਮ ਵਿਖੇ ਕਰਵਾਈ ਗਈ 10ਵੀਂ ਸੀਨੀਅਰ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਵਿਚ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 9 ਸੋਨ ਤਗਮੇ ਜਿੱਤੇ। ਇਨ੍ਹਾਂ ਖਿਡਾਰੀਆਂ ਦੀਆਂ ਪ੍ਰਾਪਤੀਆਂ ਸਦਕਾ ਪੰਜਾਬ ਦੀ ਟੀਮ ਨੇ 182 ਅੰਕ ਹਾਸਲ ਕਰਕੇ ਓਵਰਆਲ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ। ਮੁਕਾਬਲੇ ਵਿੱਚ ਦਿੱਲੀ ਦੀ ਟੀਮ 91 ਅੰਕਾਂ ਨਾਲ ਪਹਿਲੇ ਰਨਰਅੱਪ ਤੇ ਚੰਡੀਗੜ੍ਹ ਦੀ ਟੀਮ 63 ਅੰਕਾਂ ਨਾਲ ਦੂਜੇ ਰਨਰਅੱਪ ਸਥਾਨ ’ਤੇ ਰਹੀ। ਚੈਂਪੀਅਨਸ਼ਿਪ ਵਿਚ ਦੇਸ਼ ਭਰ ਦੀਆਂ 18 ਟੀਮਾਂ ਦੇ 490 ਖਿਡਾਰੀਆਂ ਨੇ ਹਿੱਸਾ ਲਿਆ। ਯੂਨੀਵਰਸਿਟੀ ਦੇ ਖਿਡਾਰੀਆਂ ਨੇ ਵੱਖ-ਵੱਖ ਉਮਰ ਵਰਗਾਂ ਅਤੇ ਮੁਕਾਬਲਿਆਂ ਵਿੱਚ ਆਪਣੀ ਖੇਡ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮੇ ਜਿੱਤੇ। ਅੰਡਰ-25 ਸਿੰਗਲ ਸੋਟੀ ਟੀਮ ਮੁਕਾਬਲੇ ਵਿੱਚ ਅਮਨਜੋਤ ਸਿੰਘ, ਅੰਗਦਜੋਤ ਸਿੰਘ, ਤੇਜ ਪ੍ਰਤਾਪ ਸਿੰਘ ਅਤੇ ਗੁਰਸੇਵਕ ਸਿੰਘ ਦੀ ਟੀਮ ਨੇ ਸੋਨ ਤਗਮਾ ਜਿੱਤਿਆ। ਗੁਰਸੇਵਕ ਸਿੰਘ ਨੇ ਵਿਅਕਤੀਗਤ ਸਿੰਗਲ ਸੋਟੀ ਮੁਕਾਬਲੇ ਵਿਚ ਵੀ ਸੋਨ ਤਗਮਾ ਆਪਣੇ ਨਾਂ ਕੀਤਾ। ਮਨਜੀਤ ਸਿੰਘ ਨੇ ਅੰਡਰ-25 ਵਿਅਕਤੀਗਤ ਫਰੀ ਸੋਟੀ ਮੁਕਾਬਲੇ ਅਤੇ ਆਕਾਸ਼ਦੀਪ ਸਿੰਘ ਨੇ ਅੰਡਰ-25 ਟੀਮ ਡੈਮੋ ਮੁਕਾਬਲੇ ਵਿਚ ਸੋਨ ਤਗਮਾ ਜਿੱਤਿਆ। ਇਸੇ ਤਰ੍ਹਾਂ ਸੁਮਨਦੀਪ ਕੌਰ ਨੇ ਅੰਡਰ-25 ਵਿਅਕਤੀਗਤ ਸਿੰਗਲ ਸੋਟੀ, ਆਰਤੀ ਨੇ ਅੰਡਰ-30 ਵਿਅਕਤੀਗਤ ਸਿੰਗਲ ਸੋਟੀ ਤੇ ਸੁਖਵੀਰ ਕੌਰ ਨੇ ਅੰਡਰ-30 ਵਿਅਕਤੀਗਤ ਫਰੀ ਸੋਟੀ ਮੁਕਾਬਲੇ ਵਿਚ ਸੋਨ ਤਗਮੇ ਜਿੱਤੇ। ਇਸ ਤੋਂ ਇਲਾਵਾ ਅਰਸ਼ਦੀਪ ਕੌਰ, ਅਮਨਦੀਪ ਕੌਰ, ਮਨਦੀਪ ਕੌਰ, ਰਜਿੰਦਰ ਕੌਰ, ਭੁਪਿੰਦਰ ਕੌਰ ਅਤੇ ਹੁਸਨਪ੍ਰੀਤ ਕੌਰ ਦੀ ਟੀਮ ਨੇ ਡੈਮੋ ਮੁਕਾਬਲੇ ਵਿੱਚ ਸੋਨ ਤਗਮਾ ਹਾਸਲ ਕੀਤਾ। ਇਨ੍ਹਾਂ ਪ੍ਰਾਪਤੀਆਂ ਨਾਲ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਪੰਜਾਬ ਦੀ ਓਵਰਆਲ ਚੈਂਪੀਅਨਸ਼ਿਪ ਵਿੱਚ ਅਹਿਮ ਯੋਗਦਾਨ ਪਾਇਆ। ਜੇਤੂ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਲਈ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਚਾਂਸਲਰ ਗੁਰਲਾਭ ਸਿੰਘ ਸਿੱਧੂ ਅਤੇ ਵਾਈਸ ਚਾਂਸਲਰ ਡਾ. ਬਲਰਾਜ ਸਿੰਘ ਨੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਡਾਇਰੈਕਟਰ ਕੈਂਪਸ ਡਾ. ਹਰਜਸਪਾਲ ਸਿੰਘ ਸਿੱਧੂ ਅਤੇ ਹੋਰ ਯੂਨੀਵਰਸਿਟੀ ਅਧਿਕਾਰੀਆਂ ਨੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਵਾਈਸ ਚਾਂਸਲਰ ਡਾ. ਬਲਰਾਜ ਸਿੰਘ ਨੇ ਇਸ ਸਫਲਤਾ ਦਾ ਸਿਹਰਾ ਡਾਇਰੈਕਟਰ ਖੇਡਾਂ ਡਾ. ਬਲਵਿੰਦਰ ਕੁਮਾਰ ਸ਼ਰਮਾ ਦੀ ਅਗਵਾਈ ਅਤੇ ਗੱਤਕਾ ਕੋਚ ਹਰਜਿੰਦਰ ਸਿੰਘ ਕਿੱਲੀ ਤੇ ਹਰਮਨਪ੍ਰੀਤ ਕੌਰ ਦੀ ਮਿਹਨਤ ਨੂੰ ਦਿੱਤਾ।