ਵਿਸ਼ਵ ਭੋਜਨ ਦਿਵਸ ਮੌਕੇ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਸੈਮੀਨਾਰ ਤੇ ਪੋਸਟਰ ਪ੍ਰਦਰਸ਼ਨੀ ਲਗਾਈ ਵਿਸ਼ਵ ਭੋਜਨ ਦਿਵਸ ਮੌਕੇ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਸੈਮੀਨਾਰ ਅਤੇ ਪੋਸਟਰ ਪ੍ਰਦਰਸ਼ਨੀ ਦਾ ਆਯੋਜਨ
Publish Date: Sun, 18 Oct 2026 04:53 PM (IST)
Updated Date: Sun, 18 Oct 2026 04:54 PM (IST)
ਖੁਸ਼ਦੀਪ ਸਿੰਘ ਗਿੱਲ ਪੰਜਾਬੀ ਜਾਗਰਣ ਤਲਵੰਡੀ ਸਾਬੋ, ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਐਗਰੀਕਲਚਰ ਵੱਲੋਂ ਵਿਸ਼ਵ ਭੋਜਨ ਦਿਵਸ ਮੌਕੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਇਸ ਨਾਲ ਸੰਬੰਧਿਤ ਪੋਸਟਰ ਮੁਕਾਬਲੇ ਕਰਵਾਏ ਗਏ ਤੇ ਉਨ੍ਹਾਂ ਦੀ ਨੁਮਾਇਸ਼ ਲਗਾਈ ਗਈ। ਸੈਮੀਨਾਰ ਵਿਚ ਡਾ. ਬਲਰਾਜ ਸਿੰਘ ਵਾਈਸ ਚਾਂਸਲਰ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ, ਜਦ ਕਿ ਡਾ. ਜਗਤਾਰ ਸਿੰਘ ਧੀਮਾਨ ਪਰੋ. ਵਾਈਸ ਚਾਂਸਲਰ ਨੇ ਆਪਣੇ ਸੁਆਗਤੀ ਭਾਸ਼ਣ ਵਿਚ ਭੋਜਨ ਦੀ ਮਹਤੱਤਾ, ਇਤਿਹਾਸ, ਬਦਲਾਵ ਤੇ ਇਸ ਨਾਲ ਜੁੜੇ ਇਤਿਹਾਸਿਕ ਤੱਥਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਮੁੱਖ ਬੁਲਾਰਾ ਡਾ. ਸਿੰਘ ਨੇ ਵਿਦਿਆਰਥੀਆਂ ਨੂੰ ਖੁਰਾਕ ਉਤਪਾਦਨ ਦੇ ਖੇਤਰ ਵਿੱਚ ਭਾਰਤ ਵੱਲੋਂ ਕੀਤੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਉਹਨਾਂ ਲੋਕਾਂ ਵੱਲੋਂ ਕੀਤੀ ਜਾਂਦੀ ਭੋਜਨ ਦੀ ਬਰਬਾਦੀ ਨੂੰ ਰੋਕਣ ਲਈ ਜਾਗਰੂਕ ਰਹਿਣ ਦੀ ਗੱਲ ਆਖੀ। ਪਰੋਂ. ਵਾਈਸ ਚਾਂਸਲਰ ਡਾ. ਧੀਮਾਨ ਨੇ ਦੱਸਿਆ ਕਿ ਭਾਰਤ ਆਜ਼ਾਦੀ ਸਮੇਂ ਆਪਣੇ ਲਈ ਵਿਦੇਸ਼ਾਂ ਤੋਂ ਅਨਾਜ ਦਾ ਆਯਾਤ ਕਰਦਾ ਸੀ, ਪਰ ਹੁਣ ਭਾਰਤੀ ਖੇਤੀ ਵਿਗਿਆਨੀਆਂ ਦੇ ਯਤਨਾਂ, ਕਿਸਾਨਾਂ ਦੀ ਮਿਹਨਤ ਅਤੇ ਸਰਕਾਰਾਂ ਦੀਆਂ ਕਿਸਾਨ ਹਿਤੈਸ਼ੀ ਨੀਤੀਆਂ ਸਦਕਾ ਭਾਰਤ ਕਰੋੜਾਂ ਲੋਕਾਂ ਨੂੰ ਭੋਜਨ ਉਪਲੱਬਧ ਕਰਵਾਉਣ ਤੋਂ ਬਾਦ ਵੀ ਅਨਾਜ ਦਾ ਨਿਰਯਾਤ ਕਰਦਾ ਹੈ। ਉਹਨਾਂ ਹਰੀ-ਕ੍ਰਾਂਤੀ ਦਹਾਕੇ ਵਿੱਚ ਖੇਤੀ ਦੇ ਖੇਤਰ ਵਿੱਚ ਭਾਰਤੀ ਕਿਸਾਨਾਂ ਵੱਲੋਂ ਕੀਤੀ ਤਰੱਕੀ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ. ਧੀਮਾਨ ਨੇ ਭੋਜਨ ਸੁਰੱਖਿਆ, ਪੋਸ਼ਟਿਕਤਾ, ਜਨ ਸਿਹਤ, ਅਤੇ ਵਾਤਾਵਰਣ ਸੁਰੱਖਿਆ ਬਾਰੇ ਵੀ ਵਿਚਾਰ ਸਾਂਝੇ ਕੀਤੇ। ਡਾ. ਕੰਵਲਜੀਤ ਕੌਰ ਨਿਰਦੇਸ਼ਕ ਯੁਵਾ ਮਾਮਲੇ ਅਤੇ ਸੱਭਿਆਚਾਰ ਅਤੇ ਡਾ. ਧੀਮਾਨ ਨੇ ਵਿਦਿਆਰਥੀਆਂ ਵੱਲੋਂ ਭੋਜਨ ਸੁਰੱਖਿਆ ਨਾਲ ਸੰਬੰਧਿਤ ਬਣਾਏ ਪੋਸਟਰਾਂ ਲਈ ਜੱਜ ਦੀ ਭੂਮਿਕਾ ਅਦਾ ਕੀਤੀ। ਜਦ ਕਿ ਡਾ. ਬਹਾਦਰਜੀਤ ਸਿੰਘ ਨੇ ਧੰਨਵਾਦੀ ਸ਼ਬਦ ਕਹੇ। ਆਯੋਜਕਾਂ ਵੱਲੋਂ ਜੇਤੂਆਂ ਨੂੰ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ।