ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸ਼ਾਨਦਾਰ ਗ੍ਰੈਜੂਏਸ਼ਨ ਸਮਾਰੋਹ ਕਰਵਾਇਆ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸ਼ਾਨਦਾਰ ਗ੍ਰੈਜੂਏਸ਼ਨ ਸਮਾਰੋਹ ਦਾ ਆਯੋਜਨ
Publish Date: Sat, 25 Jul 2026 04:21 PM (IST)
Updated Date: Sat, 25 Jul 2026 04:23 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਅਕਾਦਮਿਕ ਪ੍ਰੋਗਰਾਮ ਸਫ਼ਲਤਾ ਪੂਰਵਕ ਪੂਰੇ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਸਨਮਾਨ ਲਈ ਸ਼ਾਨਦਾਰ ਗ੍ਰੈਜੂਏਸ਼ਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਮਾਰੋਹ ਦੌਰਾਨ ਵੱਖ-ਵੱਖ ਦੇਸ਼ਾਂ ਤੋਂ ਆਏ ਵਿਦਿਆਰਥੀਆਂ ਦੀਆਂ ਅਕਾਦਮਿਕ ਪ੍ਰਾਪਤੀਆਂ ਦਾ ਜਸ਼ਨ ਮਨਾਇਆ ਗਿਆ ਤੇ ਉਨ੍ਹਾਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਇਸ ਮੌਕੇ ਵਾਈਸ ਚਾਂਸਲਰ ਪ੍ਰੋ. (ਡਾ.) ਬਲਰਾਜ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਪ੍ਰੋ. ਵਾਈਸ ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ, ਡਾ. ਪੀਯੂਸ਼ ਵਰਮਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ ਤੇ ਹਰਮਨਜੋਤ ਸਿੰਘ ਸਿੱਧੂ ਨੇ ਪ੍ਰਬੰਧਕੀ ਕਮੇਟੀ ਦੀ ਪ੍ਰਤੀਨਿਧਤਾ ਕੀਤੀ। ਇਸ ਮੌਕੇ ਮੁੱਖ ਮਹਿਮਾਨ ਵਾਈਸ ਚਾਂਸਲਰ ਡਾ. ਸਿੰਘ ਨੇ ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਿਸੇ ਵੀ ਵਿੱਦਿਅਕ ਪ੍ਰੋਗਰਾਮ ਦੀ ਸਫ਼ਲਤਾ ਪੂਰਵਕ ਸਮਾਪਤੀ ਹਰ ਵਿਦਿਆਰਥੀ ਦੇ ਜੀਵਨ ਦਾ ਮਹੱਤਵਪੂਰਨ ਪਲ ਹੁੰਦਾ ਹੈ। ਆਪਣੇ ਵਿਦਾਇਗੀ ਸੰਬੋਧਨ ਵਿਚ ਵਿਸ਼ੇਸ਼ ਮਹਿਮਾਨ ਪ੍ਰੋ. (ਡਾ.) ਜਗਤਾਰ ਸਿੰਘ ਧੀਮਾਨ ਨੇ ਜੀਕੇਯੂ ਦੀ ਵੱਧ ਰਹੀ ਅੰਤਰਰਾਸ਼ਟਰੀ ਸਾਖ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੀਕੇਯੂ ਦੇ ਵਿਦਿਆਰਥੀਆਂ ਨੇ ਦੁਨੀਆਂ ਦੇ ਕਈ ਦੇਸ਼ਾਂ ਵਿਚ ਅਕਾਦਮਿਕ ਅਤੇ ਪੇਸ਼ੇਵਰ ਪ੍ਰਾਪਤੀਆਂ ਕਰਕੇ ਵਰਸਿਟੀ ਦਾ ਨਾਮ ਉੱਚਾ ਕੀਤਾ ਹੈ। ਆਪਣੇ ਧੰਨਵਾਦੀ ਭਾਸ਼ਣ ਵਿਚ ਪਰੋ. ਵਾਈਸ ਚਾਂਸਲਰ ਡਾ. ਵਰਮਾ ਨੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਵਿਸ਼ੇਸ਼ ਲੋੜਾਂ ਨੂੰ ਧਿਆਨ ਵਿਚ ਰੱਖਦਿਆਂ ਆਪਣੇ ਅਕਾਦਮਿਕ ਪ੍ਰੋਗਰਾਮਾਂ ਅਤੇ ਪਾਠਕ੍ਰਮ ਦੀ ਨਿਰੰਤਰ ਸਮੀਖਿਆ ਅਤੇ ਪੁਨਰ-ਤਰਜੀਹ ਕੀਤੀ ਜਾਂਦੀ ਹੈ। ਡਾਇਰੈਕਟਰ, ਇੰਟਰਨੈਸ਼ਨਲ ਡਿਵੀਜ਼ਨ ਡਾ. ਵਿਕਾਸ ਗੁਪਤਾ ਨੇ ਦੱਸਿਆ ਕਿ ਸਮਾਰੋਹ ਦੌਰਾਨ ਤਨਜ਼ਾਨੀਆਂ, ਮਲਾਵੀ, ਜ਼ਿੰਬਾਬਵੇ ਅਤੇ ਨੰਮਬੀਬੀਆ ਨਾਲ ਸਬੰਧਤ 45 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ, ਜਿਨ੍ਹਾਂ ਵਿਚੋਂ 20 ਵਿਦਿਆਰਥੀਆਂ ਨੇ ਸਮਾਰੋਹ ਵਿਚ ਨਿੱਜੀ ਤੌਰ ’ਤੇ ਆਪਣੀਆਂ ਡਿਗਰੀਆਂ ਪ੍ਰਾਪਤ ਕੀਤੀਆਂ। ਸਮਾਰੋਹ ਦੌਰਾਨ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਇਕ ਰੰਗਾਰੰਗ ਸੱਭਿਆਰਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ, ਜਿਸ ਦੀ ਸਮੁੱਚੀ ਅਗਵਾਈ ਯੂਨੀਵਰਸਿਟੀ ਦੀ ਡਾਇਰੈਕਟਰ, ਯੂਥ ਅਫੇਅਰਜ਼ ਐਂਡ ਕਲਚਰ, ਡਾ. ਕੰਵਲਜੀਤ ਕੌਰ ਨੇ ਕੀਤੀ। ਪ੍ਰੋਗਰਾਮ ਵਿਚ ਇੰਡੋ-ਅਫਰੀਕਨ ਡਾਂਸ ਫਿਊਜ਼ਨ, ਭੰਗੜਾ, ਹਰਿਆਣਵੀ ਨਾਚ ਝੂਮਰ ਅਤੇ ਰਾਜਸਥਾਨੀ ਡਾਂਸ ਦੀਆਂ ਮਨਮੋਹਕ ਪੇਸ਼ਕਾਰੀਆਂ ਰਾਹੀਂ ਭਾਰਤ ਦੀ ਅਮੀਰ ਸੱਭਿਆਚਾਰਕ ਵਿਭਿੰਨਤਾ ਦੀ ਝਲਕ ਪੇਸ਼ ਕੀਤੀ ਗਈ। ਮੰਚ ਸੰਚਾਲਨ ਦੀ ਭੂਮਿਕਾ ਡਾ. ਜੀਨੀਅਸ ਵਾਲੀਆ ਨੇ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਈ।