- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਐਂਟੀ ਰੈਗਿੰਗ ਜਾਗਰੂਕਤਾ ਸਪਤਾਹ ਦਾ ਆਗਾਜ਼

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ
ਤਲਵੰਡੀ ਸਾਬੋ : ਯੂਨੀਵਰਸਿਟੀ ਗ੍ਰਾਂਟ ਕਮਿਸ਼ਨ, ਭਾਰਤ ਸਰਕਾਰ ਦੇ ਯੁਵਾ ਅਤੇ ਖੇਡ ਮੰਤਰਾਲੇ ਅਤੇ ਸੁਪਰੀਮ ਕੋਰਟ ਆਫ਼ ਇੰਡੀਆ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ਼ ਵਿਦਿਆਰਥੀ ਭਲਾਈ ਵੱਲੋਂ ਐਂਟੀ ਰੈਗਿੰਗ ਜਾਗਰੂਕਤਾ ਸਪਤਾਹ ਦੀ ਸ਼ੁਰੂਆਤ ਸੈਮੀਨਾਰ ਕਰਵਾ ਕੇ ਕੀਤੀ ਗਈ। ਸੈਮੀਨਾਰ ਵਿਚ ਪ੍ਰੋ. ਵਾਈਸ ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ ਨੇ ਮੁੱਖ ਮਹਿਮਾਨ ਅਤੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਡਾਇਰੈਕਟਰ ਯੁਵਾ ਅਤੇ ਸਭਿਆਚਾਰ ਮਾਮਲੇ ਡਾ. ਕੰਵਲਜੀਤ ਕੌਰ, ਡੀਨ ਲਾਅ ਡਾ. ਰਾਜੇਸ਼ ਕੁਮਾਰ, ਅਧਿਆਪਕ, ਵਾਰਡਨ ਅਤੇ ਵਿਦਿਆਰਥੀ ਹਾਜ਼ਰ ਸਨ।
ਸੈਮੀਨਾਰ ਦੌਰਾਨ ਰੈਗਿੰਗ ਦੀ ਰੋਕਥਾਮ ਸਬੰਧੀ ਕਾਨੂੰਨਾਂ ਅਤੇ ਦਿਸ਼ਾ-ਨਿਰਦੇਸ਼ਾਂ ਬਾਰੇ ਲਘੂ ਫ਼ਿਲਮ ਦਿਖਾਈ ਗਈ ਅਤੇ ਲਘੂ ਨਾਟਕ ਵੀ ਪੇਸ਼ ਕੀਤਾ ਗਿਆ। ਡਾ. ਧੀਮਾਨ ਨੇ ਕਿਹਾ ਕਿ ਯੂਨੀਵਰਸਿਟੀ ਵੱਖ-ਵੱਖ ਰਾਜਾਂ, ਦੇਸ਼ਾਂ ਅਤੇ ਸੱਭਿਆਚਾਰਾਂ ਦੇ ਵਿਦਿਆਰਥੀਆਂ ਦੀ ਸਾਂਝੀਵਾਲਤਾ ਦਾ ਪ੍ਰਤੀਕ ਹੈ। ਉਨ੍ਹਾਂ ਸੀਨੀਅਰ ਵਿਦਿਆਰਥੀਆਂ ਨੂੰ ਨਵੇਂ ਵਿਦਿਆਰਥੀਆਂ ਦੇ ਸੁਆਗਤ ਅਤੇ ਸਹਿਯੋਗ ਲਈ ਪ੍ਰੇਰਿਤ ਕਰਦਿਆਂ ਸਪੱਸ਼ਟ ਕੀਤਾ ਕਿ ਰੈਗਿੰਗ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਡਾਇਰੈਕਟਰ ਵਿਦਿਆਰਥੀ ਭਲਾਈ ਸਰਦੂਲ ਸਿੰਘ ਸਿੱਧੂ ਨੇ ਕਿਹਾ ਕਿ ਸੀਨੀਅਰ ਵਿਦਿਆਰਥੀ ਨਵੇਂ ਵਿਦਿਆਰਥੀਆਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਉਨ੍ਹਾਂ ਦਾ ਮਾਰਗਦਰਸ਼ਨ ਕਰਨ। ਉਨ੍ਹਾਂ ਦੱਸਿਆ ਕਿ ਸਪਤਾਹ ਦੌਰਾਨ ਪੋਸਟਰ ਮੇਕਿੰਗ, ਸਲੋਗਨ ਅਤੇ ਭਾਸ਼ਣ ਮੁਕਾਬਲੇ ਕਰਵਾਏ ਜਾਣਗੇ। ਸੈਮੀਨਾਰ ਦਾ ਸੰਚਾਲਨ ਡਾ. ਜੀਨੀਅਸ ਵਾਲੀਆ ਨੇ ਕੀਤਾ ਅਤੇ ਰਾਸ਼ਟਰੀ ਗੀਤ ਨਾਲ ਸਮਾਪਤੀ ਹੋਈ।