ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ 110 ਅਧਿਆਪਕਾਂ ਤੇ ਫੀਲਡ ਸਟਾਫ਼ ਦਾ ਸਨਮਾਨ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ 110 ਅਧਿਆਪਕਾਂ ਅਤੇ ਫੀਲਡ ਸਟਾਫ਼ ਦਾ ਸਨਮਾਨ
Publish Date: Mon, 02 Nov 2026 04:24 PM (IST)
Updated Date: Mon, 02 Nov 2026 04:26 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਮਿਹਨਤ, ਲਗਨ ਤੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਆਪਕਾਂ ਤੇ ਫੀਲਡ ਸਟਾਫ਼ ਦੀ ਹੌਸਲਾ ਅਫ਼ਜ਼ਾਈ ਲਈ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ। ਸਮਾਰੋਹ ਵਿਚ ਯੂਨੀਵਰਸਿਟੀ ਦੇ ਚਾਂਸਲਰ ਗੁਰਲਾਭ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਵਾਈਸ ਚਾਂਸਲਰ ਡਾ. ਬਲਰਾਜ ਸਿੰਘ, ਪ੍ਰੋ-ਵਾਈਸ ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ, ਡਾ. ਪੀਯੂਸ਼ ਵਰਮਾ ਅਤੇ ਕੈਂਪਸ ਡਾਇਰੈਕਟਰ ਡਾ. ਹਰਜਸਪਾਲ ਸਿੰਘ ਸਿੱਧੂ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਇਸ ਮੌਕੇ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਡਾਇਰੈਕਟਰਾਂ, ਡੀਨਾਂ, ਅਧਿਕਾਰੀਆਂ ਅਤੇ ਅਧਿਆਪਕਾਂ ਨੇ ਵੀ ਸ਼ਮੂਲੀਅਤ ਕੀਤੀ। ਸਮਾਰੋਹ ਨੂੰ ਸੰਬੋਧਨ ਕਰਦਿਆਂ ਚਾਂਸਲਰ ਗੁਰਲਾਭ ਸਿੰਘ ਸਿੱਧੂ ਨੇ ਕਿਹਾ ਕਿ ਕਿਸੇ ਵੀ ਸੰਸਥਾ ਦੀ ਸਫ਼ਲਤਾ ਉਸ ਦੇ ਸਟਾਫ਼ ਅਤੇ ਪ੍ਰਬੰਧਕਾਂ ਦੀ ਕਰਮਨਿਸ਼ਠਾ ’ਤੇ ਨਿਰਭਰ ਕਰਦੀ ਹੈ। ਉਨ੍ਹਾਂ ਕਿਹਾ ਕਿ ਸਮਰਪਿਤ ਅਧਿਆਪਕਾਂ ਅਤੇ ਫੀਲਡ ਟੀਮਾਂ ਦੀ ਮਿਹਨਤ ਸਦਕਾ ਹੀ ਯੂਨੀਵਰਸਿਟੀ ਵਿਚ ਇਸ ਸਾਲ 8,000 ਤੋਂ ਵੱਧ ਵਿਦਿਆਰਥੀਆਂ ਨੇ ਦਾਖਲਾ ਲਿਆ ਹੈ। ਇਨ੍ਹਾਂ ਵਿਦਿਆਰਥੀਆਂ ਦਾ ਸਬੰਧ ਭਾਰਤ ਦੇ 22 ਰਾਜਾਂ ਤੇ ਇਕ ਦਰਜਨ ਤੋਂ ਵੱਧ ਦੇਸ਼ਾਂ ਨਾਲ ਹੈ। ਉਨ੍ਹਾਂ ਦੱਸਿਆ ਕਿ ਅਕਾਦਮਿਕ ਅਤੇ ਖੋਜ ਖੇਤਰ ਵਿਚ ਉੱਤਮਤਾ ਪ੍ਰਤੀ ਵਚਨਬੱਧਤਾ ਦੇ ਚਲਦਿਆਂ ਜਨਵਰੀ ਅਤੇ ਅਗਸਤ ਸੈਸ਼ਨਾਂ ਦੌਰਾਨ 150 ਤੋਂ ਵੱਧ ਖੋਜਾਰਥੀਆਂ ਨੇ ਪੀਐੱਚਡੀ ਵਿਚ ਦਾਖਲਾ ਲਿਆ ਹੈ। ਇਸ ਮੌਕੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ 110 ਅਧਿਆਪਕਾਂ ਤੇ ਸਟਾਫ਼ ਮੈਂਬਰਾਂ ਨੂੰ ਟਰਾਫ਼ੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੂੰ ਨਕਦ ਇਨਾਮਾਂ ਨਾਲ ਵੀ ਉਤਸ਼ਾਹਿਤ ਕੀਤਾ ਗਿਆ। ਵਾਈਸ ਚਾਂਸਲਰ ਡਾ. ਬਲਰਾਜ ਸਿੰਘ ਨੇ ਸਨਮਾਨਿਤ ਸ਼ਖ਼ਸੀਅਤਾਂ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਰਪਣ ਤੇ ਮਿਹਨਤ ਨਾਲ ਕੰਮ ਕਰਨ ਵਾਲੇ ਅਧਿਆਪਕਾਂ ਤੇ ਕਰਮਚਾਰੀਆਂ ਸਦਕਾ ਯੂਨੀਵਰਸਿਟੀ ਦਾ ਨਾਮ ਉੱਚਾ ਹੋ ਰਿਹਾ ਹੈ। ਉਨ੍ਹਾਂ ਨੇ ਡਾ. ਪਰਮਜੀਤ ਸਿੰਘ, ਜਸਵਿੰਦਰ ਸਿੰਘ, ਮੱਖਣ ਸਿੰਘ ਅਤੇ ਜਸਵਿੰਦਰ ਬਰਾੜ ਸਮੇਤ ਦਾਖਲਾ ਫੀਲਡ ਟੀਮ ਦੇ ਮੋਹਰੀ ਮੈਂਬਰਾਂ ਆਤਮਾ ਸਿੰਘ, ਹਰਪ੍ਰੀਤ ਸਿੰਘ, ਜਗਮੀਤ ਸਿੰਘ ਤੇ ਸੁਖਮਿੰਦਰ ਸਿੰਘ ਦੇ ਯੋਗਦਾਨ ਦਾ ਵਿਸ਼ੇਸ਼ ਜ਼ਿਕਰ ਕੀਤਾ। ਅੰਤ ਵਿਚ ਡਾਇਰੈਕਟਰ ਦਾਖਲੇ ਡਾ. ਗੁਰਪ੍ਰੀਤ ਸਿੰਘ ਨੇ ਧੰਨਵਾਦੀ ਭਾਸ਼ਣ ਦਿੰਦਿਆਂ ਸਨਮਾਨਿਤ ਸਟਾਫ਼ ਦੀ ਮਿਹਨਤ, ਦ੍ਰਿੜ੍ਹਤਾ ਤੇ ਸਮਰਪਣ ਦੀ ਸ਼ਲਾਘਾ ਕੀਤੀ। ਉਨ੍ਹਾਂ ਉਮੀਦ ਪ੍ਰਗਟਾਈ ਕਿ ਭਵਿੱਖ ਵਿਚ ਯੂਨੀਵਰਸਿਟੀ ਦੀ ਸਿੱਖਿਆ ਦਾ ਦਾਇਰਾ ਦੇਸ਼ ਦੇ ਹੋਰ ਸੂਬਿਆਂ ਅਤੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ਤੱਕ ਫੈਲੇਗਾ। ਉਨ੍ਹਾਂ ਯੂਨੀਵਰਸਿਟੀ ਪ੍ਰਬੰਧਕਾਂ, ਅਧਿਆਪਕਾਂ ਅਤੇ ਸਟਾਫ਼ ਵੱਲੋਂ ਮਿਲੇ ਸਹਿਯੋਗ ਲਈ ਸਭ ਦਾ ਧੰਨਵਾਦ ਕੀਤਾ।