ਗੁਰੂ ਕਾਸ਼ੀ ਦੇ ਵਿਦਿਆਰਥੀਆਂ ਨੇ ਜੈਸਲਮੇਰ ਤੇ ਬੀਕਾਨੇਰ ਦਾ ਟੂਰ ਲਾਇਆ ਗੁਰੂ ਕਾਸ਼ੀ ਦੇ ਵਿਦਿਆਰਥੀਆਂ ਨੇ ਜੈਸਲਮੇਰ ਤੇ ਬੀਕਾਨੇਰ ਦਾ ਟੂਰ ਲਾਇਆ
Publish Date: Wed, 18 Nov 2026 05:51 PM (IST)
Updated Date: Wed, 18 Nov 2026 05:51 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ- ਇਲਾਕੇ ਦੇ ਨਾਮਵਰ ਸੀਐੱਮਐੱਸ ਗੁਰੂ ਕਾਸ਼ੀ ਪਬਲਿਕ ਸਕੂਲ ਭਗਤਾ ਭਾਈਕਾ ਦੇ ਵਿਦਿਆਰਥੀਆਂ ਵੱਲੋਂ ਜੈਸਲਮੇਰ ਤੇ ਬੀਕਾਨੇਰ ਦਾ ਵਿਸ਼ੇਸ਼ ਵਿੱਦਿਅਕ ਅਤੇ ਮਨੋਰੰਜਕ ਟੂਰ ਲਗਾਇਆ ਗਿਆ। ਇਸ ਟੂਰ ਦੌਰਾਨ ਵਿਦਿਆਰਥੀਆਂ ਨੇ ਜੈਸਲਮੇਰ, ਜਿਸ ਨੂੰ ਰਾਜਸਥਾਨ ਦਾ ਸੁਨਹਿਰੀ ਸ਼ਹਿਰ ਕਿਹਾ ਜਾਂਦਾ ਹੈ, ਵੇਖਿਆ ਜੋ ਕਿ ਆਪਣੀ ਸੁਨਹਿਰੀ ਰੇਤਲੇ ਪੱਥਰਾਂ ਨਾਲ ਬਣੀ ਸ਼ਾਨਦਾਰ ਇਮਾਰਤਸਾਜ਼ੀ, ਸ਼ਾਹੀ ਹਵੇਲੀਆਂ, ਲੋਕ ਸੱਭਿਆਚਾਰ ਲਈ ਵਿਸ਼ਵ ਪੱਧਰ ਤੇ ਜਾਣਿਆ ਜਾਂਦਾ ਹੈ। ਟੂਰ ਦੌਰਾਨ ਵਿਦਿਆਰਥੀਆਂ ਨੇ ਜੈਸਲਮੇਰ ਦੇ ਪ੍ਰਸਿੱਧ ਸੋਨਾਰ ਕਿਲ੍ਹੇ, ਜੂਨਾਗੜ੍ਹ ਕਿਲ੍ਹੇ, ਪਟਵੋਂ ਕੀ ਹਵੇਲੀ, ਰੇਤ ਦੇ ਵਿਸ਼ਾਲ ਟਿੱਬੇ, ਗੜ੍ਹੀ ਸਰ ਝੀਲ ਅਤੇ ਕੁਲਧਰਾ ਪਿੰਡ ਵਰਗੇ ਇਤਿਹਾਸਕ ਤੇ ਸੈਰ-ਸਪਾਟਾ ਸਥਾਨਾਂ ਦਾ ਦੌਰਾ ਕੀਤਾ। ਇਸ ਤੋਂ ਇਲਾਵਾ ਬੀਕਾਨੇਰ ਦੀਆਂ ਇਤਿਹਾਸਕ ਥਾਵਾਂ ਨੂੰ ਵੀ ਦੇਖਿਆ। ਵਿਦਿਆਰਥੀਆਂ ਨੇ ਊਠਾਂ ਦੀ ਸਵਾਰੀ, ਜੀਪ ਸਫ਼ਾਰੀ ਤੇ ਬਾਈਕਿੰਗ ਵਰਗੀਆਂ ਰੋਮਾਂਚਕ ਗਤੀਵਿਧੀਆਂ ਦਾ ਆਨੰਦ ਮਾਣਿਆ। ਰੇਗਿਸਤਾਨੀ ਕੈਂਪ ਵਿਚ ਰਹਿਣ, ਸੂਰਜ ਚੜ੍ਹਨ ਅਤੇ ਸੂਰਜ ਡੁੱਬਣ ਦੇ ਮਨਮੋਹਕ ਨਜ਼ਾਰਿਆਂ ਦੇ ਨਾਲ-ਨਾਲ ਰਾਜਸਥਾਨੀ ਲੋਕ ਨਾਚ, ਸੰਗੀਤ ਤੇ ਰਵਾਇਤੀ ਖਾਣਿਆਂ ਦਾ ਵੀ ਆਨੰਦ ਲਿਆ। ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਜੈ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅਜਿਹੇ ਵਿੱਦਿਅਕ ਟੂਰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਕਿਤਾਬੀ ਗਿਆਨ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਵੱਖ-ਵੱਖ ਸਥਾਨਾਂ ਦੀ ਇਤਿਹਾਸਕ, ਭੂਗੋਲਿਕ ਤੇ ਸੱਭਿਆਚਾਰਕ ਜਾਣਕਾਰੀ ਪ੍ਰਾਪਤ ਹੁੰਦੀ ਹੈ। ਅਜਿਹੀਆਂ ਯਾਤਰਾਵਾਂ ਵਿਦਿਆਰਥੀਆਂ ਵਿਚ ਆਤਮ-ਵਿਸ਼ਵਾਸ, ਆਪਸੀ ਸਹਿਯੋਗ, ਅਨੁਸ਼ਾਸਨ ਅਤੇ ਸਮੂਹਿਕ ਭਾਵਨਾ ਨੂੰ ਵੀ ਮਜ਼ਬੂਤ ਕਰਦੀਆਂ ਹਨ। ਸਕੂਲ ਦੇ ਪ੍ਰਿੰਸੀਪਲ ਰਮਨ ਕੁਮਾਰ ਨੇ ਕਿਹਾ ਕਿ ਸਕੂਲ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਜੀਵਨ ਦੇ ਵਿਹਾਰਕ ਤਜਰਬਿਆਂ ਨਾਲ ਜੋੜਨਾ ਹੈ, ਤਾਂ ਜੋ ਉਹ ਪੜ੍ਹਾਈ ਦੇ ਨਾਲ-ਨਾਲ ਸਮਾਜਿਕ ਅਤੇ ਸੱਭਿਆਚਾਰਕ ਪੱਖੋਂ ਵੀ ਅੱਗੇ ਵਧ ਸਕਣ। ਇਸ ਯਾਦਗਾਰੀ ਟੂਰ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਗਿਆਨ ਵਿੱਚ ਵਾਧਾ ਕਰਨ ਦੇ ਨਾਲ-ਨਾਲ ਉਨ੍ਹਾਂ ਲਈ ਖ਼ੁਸ਼ੀ ਅਤੇ ਉਤਸ਼ਾਹ ਭਰਪੂਰ ਅਮਿੱਟ ਯਾਦਾਂ ਵੀ ਸਿਰਜੀਆਂ ਜੋ ਉਨ੍ਹਾਂ ਨੂੰ ਹਮੇਸ਼ਾ ਰਾਜਸਥਾਨ ਦੀ ਯਾਦ ਦਿਵਾਉਂਣਗੀਆਂ।