ਗੁਰਪ੍ਰੀਤ ਮਲੂਕਾ ਨੇ ਯੂਥ ਕਲੱਬ ਭੰਗ ਕਰਨ ਦਾ ਕੀਤਾ ਵਿਰੋਧ ਗੁਰਪ੍ਰੀਤ ਮਲੂਕਾ ਨੇ ਯੂਥ ਕਲੱਬ ਭੰਗ ਕਰਨ ਦਾ ਕੀਤਾ ਵਿਰੋਧ
Publish Date: Mon, 05 Oct 2026 04:08 PM (IST)
Updated Date: Mon, 05 Oct 2026 04:11 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਬਠਿੰਡਾ ਭਾਜਪਾ ਜ਼ਿਲ੍ਹਾ ਬਠਿੰਡਾ ਦਿਹਾਤੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਨੇ ਸਰਕਾਰ ਵੱਲੋਂ ਸੂਬੇ ਦੇ ਯੂਥ ਕਲੱਬ ਭੰਗ ਕਰਨ ਦੇ ਫੈਸਲੇ ਦੀ ਨਿੰਦਾ ਕੀਤੀ। ਮਲੂਕਾ ਨੇ ਕਿਹਾ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਤੁਗਲਕੀ ਫਰਮਾਨ ਨਾਲ ਸੂਬੇ ਦੇ 15000 ਤੋਂ ਵੱਧ ਯੂਥ ਕਲੱਬ ਰੱਦ ਕਰ ਕੇ ਨੌਜਵਾਨ ਵਰਗ ਨਾਲ ਧ੍ਰੋਹ ਕਮਾਇਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿਆਸੀ ਲਾਹਾ ਲੈਣ ਲਈ ਖੇਡਾਂ ਅਤੇ ਲੋਕ ਭਲਾਈ ਦੇ ਕੰਮਾਂ ਵਿਚ ਕਾਰਜਸ਼ੀਲ ਕਲੱਬਾ ਨੂੰ ਭੰਗ ਕੀਤਾ ਹੈ, ਸਰਕਾਰ ਨੇ ਸਾਜਿਸ਼ ਅਧੀਨ ਕਲੱਬ ਭੰਗ ਕੀਤੇ ਤਾਂ ਜੋ ਨਵੇਂ ਸਿਰੇ ਤੋਂ ਆਪ ਦੇ ਵਰਕਰਾਂ ਨੂੰ ਮੈਂਬਰ ਬਣਾ ਕੇ ਨਵੇਂ ਕਲੱਬ ਬਣਾਏ ਜਾਣ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਬੰਧਿਤ ਮਹਿਕਮੇ ਨੂੰ ਸਖਤ ਨਿਰਦੇਸ਼ ਜਾਰੀ ਕੀਤੇ ਹਨ ਕਿ ਆਪ ਆਗੂਆਂ ਦੀ ਸਿਫਾਰਸ ਤੇ ਹੀ ਨਵੇਂ ਮੈਂਬਰ ਤੇ ਕਲੱਬ ਬਣਾਏ ਜਾਣ, ਜਿਸ ਤੋਂ ਸਾਬਿਤ ਹੁੰਦਾ ਹੈ ਕਿ ਸਰਕਾਰ ਦੀ ਮਨਸ਼ਾ ਕਲੱਬਾ ਰਾਹੀਂ ਵਿਧਾਨ ਸਭਾ ਚੋਣਾਂ ਵਿਚ ਲਾਹਾ ਲੈਣ ਦੀ ਹੈ। ਗੁਰਪ੍ਰੀਤ ਮਲੂਕਾ ਨੇ ਕਿਹਾ ਕਿ ਸਰਕਾਰ ਦੀ ਮਾੜੀ ਕਾਰਗੁਜਾਰੀ ਕਾਰਨ ਸਰਕਾਰ ਦੀਆ ਉਮੀਦਾਂ ਨੂੰ ਬੂਰ ਨਹੀਂ ਪਿਆ, ਸੂਬੇ ਦਾ ਨੌਜਵਾਨ ਵਰਗ ਇਹਨਾ ਜ਼ਿਆਦਾ ਨਿਰਾਸ਼ ਹੈ ਕੇ ਉਹ ਸਰਕਾਰ ਦੀ ਇਸ ਪ੍ਰਿਕਿਰਿਆ ਵਿਚ ਕੋਈ ਰੂਚੀ ਨਹੀਂ ਵਿਖਾ ਰਿਹਾ। ਉਨ੍ਹਾਂ ਕਿਹਾ ਕਿ ਵੱਖ ਵੱਖ ਜਿਲਿਆਂ ਵਿਚ ਸੈਂਕੜੇ ਕਲੱਬ ਭੰਗ ਕੀਤੇ ਗਏ ਤੇ ਕਿਸੇ ਵੀ ਜ਼ਿਲ੍ਹੇ ਵਿਚ ਇੱਕ ਦੋ ਦਰਜਨ ਤੋਂ ਵੱਧ ਨਵੇਂ ਕਲੱਬ ਨਹੀਂ ਬਣੇ, ਕਲੱਬ ਬਣਾਉਣ ਲਈ 21 ਮੇਂਬਰ ਲਾਜ਼ਮੀ ਹੁੰਦੇ ਹਨ ਜਿਨ੍ਹਾਂ ਦੀ ਉਮਰ ਹੱਦ 15 ਤੋਂ 36 ਸਾਲ ਹੋਣੀ ਚਾਹੀਦੀ ਹੈ। ਇਸ ਉਮਰ ਵਰਗ ਵਿਚ ਹੀ ਸਰਕਾਰ ਨੂੰ ਲੈ ਕੇ ਭਾਰੀ ਵਿਰੋਧ ਹੈ ਜਿਸ ਕਾਰਨ ਸਰਕਾਰ ਦੀ ਇਹ ਸਕੀਮ ਬੁਰੀ ਤਰ੍ਹਾਂ ਫਲਾਪ ਸਾਬਿਤ ਹੋਈ ਹੈ, ਸਰਕਾਰ ਵੱਲੋਂ ਕਲੱਬ ਬਣਾਉਣ ਲਈ ਸਬੰਧਿਤ ਮਹਿਕਮੇ ਦੇ ਅਧਿਕਾਰੀਆਂ ਤੇ ਵੀ ਦਬਾ ਪਾਇਆ ਜਾ ਰਿਹਾ ਹੈ ਸਰਕਾਰੀ ਅਧਿਕਾਰੀ ਸੂਬੇ ਚੋ ਵੱਡੀ ਗਿਣਤੀ ਵਿਚ ਨੌਜਵਾਨ ਵਰਗ ਦੇ ਵਿਦੇਸ਼ਾਂ ਵਿਚ ਜਾਣ ਦਾ ਬਹਾਨਾ ਬਣਾ ਕੇ ਪੱਲਾ ਝਾੜ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਯੂਥ ਕਲੱਬ ਕਈ ਸਾਲਾਂ ਤੋਂ ਪਾਰਟੀ ਬਾਜੀ ਤੋਂ ਉਪਰ ਉਠ ਕੇ ਖੇਡਾਂ ਅਤੇ ਲੋਕ ਭਲਾਈ ਦੇ ਕੰਮਾਂ ਵਿਚ ਯੋਗਦਾਨ ਪਾ ਰਹੇ ਸਨ, ਸਰਕਾਰ ਨੇ ਸਿਆਸੀ ਲਾਹਾ ਲੈਣ ਲਈ ਕੀਤੇ ਫੈਸਲੇ ਨਾਲ ਲੰਬੇ ਸਮੇਂ ਲਈ ਇਹ ਸਾਰੇ ਕੰਮਾਂ ਤੇ ਰੋਕ ਲੱਗ ਗਈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਤਰੁੰਤ ਇਹ ਫੈਸਲਾ ਵਾਪਿਸ ਲੈ ਕੇ ਪੁਰਾਣੇ ਕਲੱਬ ਬਹਾਲ ਕਰਨੇ ਚਾਹੀਦੇ ਹਨ। ਇਸ ਮੌਕੇ ਕਿਸਾਨ ਵਿੰਗ ਦੇ ਸੂਬਾ ਸਕੱਤਰ ਬੂਟਾ ਸਿੰਘ ਭਾਈਰੂਪਾ, ਯੂਥ ਵਿੰਗ ਜਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਜੱਸਾ, ਗੁਰਜੀਤ ਸਿੰਘ ਗੋਰਾ ਦਿਉਣ ਅਤੇ ਜਿਲ੍ਹਾ ਮੀਡੀਆ ਕਨਵੀਨਰ ਰਤਨ ਸ਼ਰਮਾ ਮਲੂਕਾ ਆਦਿ ਹਾਜਿਰ ਸਨ।