- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁ: ਬੇਰ ਸਾਹਿਬ ਪਾ: 10ਵੀਂ ਛਾਉਣੀ ਬੁੱਢਾ ਦਲ ਵਿਖੇ ਮੱਸਿਆ ਦਿਹਾੜੇ ’ਤੇ 75 ਪ੍ਰਾਣੀ ਅੰਮ੍ਰਿਤਧਾਰੀ ਹੋਏ

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ
ਤਲਵੰਡੀ ਸਾਬੋ : ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਾਪਤ ਧਰਤ ਤਲਵੰਡੀ ਸਾਬੋ ਵਿਖੇ ਨਿਹੰਗ ਸਿੰਘਾਂ ਦੀ ਸ਼੍ਰੋਮਣੀ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚੱਲਦਾ ਵਹੀਰ ਦੇ ਮੁੱਖ ਹੈੱਡਕੁਆਰਟਰ ਗੁਰਦੁਆਰਾ ਬੇਰ ਸਾਹਿਬ ਦੇਗਸਰ ਪਾਤਸ਼ਾਹੀ ਦਸਵੀਂ, ਯਾਦਗਾਰ ਬਾਬਾ ਦੀਪ ਸਿੰਘ ਛਾਉਣੀ ਬੁੱਢਾ ਦਲ ਵਿਖੇ ਮੱਸਿਆ ਦਿਹਾੜਾ ਪੂਰਨ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਹੁੰਮਹੁਮਾ ਕੇ ਹਾਜ਼ਰੀ ਭਰੀ ਅਤੇ ਗੁਰੂ ਘਰ ਵਿਖੇ ਨਤਮਸਤਕ ਹੋ ਕੇ ਅਰਦਾਸਾਂ ਕੀਤੀਆਂ।
ਗੁਰਦੁਆਰਾ ਬੇਰ ਸਾਹਿਬ ਵਿਖੇ ਸੇਵਾ ਨਿਭਾਅ ਰਹੇ ਬੁੱਢਾ ਦਲ ਦੇ ਸੇਵਾਦਾਰ ਬਾਬਾ ਦਲੇਰ ਸਿੰਘ ਖਾਲਸਾ ਨੇ ਦੱਸਿਆ ਕਿ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੇ ਨਿਰਦੇਸ਼ਾਂ ਅਨੁਸਾਰ ਮੱਸਿਆ ਦਿਹਾੜੇ ਸਬੰਧੀ ਸੰਗਤਾਂ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਸੰਗਤਾਂ ਦੀ ਆਉ-ਭਗਤ ਲਈ ਗੁਰੂ ਕੇ ਲੰਗਰ, ਠੰਢੇ ਜਲ ਦੀ ਛਬੀਲ ਅਤੇ ਸ਼ਹੀਦੀ ਦੇਗ (ਸ਼ਰਦਾਈ) ਦੀ ਛਬੀਲ ਲਗਾਈ ਗਈ।
ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬ ਵੱਲੋਂ ਬਖਸ਼ੀ ਮਰਿਆਦਾ ਅਨੁਸਾਰ ਪੰਜ ਪਿਆਰਿਆਂ ਵੱਲੋਂ ਖੰਡੇ-ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਗਿਆ। ਇਸ ਮੌਕੇ 75 ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਵਾਲੇ ਬਣਨ ਦਾ ਸੁਭਾਗ ਹਾਸਲ ਕੀਤਾ। ਇਸ ਤੋਂ ਇਲਾਵਾ ਨਿਹੰਗ ਸਿੰਘਾਂ ਦੇ ਪੁਰਾਣੇ ਲਾਇਸੰਸ ਰੀਨਿਊ ਕਰਨ ਅਤੇ ਨਵੇਂ ਲਾਇਸੰਸ ਬਣਾਉਣ ਦੀ ਕਾਰਵਾਈ ਵੀ ਕੀਤੀ ਗਈ।
ਅੰਮ੍ਰਿਤ ਛਕਣ ਵਾਲੇ ਪ੍ਰਾਣੀਆਂ ਨੂੰ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਵਧਾਈ ਦਿੱਤੀ। ਉਨ੍ਹਾਂ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਕਰਦਿਆਂ ਕਿਹਾ ਕਿ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਵਾਲਿਆਂ ਦਾ ਜੀਵਨ ਸੁਖਦਾਈ ਹੋਵੇ ਅਤੇ ਉਹ ਸਿੱਖੀ ਮਰਿਆਦਾ ਅਨੁਸਾਰ ਆਪਣਾ ਜੀਵਨ ਸਫਲ ਕਰਨ। ਉਨ੍ਹਾਂ ਸੰਗਤਾਂ ਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ’ਤੇ ਚੱਲਣ ਅਤੇ ਸਿੱਖੀ ਮਰਿਆਦਾ ਨਾਲ ਜੁੜਨ ਲਈ ਪ੍ਰੇਰਿਤ ਕੀਤਾ।
ਮੱਸਿਆ ਦਿਹਾੜੇ ਦੌਰਾਨ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਮਾਹੌਲ ਬਣਿਆ ਰਿਹਾ। ਸੰਗਤਾਂ ਨੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦਿਆਂ ਲੰਗਰ ਦੀ ਸੇਵਾ ਵਿੱਚ ਵੀ ਹਿੱਸਾ ਲਿਆ। ਇਸ ਮੌਕੇ ਬਾਬਾ ਦਲੇਰ ਸਿੰਘ, ਬਾਬਾ ਸੁਖਮੰਦਰ ਸਿੰਘ, ਬਾਬਾ ਗੁਰਮੀਤ ਸਿੰਘ, ਬਾਬਾ ਠਾਨਾ ਸਿੰਘ, ਬਾਬਾ ਭਾਕਰ ਸਿੰਘ, ਬਾਬਾ ਜਿੰਦਰ ਸਿੰਘ, ਬਾਬਾ ਰੇਸ਼ਮ ਸਿੰਘ, ਬਾਬਾ ਬਿੰਦਰ ਸਿੰਘ ਸਮੇਤ ਬੁੱਢਾ ਦਲ ਦੇ ਹੋਰ ਸੇਵਾਦਾਰ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।