ਬੰਦੀ ਸਿੰਘਾਂ ਦੀ ਰਿਹਾਈ ਤੇ ਚੜ੍ਹਦੀ ਕਲਾ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਕੀਤੀ ਸਮੂਹਿਕ ਅਰਦਾਸ ਬੰਦੀ ਸਿੰਘਾਂ ਦੀ ਰਿਹਾਈ ਤੇ ਚੜ੍ਹਦੀ ਕਲਾ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਕੀਤੀ ਸਮੂਹਿਕ ਅਰਦਾਸ
Publish Date: Sun, 30 Aug 2026 03:53 PM (IST)
Updated Date: Sun, 30 Aug 2026 03:55 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ, ਮਾਲਵਾ ਖੇਤਰ ਦੀ ਪ੍ਰਸਿੱਧ ਵਿਦਿਅਕ ਸੰਸਥਾ ਮਾਤਾ ਸਾਹਿਬ ਕੌਰ ਗਰਲਜ਼ ਕਾਲਜ, ਤਲਵੰਡੀ ਸਾਬੋ ਵਿਖੇ ਬੰਦੀ ਸਿੰਘਾਂ ਦੀ ਰਿਹਾਈ, ਪੈਰੋਲ ਅਤੇ ਚੜ੍ਹਦੀ ਕਲਾ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਸਮੂਹਿਕ ਅਰਦਾਸ ਦਾ ਪਾਵਨ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਦੀ ਸਰਪ੍ਰਸਤੀ ਹੇਠ ਗੁਰਦੁਆਰਾ ਸ੍ਰੀ ਜੰਡਸਰ ਸਾਹਿਬ ਵਿਖੇ ਹੋਇਆ। ਸਮਾਗਮ ਵਿੱਚ ਕਾਲਜ ਦੇ ਸਮੂਹ ਸਟਾਫ਼ ਮੈਂਬਰਾਂ, ਵਿਦਿਆਰਥਣਾਂ ਅਤੇ ਇਲਾਕੇ ਦੀ ਸੰਗਤ ਨੇ ਸ਼ਰਧਾ ਨਾਲ ਸ਼ਮੂਲੀਅਤ ਕੀਤੀ। ਧਾਰਮਿਕ ਅਧਿਆਪਕ ਸ. ਅਰਸ਼ਦੀਪ ਸਿੰਘ, ਵਿਦਿਆਰਥਣਾਂ ਅਤੇ ਸੰਗਤ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਗਿਆ। ਉਪਰੰਤ ਬੰਦੀ ਸਿੰਘਾਂ ਦੀ ਰਿਹਾਈ, ਪੈਰੋਲ, ਸਰਬੱਤ ਦੇ ਭਲੇ, ਸੁੱਖ-ਸ਼ਾਂਤੀ ਅਤੇ ਚੜ੍ਹਦੀ ਕਲਾ ਲਈ ਸਮੂਹਿਕ ਅਰਦਾਸ ਕੀਤੀ ਗਈ। ਇਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਦੇ ਚਰਨਾਂ ਵਿਚ ਕੀਤੀ ਅਰਦਾਸ ਮਨੁੱਖ ਨੂੰ ਆਸ, ਵਿਸ਼ਵਾਸ ਅਤੇ ਚੜ੍ਹਦੀ ਕਲਾ ਦਾ ਸੰਦੇਸ਼ ਦਿੰਦੀ ਹੈ। ਉਨ੍ਹਾਂ ਵਿਦਿਆਰਥਣਾਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਨਿਰੰਤਰ ਅਰਦਾਸ ਕਰਨ ਅਤੇ ਗੁਰਬਾਣੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਇਤਿਹਾਸ ਵਿਭਾਗ ਦੇ ਪ੍ਰੋ. ਕੁਲਜੀਤ ਸਿੰਘ ਨੇ ਵਿਦਿਆਰਥਣਾਂ ਨਾਲ ਸਿੱਖ ਇਤਿਹਾਸ ਦੇ ਵੱਖ-ਵੱਖ ਪੱਖ ਸਾਂਝੇ ਕਰਦਿਆਂ ਸਿੱਖ ਯੋਧਿਆਂ ਦੀਆਂ ਕੁਰਬਾਨੀਆਂ ਅਤੇ ਸੰਘਰਸ਼ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਹੱਕ, ਸੱਚ, ਇਨਸਾਫ਼ ਅਤੇ ਮਨੁੱਖਤਾ ਲਈ ਡਟ ਕੇ ਖੜ੍ਹਨ ਦੀ ਪ੍ਰੇਰਣਾ ਦਿੰਦਾ ਹੈ। ਕਾਲਜ ਦੇ ਸੀਨੀਅਰ ਪ੍ਰੋਫੈਸਰ ਪ੍ਰੋ. ਸ਼ਾਲਿਨੀ ਸਹਿਗਲ ਨੇ ਕਿਹਾ ਕਿ ਗੁਰਬਾਣੀ ਅਤੇ ਅਰਦਾਸ ਸਿੱਖ ਜੀਵਨ ਦਾ ਅਟੁੱਟ ਅੰਗ ਹਨ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥਣਾਂ ਨੂੰ ਆਪਣੇ ਧਰਮ, ਇਤਿਹਾਸ ਅਤੇ ਗੌਰਵਮਈ ਵਿਰਸੇ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਨਰਿੰਦਰਜੀਤ ਸਿੰਘ, ਮੈਨੇਜਰ ਤਖ਼ਤ ਸ੍ਰੀ ਦਮਦਮਾ ਸਾਹਿਬ, ਮਨਦੀਪ ਸਿੰਘ, ਮੀਤ ਮੈਨੇਜਰ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਇਲਾਵਾ ਕਾਲਜ ਦਾ ਸਮੂਹ ਸਟਾਫ਼, ਵਿਦਿਆਰਥਣਾਂ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ। ਸਮਾਗਮ ਦੇ ਅੰਤ ਵਿੱਚ ਸਮੂਹ ਸੰਗਤ ਨੇ ਬੰਦੀ ਸਿੰਘਾਂ ਦੀ ਜਲਦ ਰਿਹਾਈ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ