ਸਰਕਾਰਾਂ ਬਦਲੀਆਂ, ਅਫ਼ਸਰ ਬਦਲੇ, ਨਹੀਂ ਬਦਲੇ ਹਰਰਾਏਪੁਰ ਕੈਟਲ ਪੌਂਡ ਦੇ ਜ਼ਮੀਨੀ ਹਾਲਾਤ ਸਰਕਾਰਾਂ ਬਦਲੀਆਂ, ਅਫ਼ਸਰ ਬਦਲੇ, ਨਹੀਂ ਬਦਲੇ ਹਰਰਾਏਪੁਰ ਕੈਟਲ ਪੌਂਡ ਦੇ ਜ਼ਮੀਨੀ ਹਾਲਾਤ
Publish Date: Sun, 06 Sep 2026 04:26 PM (IST)
Updated Date: Sun, 06 Sep 2026 04:28 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਹਰਰਾਏਪੁਰ ਦੀ ਸਰਕਾਰੀ ਗਊਸ਼ਾਲਾ-ਕੈਟਲ ਪੌਂਡ ਪਿਛਲੇ ਕਈ ਸਾਲਾਂ ਤੋਂ ਪ੍ਰਬੰਧਾਂ ਵਿਚ ਸੁਧਾਰ ਦੀ ਮੰਗ ਤੇ ਪ੍ਰਸ਼ਾਸਨਿਕ ਭਰੋਸਿਆਂ ਵਿਚਕਾਰ ਉਲਝਿਆ ਹੋਇਆ ਹੈ। ਸਰਕਾਰਾਂ ਬਦਲੀਆਂ, ਅਧਿਕਾਰੀ ਬਦਲੇ ਤੇ ਸਮੇਂ ਦੇ ਨਾਲ ਕਈ ਵਾਰ ਸ਼ਿਕਾਇਤਾਂ ਤੇ ਮੰਗ ਪੱਤਰ ਵੀ ਸੌਂਪੇ ਗਏ, ਪਰ ਸਮਾਜ ਸੇਵੀਆਂ ਅਨੁਸਾਰ ਗਊਵੰਸ਼ ਲਈ ਚਾਰਾ, ਪਾਣੀ ਤੇ ਇਲਾਜ ਵਰਗੀਆਂ ਬੁਨਿਆਦੀ ਸਹੂਲਤਾਂ ਦੀ ਸਥਿਤੀ ਅਜੇ ਵੀ ਸੰਤੋਸ਼ਜਨਕ ਨਹੀਂ ਹੈ। ਇਸੇ ਨੂੰ ਲੈ ਕੇ ਸਮਾਜਿਕ ਅਤੇ ਧਾਰਮਿਕ ਸੰਗਠਨਾਂ ਨਾਲ ਜੁੜੇ ਨੁਮਾਇੰਦਿਆਂ ਨੇ ਇੱਕ ਵਾਰ ਫਿਰ ਪ੍ਰਸ਼ਾਸਨ ਦਾ ਦਰਵਾਜ਼ਾ ਖੜਕਾਇਆ ਹੈ। ਉਨ੍ਹਾਂ ਕੈਟਲ ਪੌਂਡ ਵਿੱਚ ਲੋੜੀਂਦਾ ਹਰਾ ਚਾਰਾ, ਤੂੜੀ, ਪਾਣੀ, ਦਵਾਈਆਂ ਅਤੇ ਬਿਮਾਰ ਗਊਵੰਸ਼ ਦੇ ਸਮੇਂ ਸਿਰ ਇਲਾਜ ਦੀ ਵਿਵਸਥਾ ਯਕੀਨੀ ਬਣਾਉਣ ਦੀ ਮੰਗ ਕੀਤੀ। ਨੁਮਾਇੰਦਿਆਂ ਨੇ ਏਡੀਸੀ ਨੂੰ ਕੈਟਲ ਪੌਂਡ ਦੀਆਂ ਵਿਵਸਥਾਵਾਂ ਨਾਲ ਸਬੰਧਤ ਸਮੱਸਿਆਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸਮਾਜ ਸੇਵੀ ਸੰਜੀਵ ਗੋਇਲ, ਪਰਮਿੰਦਰ ਬਾਂਸਲ ਅਤੇ ਸੋਨੀਆ ਨੈੱਯਰ ਨੇ ਦੱਸਿਆ ਕਿ ਕੈਟਲ ਪੌਂਡ ਦੀਆਂ ਵਿਵਸਥਾਵਾਂ ਨੂੰ ਲੈ ਕੇ ਸਾਲ 2023 ਵਿਚ ਤਤਕਾਲੀ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ, ਜ਼ਿਲ੍ਹਾ ਪਸ਼ੂ ਭਲਾਈ ਸੁਸਾਇਟੀ ਨੂੰ ਮੰਗ ਪੱਤਰ ਦਿੱਤਾ ਗਿਆ ਸੀ। ਸਾਲ 2024 ਵਿੱਚ ਵੀ ਦੁਬਾਰਾ ਮੰਗ ਪੱਤਰ ਸੌਂਪ ਕੇ ਪ੍ਰਬੰਧਾਂ ਵਿੱਚ ਸੁਧਾਰ ਦੀ ਮੰਗ ਕੀਤੀ ਗਈ। ਹੁਣ ਸਾਲ 2026 ਵਿੱਚ ਤੀਜੀ ਵਾਰ ਡਿਪਟੀ ਕਮਿਸ਼ਨਰ ਦੇ ਨਾਮ ਮੰਗ ਪੱਤਰ ਦਿੱਤਾ ਗਿਆ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਵਾਰ-ਵਾਰ ਸ਼ਿਕਾਇਤਾਂ ਅਤੇ ਮੰਗ ਪੱਤਰ ਦੇਣ ਦੇ ਬਾਵਜੂਦ ਸਮੱਸਿਆ ਦਾ ਸਥਾਈ ਹੱਲ ਨਹੀਂ ਹੋਇਆ। 7 ਤੋਂ 10 ਹਜ਼ਾਰ ਗਊਵੰਸ਼ ਦੀ ਮੌਤ ਦਾ ਦਾਅਵਾ ਨੁਮਾਇੰਦਿਆਂ ਨੇ ਦਾਅਵਾ ਕੀਤਾ ਕਿ ਪਿਛਲੇ ਕਰੀਬ ਦਸ ਸਾਲਾਂ ਦੌਰਾਨ ਕੈਟਲ ਪੌਂਡ ਵਿਚ 7 ਤੋਂ 10 ਹਜ਼ਾਰ ਤੱਕ ਗਊਵੰਸ਼ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਹੋਰ ਸਰਕਾਰੀ ਤੇ ਨਿੱਜੀ ਗਊਸ਼ਾਲਾਵਾਂ ਦੇ ਮੁਕਾਬਲੇ ਇੱਥੇ ਮੌਤ ਦਰ ਜ਼ਿਆਦਾ ਹੈ। ਇਸ ਦੇ ਪਿੱਛੇ ਉਨ੍ਹਾਂ ਲੋੜੀਂਦਾ ਆਹਾਰ ਨਾ ਮਿਲਣ, ਸਮੇਂ ਸਿਰ ਇਲਾਜ ਨਾ ਹੋਣ ਤੇ ਦੇਖਭਾਲ ਵਿਚ ਕਮੀ ਨੂੰ ਮੁੱਖ ਕਾਰਨ ਦੱਸਿਆ। ਨੁਮਾਇੰਦਿਆਂ ਨੇ ਹਾਲੀਆ ਦੌਰੇ ਦਾ ਹਵਾਲਾ ਦਿੰਦਿਆਂ ਦੋਸ਼ ਲਾਇਆ ਕਿ ਕੈਟਲ ਪੌਂਡ ਵਿਚ ਗਊਵੰਸ਼ ਲਈ ਮੁੱਖ ਤੌਰ ’ਤੇ ਤੂੜੀ ਹੀ ਉਪਲਬਧ ਸੀ ਤੇ ਹਰਾ ਚਾਰਾ ਲੋੜੀਂਦੀ ਮਾਤਰਾ ਵਿੱਚ ਨਹੀਂ ਸੀ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਨਮਕ ਦੀ ਵਿਵਸਥਾ ਨਹੀਂ ਸੀ ਅਤੇ ਕੁਝ ਥਾਵਾਂ ’ਤੇ ਘਟੀਆ ਗੁਣਵੱਤਾ ਵਾਲੀ ਤੂੜੀ ਪਈ ਹੋਈ ਸੀ। ਉਨ੍ਹਾਂ ਅਨੁਸਾਰ ਪੌਸ਼ਟਿਕ ਆਹਾਰ ਦੀ ਘਾਟ ਕਾਰਨ ਗਊਵੰਸ਼ ਦੀ ਸਿਹਤ ’ਤੇ ਮਾੜਾ ਅਸਰ ਪੈ ਰਿਹਾ ਹੈ। ਉਨ੍ਹਾਂ ਨਗਰ ਨਿਗਮ ਵੱਲੋਂ ਗਊਵੰਸ਼ ਦੇ ਆਹਾਰ ’ਤੇ ਹਰ ਮਹੀਨੇ ਲੱਖਾਂ ਰੁਪਏ ਖਰਚ ਕੀਤੇ ਜਾਣ ਦਾ ਦਾਅਵਾ ਕਰਦਿਆਂ ਸਵਾਲ ਉਠਾਇਆ ਕਿ ਇਸ ਦੇ ਬਾਵਜੂਦ ਪਸ਼ੂਆਂ ਨੂੰ ਲੋੜੀਂਦਾ ਅਤੇ ਨਿਰਧਾਰਤ ਆਹਾਰ ਕਿਉਂ ਨਹੀਂ ਮਿਲ ਰਿਹਾ। ਪਹਿਲਾਂ ਵੀ ਹੋ ਚੁੱਕੇ ਹਨ ਧਰਨੇ ਤੇ ਪ੍ਰਦਰਸ਼ਨ ਸਮਾਜ ਸੇਵੀਆਂ ਅਨੁਸਾਰ ਕੈਟਲ ਪੌਂਡ ਦੀਆਂ ਵਿਵਸਥਾਵਾਂ ਨੂੰ ਲੈ ਕੇ ਬਠਿੰਡਾ ਵਿੱਚ ਕਈ ਵਾਰ ਧਰਨੇ ਅਤੇ ਪ੍ਰਦਰਸ਼ਨ ਹੋ ਚੁੱਕੇ ਹਨ। ਸਮੱਸਿਆ ਦੇ ਵਿਰੋਧ ਵਿੱਚ ਬਾਜ਼ਾਰ ਬੰਦ ਤੱਕ ਕਰਵਾਏ ਗਏ। ਉਨ੍ਹਾਂ ਦੋਸ਼ ਲਾਇਆ ਕਿ ਹਰ ਵਾਰ ਭਰੋਸਾ ਦੇਣ ਤੋਂ ਬਾਅਦ ਮਾਮਲਾ ਸ਼ਾਂਤ ਹੋ ਜਾਂਦਾ ਹੈ, ਪਰ ਸਥਾਈ ਪੱਧਰ ’ਤੇ ਵਿਵਸਥਾਵਾਂ ਵਿੱਚ ਸੁਧਾਰ ਨਹੀਂ ਹੁੰਦਾ। ਨੁਮਾਇੰਦਿਆਂ ਨੇ ਕੈਟਲ ਪੌਂਡ ਦੇ ਅੰਦਰ ਮਰੇ ਹੋਏ ਗਊਵੰਸ਼ ਦੇ ਨਿਪਟਾਰੇ ਨੂੰ ਲੈ ਕੇ ਵੀ ਸਵਾਲ ਉਠਾਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਕੈਂਪਸ ਵਿੱਚ ਵੱਡੀ ਗਿਣਤੀ ਵਿੱਚ ਮਰੇ ਹੋਏ ਗਊਵੰਸ਼ ਨੂੰ ਦੱਬਿਆ ਗਿਆ ਹੈ। ਉਨ੍ਹਾਂ ਮਰੇ ਹੋਏ ਪਸ਼ੂਆਂ ਦੇ ਨਿਪਟਾਰੇ ਦੀ ਵਿਵਸਥਾ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਕਈ ਵਿਭਾਗਾਂ ਨੂੰ ਭੇਜੀ ਸ਼ਿਕਾਇਤ ਕੈਟਲ ਪੌਂਡ ਦੀਆਂ ਵਿਵਸਥਾਵਾਂ ਵਿਚ ਸੁਧਾਰ ਨੂੰ ਲੈ ਕੇ ਐਨੀਮਲ ਵੈਲਫੇਅਰ ਬੋਰਡ ਆਫ਼ ਇੰਡੀਆ, ਪੰਜਾਬ ਗਊ ਸੇਵਾ ਕਮਿਸ਼ਨ, ਮੁੱਖ ਮੰਤਰੀ ਪੰਜਾਬ, ਪ੍ਰਮੁੱਖ ਸਕੱਤਰ ਪੰਜਾਬ, ਜ਼ਿਲ੍ਹਾ ਪ੍ਰਸ਼ਾਸਨ, ਪਸ਼ੂ ਪਾਲਣ ਵਿਭਾਗ ਅਤੇ ਨਗਰ ਨਿਗਮ ਬਠਿੰਡਾ ਸਮੇਤ ਸਬੰਧਤ ਅਧਿਕਾਰੀਆਂ ਨੂੰ ਸ਼ਿਕਾਇਤ ਭੇਜੇ ਜਾਣ ਦੀ ਗੱਲ ਨੁਮਾਇੰਦਿਆਂ ਨੇ ਕਹੀ ਹੈ। ਉਨ੍ਹਾਂ ਦੀ ਮੰਗ ਹੈ ਕਿ ਕੈਟਲ ਪੌਂਡ ਵਿੱਚ ਲੋੜੀਂਦਾ ਹਰਾ ਚਾਰਾ, ਤੂੜੀ, ਪਾਣੀ ਅਤੇ ਪੌਸ਼ਟਿਕ ਆਹਾਰ ਮੁਹੱਈਆ ਕਰਵਾਇਆ ਜਾਵੇ। ਇਸ ਦੇ ਨਾਲ ਹੀ ਬਿਮਾਰ ਪਸ਼ੂਆਂ ਦੀ ਨਿਯਮਤ ਸਿਹਤ ਜਾਂਚ, ਦਵਾਈਆਂ ਦੀ ਉਪਲਬਧਤਾ ਅਤੇ ਸਮੇਂ ਸਿਰ ਇਲਾਜ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਗਊਵੰਸ਼ ਦੀ ਦੇਖਭਾਲ ਲਈ ਨਿਯਮਤ ਨਿਗਰਾਨੀ ਅਤੇ ਜਵਾਬਦੇਹੀ ਤੈਅ ਕੀਤੇ ਬਿਨਾਂ ਸਮੱਸਿਆ ਦਾ ਸਥਾਈ ਹੱਲ ਸੰਭਵ ਨਹੀਂ ਹੈ।