ਅੱਜ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ, ਮੰਡੀਆਂ ਵਿੱਚ ਅਜੇ ਵੀ ਤਿਆਰੀਆਂ ਜਾਰੀ ਅੱਜ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ, ਮੰਡੀਆਂ ਵਿੱਚ ਅਜੇ ਵੀ ਤਿਆਰੀਆਂ ਜਾਰੀ
Publish Date: Wed, 30 Sep 2026 05:00 PM (IST)
Updated Date: Wed, 30 Sep 2026 05:00 PM (IST)
10 ਅਕਤੂਬਰ ਤੋਂ ਬਾਅਦ ਝੋਨੇ ਦੀ ਆਮਦ ਦਾ ਅਨੁਮਾਨ, ਆਰਜ਼ੀ ਮੰਡੀਆਂ ਸਬੰਧੀ ਵੀ ਸਥਿਤੀ ਸਪੱਸ਼ਟ ਨਹੀਂ ਜ਼ਿਲ੍ਹੇ |ਚ ਇਸ ਵਾਰ 14.75 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਦਾ ਟੀਚਾ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਜ਼ਿਲ੍ਹੇ ਵਿਚ ਝੋਨੇ ਦੀ ਸਰਕਾਰੀ ਖਰੀਦ ਅੱਜ 1 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ, ਪਰ ਖਰੀਦ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੰਡੀਆਂ ਵਿਚ ਤਿਆਰੀਆਂ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ। ਕਈ ਮੰਡੀਆਂ ਵਿਚ ਸਫ਼ਾਈ ਦਾ ਕੰਮ ਅਜੇ ਵੀ ਚੱਲ ਰਿਹਾ ਹੈ, ਜਦਕਿ ਕੁਝ ਥਾਵਾਂ ’ਤੇ ਰੌਸ਼ਨੀ ਲਈ ਲੋੜੀਂਦੀਆਂ ਲਾਈਟਾਂ ਦੀ ਵਿਵਸਥਾ ਵੀ ਪੂਰੀ ਨਹੀਂ ਹੋ ਸਕੀ। ਦੂਜੇ ਪਾਸੇ ਆਰਜ਼ੀ ਮੰਡੀਆਂ ਸਥਾਪਤ ਕਰਨ ਨੂੰ ਲੈ ਕੇ ਵੀ ਸਥਿਤੀ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ। ਮੰਡੀ ਬੋਰਡ ਵੱਲੋਂ ਅਜੇ ਤੱਕ ਆਰਜ਼ੀ ਮੰਡੀਆਂ ਦੀ ਸੂਚੀ ਤਿਆਰ ਨਹੀਂ ਕੀਤੀ ਗਈ। ਹਾਲਾਂਕਿ ਅਧਿਕਾਰੀਆਂ ਦਾ ਦਾਅਵਾ ਹੈ ਕਿ 1 ਅਕਤੂਬਰ ਤੋਂ ਪਹਿਲਾਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਨਾਲ ਸਬੰਧਤ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਜਾਣਗੇ। ਅਧਿਕਾਰੀਆਂ ਅਨੁਸਾਰ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਝੋਨੇ ਦੀ ਅਸਲ ਆਮਦ 10 ਅਕਤੂਬਰ ਤੋਂ ਬਾਅਦ ਦਾ ਅਨੁਮਾਨ ਹੈ। ਇਸ ਦੇ ਬਾਵਜੂਦ ਸਰਕਾਰੀ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਨਿਰਧਾਰਤ ਪ੍ਰੋਗਰਾਮ ਅਨੁਸਾਰ ਮੰਡੀਆਂ ਵਿੱਚ ਪਹੁੰਚ ਕੇ ਖਰੀਦ ਪ੍ਰਕਿਰਿਆ ਸ਼ੁਰੂ ਕਰਨੀ ਹੋਵੇਗੀ। ਇਸ ਸੀਜ਼ਨ ਦੌਰਾਨ ਬਠਿੰਡਾ ਜ਼ਿਲ੍ਹੇ ਵਿੱਚ 14.75 ਲੱਖ ਮੀਟ੍ਰਿਕ ਟਨ ਝੋਨੇ ਦੀ ਸਰਕਾਰੀ ਖਰੀਦ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ। ਅਜਿਹੇ ਵਿੱਚ ਜੇਕਰ ਸ਼ੁਰੂਆਤੀ ਦੌਰ ਵਿੱਚ ਹੀ ਮੰਡੀਆਂ ਵਿੱਚ ਬੁਨਿਆਦੀ ਸਹੂਲਤਾਂ ਦੀ ਘਾਟ ਰਹਿੰਦੀ ਹੈ ਤਾਂ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 194 ਖਰੀਦ ਕੇਂਦਰਾਂ ’ਤੇ ਹੋਵੇਗੀ ਖਰੀਦ, ਆਰਜ਼ੀ ਮੰਡੀਆਂ ਦੀ ਸੂਚੀ ਵੀ ਤਿਆਰ ਨਹੀਂ ਬਠਿੰਡਾ ਜ਼ਿਲ੍ਹੇ ਵਿੱਚ ਝੋਨੇ ਦੀ ਖਰੀਦ ਲਈ ਕੁੱਲ 194 ਖਰੀਦ ਕੇਂਦਰ ਨਿਰਧਾਰਤ ਕੀਤੇ ਗਏ ਹਨ। ਇਸ ਦੇ ਬਾਵਜੂਦ ਆਰਜ਼ੀ ਮੰਡੀਆਂ ਨੂੰ ਲੈ ਕੇ ਅਜੇ ਤਕ ਸਥਿਤੀ ਸਪੱਸ਼ਟ ਨਹੀਂ ਹੋ ਸਕੀ। ਇਹ ਮੰਡੀਆਂ ਕਿੱਥੇ ਸਥਾਪਤ ਕੀਤੀਆਂ ਜਾਣੀਆਂ ਹਨ ਅਤੇ ਉੱਥੇ ਖਰੀਦ ਲਈ ਲੋੜੀਂਦੀਆਂ ਸਹੂਲਤਾਂ ਕਦੋਂ ਤੱਕ ਉਪਲਬਧ ਹੋਣਗੀਆਂ, ਇਸ ਸਬੰਧੀ ਅੰਤਿਮ ਸਥਿਤੀ ਸਾਹਮਣੇ ਨਹੀਂ ਆਈ। ਜ਼ਿਲ੍ਹਾ ਮੰਡੀ ਬੋਰਡ ਦੇ ਅਧਿਕਾਰੀਆਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਇਸ ਸਬੰਧੀ ਗੱਲਬਾਤ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਆਰਜ਼ੀ ਮੰਡੀਆਂ ਸਥਾਪਤ ਕਰਨ ਸਬੰਧੀ ਰਿਪੋਰਟ ਭੇਜੀ ਜਾਵੇਗੀ। ਖਰੀਦ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਆਰਜ਼ੀ ਮੰਡੀਆਂ ਦੀ ਵਿਵਸਥਾ ਨੂੰ ਲੈ ਕੇ ਬਣੀ ਅਨਿਸ਼ਚਿਤਤਾ ਨੇ ਤਿਆਰੀਆਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਦੂਜੇ ਪਾਸੇ ਕਈ ਮੰਡੀਆਂ ਵਿੱਚ ਸਫ਼ਾਈ ਦਾ ਕੰਮ ਅਜੇ ਵੀ ਜਾਰੀ ਹੈ ਅਤੇ ਕੁਝ ਥਾਵਾਂ ’ਤੇ ਰੌਸ਼ਨੀ ਦੀ ਵਿਵਸਥਾ ਵੀ ਪੂਰੀ ਨਹੀਂ ਹੋਈ। ਝੋਨੇ ਦੀ ਆਮਦ ਵਧਣ ਦੇ ਨਾਲ ਕਿਸਾਨਾਂ ਨੂੰ ਫਸਲ ਉਤਾਰਨ, ਸਫ਼ਾਈ ਅਤੇ ਵਿਕਰੀ ਲਈ ਲੋੜੀਂਦੀ ਜਗ੍ਹਾ ਤੋਂ ਇਲਾਵਾ ਹੋਰ ਬੁਨਿਆਦੀ ਸਹੂਲਤਾਂ ਦੀ ਵੀ ਲੋੜ ਹੋਵੇਗੀ। ਇਸ ਲਈ ਸਮੇਂ ਸਿਰ ਸਾਰੇ ਪ੍ਰਬੰਧ ਮੁਕੰਮਲ ਕਰਨਾ ਪ੍ਰਸ਼ਾਸਨ ਲਈ ਚੁਣੌਤੀ ਹੋਵੇਗੀ। ਜ਼ਿਲ੍ਹਾ ਮੰਡੀ ਅਫ਼ਸਰ ਜਸਵਿੰਦਰ ਚਹਿਲ ਨੇ ਕਿਹਾ ਕਿ ਆਰਜ਼ੀ ਮੰਡੀਆਂ ਸਥਾਪਤ ਕਰਨ ਲਈ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਇਸ ਸਬੰਧੀ ਕੰਮ ਜਲਦ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਮੰਡੀਆਂ ਵਿੱਚ ਝੋਨੇ ਦੀ ਖਰੀਦ ਨਾਲ ਸਬੰਧਤ ਸਾਰੇ ਪ੍ਰਬੰਧ ਵੀ ਸਮੇਂ ਸਿਰ ਪੂਰੇ ਕਰ ਲਏ ਜਾਣਗੇ। 14.75 ਲੱਖ ਮੀਟ੍ਰਿਕ ਟਨ ਖਰੀਦ ਦਾ ਟੀਚਾ, ਏਜੰਸੀਆਂ ਨੂੰ ਜ਼ਿੰਮੇਵਾਰੀ ਸੌਂਪੀ ਜ਼ਿਲ੍ਹੇ ਵਿੱਚ ਇਸ ਸੀਜ਼ਨ ਦੌਰਾਨ 14.75 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਦਾ ਟੀਚਾ ਰੱਖਿਆ ਗਿਆ ਹੈ। ਇਸ ਲਈ ਵੱਖ-ਵੱਖ ਸਰਕਾਰੀ ਖਰੀਦ ਏਜੰਸੀਆਂ ਨੂੰ ਖਰੀਦ ਦੀ ਜ਼ਿੰਮੇਵਾਰੀ ਵੀ ਨਿਰਧਾਰਤ ਕੀਤੀ ਗਈ ਹੈ। ਪਨਗ੍ਰੇਨ ਵੱਲੋਂ ਕੁੱਲ ਖਰੀਦ ਦਾ 34 ਫੀਸਦੀ, ਮਾਰਕਫੈੱਡ ਵੱਲੋਂ 26 ਫੀਸਦੀ, ਪਨਸਪ ਵੱਲੋਂ 22 ਫੀਸਦੀ, ਵੇਅਰਹਾਊਸ ਵੱਲੋਂ 13 ਫੀਸਦੀ ਅਤੇ ਐੱਫਸੀਆਈ ਵੱਲੋਂ 5 ਫੀਸਦੀ ਝੋਨੇ ਦੀ ਖਰੀਦ ਕੀਤੀ ਜਾਣੀ ਹੈ। ਕਿਸਾਨਾਂ ਨੂੰ ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਆਮ ਝੋਨੇ ਲਈ 2441 ਰੁਪਏ ਅਤੇ ਗ੍ਰੇਡ-ਏ ਝੋਨੇ ਲਈ 2461 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਗਿਆ ਹੈ। ਖਰੀਦ ਪ੍ਰਕਿਰਿਆ ਦੀ ਨਿਗਰਾਨੀ ਲਈ ਜ਼ਿਲ੍ਹਾ ਪੱਧਰ ’ਤੇ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ, ਜਿਸ ਦੇ ਚੇਅਰਮੈਨ ਡਿਪਟੀ ਕਮਿਸ਼ਨਰ ਹੋਣਗੇ। ਪਨਗ੍ਰੇਨ ਦੇ ਜ਼ਿਲ੍ਹਾ ਮੈਨੇਜਰ ਕਮੇਟੀ ਦੇ ਮੈਂਬਰ ਕਨਵੀਨਰ ਹੋਣਗੇ। ਇਸ ਤੋਂ ਇਲਾਵਾ ਮਾਰਕਫੈੱਡ, ਪਨਸਪ ਅਤੇ ਵੇਅਰਹਾਊਸ ਦੇ ਜ਼ਿਲ੍ਹਾ ਮੈਨੇਜਰ, ਐੱਫਸੀਆਈ ਦੇ ਡਿਵੀਜ਼ਨਲ ਏਰੀਆ ਮੈਨੇਜਰ ਅਤੇ ਜ਼ਿਲ੍ਹਾ ਮੰਡੀ ਅਫ਼ਸਰ ਕਮੇਟੀ ਦੇ ਮੈਂਬਰ ਹੋਣਗੇ। ਇਹ ਕਮੇਟੀ ਮੰਡੀਆਂ ਵਿੱਚ ਝੋਨੇ ਦੀ ਆਮਦ, ਖਰੀਦ, ਲਿਫਟਿੰਗ, ਸਟਾਕ ਦੇ ਪ੍ਰਬੰਧਨ ਅਤੇ ਕਿਸਾਨਾਂ ਨੂੰ ਅਦਾਇਗੀ ਦੀ ਸਮੀਖਿਆ ਕਰੇਗੀ। ਇਸ ਤੋਂ ਇਲਾਵਾ ਕਿਸਾਨਾਂ ਦੀਆਂ ਸਮੱਸਿਆਵਾਂ ਅਤੇ ਵਿਵਾਦਾਂ ਦੇ ਨਿਪਟਾਰੇ ਲਈ ਡਿਪਟੀ ਕਮਿਸ਼ਨਰ ਵੱਲੋਂ ਵਿਵਾਦ ਨਿਪਟਾਰਾ ਕਮੇਟੀ ਵੀ ਬਣਾਈ ਜਾਵੇਗੀ। ਇਸ ਵਿੱਚ ਸਬੰਧਤ ਖਰੀਦ ਏਜੰਸੀ, ਮੰਡੀ ਬੋਰਡ, ਆੜ੍ਹਤੀਆਂ, ਚੌਲ ਮਿੱਲ ਮਾਲਕਾਂ ਅਤੇ ਕਿਸਾਨਾਂ ਦੇ ਨੁਮਾਇੰਦਿਆਂ ਨੂੰ ਸ਼ਾਮਲ ਕੀਤਾ ਜਾਵੇਗਾ।