ਖਰੀਦ ਟੀਚਾ ਪੂਰਾ ਹੋਣ ਦਾ ਹਵਾਲਾ ਦੇ ਕੇ ਸਰਕਾਰੀ ਏਜੰਸੀਆਂ ਨੇ ਰੋਕੀ ਝੋਨੇ ਦੀ ਬੋਲੀ ਖਰੀਦ ਟੀਚਾ ਪੂਰਾ ਹੋਣ ਦਾ ਹਵਾਲਾ ਦੇ ਕੇ ਸਰਕਾਰੀ ਏਜੰਸੀਆਂ ਨੇ ਰੋਕੀ ਝੋਨੇ ਦੀ ਬੋਲੀ
Publish Date: Sat, 07 Nov 2026 05:36 PM (IST)
Updated Date: Sat, 07 Nov 2026 05:38 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਸਰਕਾਰੀ ਖਰੀਦ ਏਜੰਸੀਆਂ ਮਾਰਕਫੈੱਡ, ਪਨਗ੍ਰੇਨ, ਪਨਸਪ ਤੇ ਵੇਅਰਹਾਊਸ ਵੱਲੋਂ ਖਰੀਦ ਟੀਚਾ 100 ਫ਼ੀਸਦੀ ਪੂਰਾ ਹੋਣ ਦਾ ਹਵਾਲਾ ਦੇ ਕੇ ਬਠਿੰਡਾ ਜ਼ਿਲ੍ਹੇ ਦੀ ਮਾਰਕੀਟ ਕਮੇਟੀ ਰਾਮਾਂ ਮੰਡੀ ਅਧੀਨ ਪੈਂਦੇ ਚਾਰ ਉਪ ਖਰੀਦ ਕੇਂਦਰਾਂ ਵਿਚ ਝੋਨੇ ਦੀ ਬੋਲੀ ਰੋਕ ਦਿੱਤੀ ਗਈ ਹੈ। ਇਨ੍ਹਾਂ ਵਿਚ ਬੰਗੀ ਨਿਹਾਲ ਸਿੰਘ, ਮਲਕਾਣਾ, ਤਰਖਾਣਵਾਲਾ ਅਤੇ ਗਾਟਵਾਲੀ ਦੇ ਖਰੀਦ ਕੇਂਦਰ ਸ਼ਾਮਲ ਹਨ। ਸਰਕਾਰੀ ਏਜੰਸੀਆਂ ਦੇ ਇਸ ਫ਼ੈਸਲੇ ਕਾਰਨ ਆਪਣੀ ਫ਼ਸਲ ਵੇਚਣ ਲਈ ਖਰੀਦ ਕੇਂਦਰਾਂ ਵਿਚ ਬੈਠੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ-ਟਿਕੈਤ ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਸਿੱਧੂ ਨੇ ਦੱਸਿਆ ਕਿ ਉਕਤ ਖਰੀਦ ਕੇਂਦਰਾਂ ਵਿਚ ਪਨਸਪ, ਪਨਗ੍ਰੇਨ, ਵੇਅਰਹਾਊਸ ਤੇ ਮਾਰਕਫੈੱਡ ਵੱਲੋਂ ਆਪਣਾ ਨਿਰਧਾਰਤ ਖਰੀਦ ਟੀਚਾ ਪੂਰਾ ਹੋਣ ਦਾ ਹਵਾਲਾ ਦੇ ਕੇ ਝੋਨੇ ਦੀ ਬੋਲੀ ਬੰਦ ਕਰ ਦਿੱਤੀ ਗਈ ਹੈ। ਇਸ ਕਾਰਨ ਕਿਸਾਨ ਆਪਣੀ ਫ਼ਸਲ ਲੈ ਕੇ ਮੰਡੀਆਂ ਵਿਚ ਬੈਠੇ ਹਨ ਤੇ ਉਨ੍ਹਾਂ ਨੂੰ ਫ਼ਸਲ ਵੇਚਣ ਲਈ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਦਿਨ-ਰਾਤ ਮਿਹਨਤ ਕਰਕੇ ਆਪਣੀ ਫ਼ਸਲ ਤਿਆਰ ਕਰਦੇ ਹਨ, ਪਰ ਜੇਕਰ ਮੰਡੀਆਂ ਵਿੱਚ ਸਮੇਂ ਸਿਰ ਖਰੀਦ ਹੀ ਨਹੀਂ ਹੋਵੇਗੀ ਤਾਂ ਕਿਸਾਨਾਂ ਨੂੰ ਆਰਥਿਕ ਤੇ ਮਾਨਸਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਕਿਸਾਨਾਂ ਨੂੰ ਇਹ ਚਿੰਤਾ ਵੀ ਸਤਾ ਰਹੀ ਹੈ ਕਿ ਜੇਕਰ ਜਲਦ ਝੋਨੇ ਦੀ ਖਰੀਦ ਸ਼ੁਰੂ ਨਾ ਹੋਈ ਤਾਂ ਉਹ ਦੀਵਾਲੀ ਦਾ ਤਿਉਹਾਰ ਵੀ ਆਪਣੇ ਪਰਿਵਾਰਾਂ ਨਾਲ ਖੁਸ਼ੀ ਨਾਲ ਨਹੀਂ ਮਨਾ ਸਕਣਗੇ। ਸਰੂਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਵਾਰ ਬਾਸਮਤੀ ਤੇ ਨਰਮੇ ਹੇਠ ਰਕਬਾ ਘਟਣ ਕਾਰਨ ਪਰਮਲ ਝੋਨੇ ਹੇਠ ਰਕਬੇ ਵਿੱਚ ਵਾਧਾ ਹੋਇਆ ਹੈ। ਇਸ ਲਈ ਸਰਕਾਰ ਤੇ ਖਰੀਦ ਏਜੰਸੀਆਂ ਨੂੰ ਇਸ ਵਧੇ ਹੋਏ ਰਕਬੇ ਨੂੰ ਧਿਆਨ ਵਿਚ ਰੱਖਦਿਆਂ ਖਰੀਦ ਦੇ ਢੁੱਕਵੇਂ ਪ੍ਰਬੰਧ ਕਰਨੇ ਚਾਹੀਦੇ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਚਾਰੇ ਖਰੀਦ ਕੇਂਦਰਾਂ ਵਿਚ ਝੋਨੇ ਦੀ ਬੋਲੀ ਤੁਰੰਤ ਸ਼ੁਰੂ ਕਰਵਾਈ ਜਾਵੇ, ਤਾਂ ਜੋ ਕਿਸਾਨਾਂ ਨੂੰ ਹੋਰ ਪ੍ਰੇਸ਼ਾਨੀ ਨਾ ਝੱਲਣੀ ਪਵੇ। ਇਸ ਮੌਕੇ ਕਿਸਾਨ ਆਗੂ ਸਰੂਪ ਸਿੰਘ ਰਾਮਾ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਜਲਦ ਕਿਸਾਨਾਂ ਦੀ ਫ਼ਸਲ ਦੀ ਖਰੀਦ ਸ਼ੁਰੂ ਨਾ ਕਰਵਾਈ ਤਾਂ ਕਿਸਾਨ ਸੜਕਾਂ ’ਤੇ ਉਤਰ ਕੇ ਵਿਰੋਧ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਸਰਕਾਰ ਅਤੇ ਸਬੰਧਤ ਖਰੀਦ ਏਜੰਸੀਆਂ ਦੀ ਹੋਵੇਗੀ।