ਮੌੜ ਮੰਡੀ ਦੀਆਂ ਗਊਸ਼ਾਲਾਵਾਂ ’ਚ ਗੋਪ ਅਸ਼ਟਮੀ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਮੌੜ ਮੰਡੀ ਦੀਆਂ ਗਊਸ਼ਾਲਾਵਾਂ ਵਿਚ ਗੋਪ ਅਸ਼ਟਮੀ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
Publish Date: Tue, 17 Nov 2026 05:36 PM (IST)
Updated Date: Tue, 17 Nov 2026 05:36 PM (IST)
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ ਮੌੜ ਮੰਡੀ ਗੋਪ ਅਸ਼ਟਮੀ ਦਾ ਪਵਿੱਤਰ ਤਿਉਹਾਰ ਅੱਜ ਮੌੜ ਮੰਡੀ ਸਮੇਤ ਪੰਜਾਬ ਅਤੇ ਦੇਸ਼ ਭਰ ਦੀਆਂ ਗਊਸ਼ਾਲਾਵਾਂ ਤੇ ਮੰਦਰਾਂ ਵਿਚ ਬੜੀ ਸ਼ਰਧਾ, ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਵੇਰ ਤੋਂ ਹੀ ਸ਼ਰਧਾਲੂਆਂ ਵੱਲੋਂ ਗਊ ਮਾਤਾ ਦੀ ਪੂਜਾ-ਅਰਚਨਾ ਕਰਕੇ ਹਰਾ ਚਾਰਾ ਅਤੇ ਗੁੜ ਖੁਆਇਆ ਗਿਆ ਅਤੇ ਪਰਿਵਾਰਾਂ ਦੀ ਸੁੱਖ-ਸ਼ਾਂਤੀ ਤੇ ਖੁਸ਼ਹਾਲੀ ਲਈ ਅਰਦਾਸ ਕੀਤੀ ਗਈ। ਮੌੜ ਮੰਡੀ ਦੀਆਂ ਪੰਚਾਇਤੀ ਗਊਸ਼ਾਲਾ, ਨੰਦਨੀ ਗਊਸ਼ਾਲਾ, ਬੇਸਹਾਰਾ ਗਊਸ਼ਾਲਾ ਸਮੇਤ ਵੱਖ-ਵੱਖ ਗਊਸ਼ਾਲਾਵਾਂ ਵਿਚ ਸਵੇਰ ਤੋਂ ਹੀ ਸ਼ਰਧਾਲੂਆਂ ਦਾ ਤਾਂਤਾ ਲੱਗਿਆ ਰਿਹਾ। ਸ਼ਰਧਾਲੂਆਂ ਨੇ ਗਊ ਮਾਤਾ ਨੂੰ ਤਿਲਕ ਲਗਾ ਕੇ ਪੂਜਾ ਕੀਤੀ ਅਤੇ ਹਰਾ ਚਾਰਾ ਤੇ ਗੁੜ ਭੇਟ ਕੀਤਾ। ਇਸ ਤੋਂ ਇਲਾਵਾ ਗਊ ਪਰਿਕਰਮਾ ਕਰਕੇ ਲੋਕਾਂ ਨੇ ਪੁੰਨ ਦੇ ਭਾਗੀ ਬਣਨ ਦੇ ਨਾਲ-ਨਾਲ ਗਊ ਸੇਵਾ ਕਰਨ ਦਾ ਸੰਕਲਪ ਵੀ ਲਿਆ। ਇਸ ਪਵਿੱਤਰ ਦਿਹਾੜੇ ਮੌਕੇ ਸ੍ਰੀ ਪ੍ਰੇਮਾਨੰਦ ਗਊ ਸੇਵਾ ਸੰਸਥਾਨ ਵੱਲੋਂ ਮੌੜ ਮੰਡੀ ਦੀਆਂ ਵੱਖ-ਵੱਖ ਗਲੀਆਂ ਵਿੱਚ ਗਊ ਪਰਿਕਰਮਾ ਕੀਤੀ ਗਈ ਅਤੇ ਮੰਡੀ ਨਿਵਾਸੀਆਂ ਨੂੰ ਗਊ ਸੇਵਾ ਲਈ ਪ੍ਰੇਰਿਤ ਕਰਦਿਆਂ ਬੇਸਹਾਰਾ ਗਊਵੰਸ਼ ਦੀ ਸਾਂਭ-ਸੰਭਾਲ ਵਿੱਚ ਵੱਧ-ਚੜ੍ਹ ਕੇ ਯੋਗਦਾਨ ਪਾਉਣ ਦੀ ਅਪੀਲ ਕੀਤੀ ਗਈ। ਵੱਖ-ਵੱਖ ਗਊਸ਼ਾਲਾਵਾਂ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਇਸ ਮੌਕੇ ਹਵਨ-ਯੱਗ ਕਰਵਾਏ ਗਏ ਤੇ ਸ਼ਰਧਾਲੂਆਂ ਲਈ ਚਾਹ-ਪਕੌੜਿਆਂ ਤੋਂ ਇਲਾਵਾ ਭੰਡਾਰੇ ਦਾ ਵਿਸ਼ੇਸ਼ ਪ੍ਰਬੰਧ ਵੀ ਕੀਤਾ ਗਿਆ।ਇਸ ਮੌਕੇ ਗੀਤਾ ਭਵਨ ਦੇ ਪੁਜਾਰੀ ਸ਼ੁਭਮ ਸ਼ਰਮਾ ਨੇ ਗੋਪ ਅਸ਼ਟਮੀ ਦੇ ਧਾਰਮਿਕ ਮਹੱਤਵ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੌਰਾਣਿਕ ਮਾਨਤਾਵਾਂ ਅਨੁਸਾਰ ਇਹ ਤਿਉਹਾਰ ਕਾਰਤਿਕ ਮਹੀਨੇ ਦੇ ਸ਼ੁਕਲ ਪੱਖ ਦੀ ਅਸ਼ਟਮੀ ਨੂੰ ਮਨਾਇਆ ਜਾਂਦਾ ਹੈ। ਮਾਨਤਾ ਹੈ ਕਿ ਇਸੇ ਦਿਨ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੇ ਪਹਿਲੀ ਵਾਰ ਗਊਆਂ ਚਰਾਉਣ ਦੀ ਜ਼ਿੰਮੇਵਾਰੀ ਸੰਭਾਲੀ ਸੀ। ਉਨ੍ਹਾਂ ਕਿਹਾ ਕਿ ਗਊ ਮਾਤਾ ਦੀ ਸੇਵਾ ਅਤੇ ਸਾਂਭ-ਸੰਭਾਲ ਕਰਨਾ ਸਾਡੀ ਧਾਰਮਿਕ ਅਤੇ ਸਮਾਜਿਕ ਜ਼ਿੰਮੇਵਾਰੀ ਹੈ। ਇਸ ਮੌਕੇ ਡਾਕਟਰ ਵਿਪਨ ਚੰਦਰ, ਨੀਰਜ ਗੋਇਲ, ਸੁਨੀਲ ਕੁਮਾਰ ਸਨੀ,ਭਾਵਿਕ,ਸੁਮਿਤ,ਪੰਚਾਇਤੀ ਗਊਸ਼ਾਲਾ ਵਿਖੇ ਸੀਤਲਾ ਮਾਤਾ ਗਊ ਸੇਵਾ ਕਮੇਟੀ ਦੇ ਵਿਜੇ ਕੁਮਾਰ ਸੰਦੋਹਾ ਸਾਬਕਾ ਪ੍ਰਧਾਨ ਨਗਰ ਕੌਂਸਲ ਮੌੜ, ਮੋਨੂ ਤੇ ਹਰੀਸ਼ ਕੁਮਾਰ ਤੋਂ ਇਲਾਵਾ ਬੇਸਹਾਰਾ ਗਊਸ਼ਾਲਾ ਦੇ ਪ੍ਰਧਾਨ ਵਿਜੇ ਕੁਮਾਰ ਭੋਲਾ, ਮਨੀਸ਼ ਕੁਮਾਰ, ਗਿਆਨ ਚੰਦ ਮਿੱਤਲ ਅਤੇ ਨੰਦਨੀ ਗਊਸ਼ਾਲਾ ਦੇ ਸੇਵਾਦਾਰਾਂ ਸਮੇਤ ਵੱਡੀ ਗਿਣਤੀ ਵਿਚ ਮੰਡੀ ਨਿਵਾਸੀ ਅਤੇ ਸ਼ਰਧਾਲੂ ਹਾਜ਼ਰ ਸਨ।