ਗਿੱਲ ਰੌਂਤਾ ਨੇ ਆਪਣੇ ਸਾਹੁਰਾ ਪਿੰਡ ਤੋਂ ਸਿਆਸੀ ਮੈਦਾਨ ’ਚ ਪੈਰ ਧਰਿਆ ਗਿੱਲ ਰੌਂਤਾ ਨੇ ਆਪਣੇ ਸਾਹੁਰਾ ਪਿੰਡ ਤੋਂ ਸਿਆਸੀ ਮੈਦਾਨ ’ਚ ਪੈਰ ਧਰਿਆ
Publish Date: Wed, 07 Oct 2026 04:52 PM (IST)
Updated Date: Wed, 07 Oct 2026 04:53 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ- ਬੀਂਤੇ ਦਿਨੀ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਿਚ ਸ਼ਾਮਿਲ ਹੋਏ ਨਾਮੀ ਗੀਤਕਾਰ ਅਤੇ ਲੇਖਕ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੇ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਅਧੀਨ ਪੈਂਦੇ ਆਪਣੇ ਸਾਹੁਰਾ ਪਿੰਡ ਕੋਠਾ ਗੁਰੂ ਦੀ ਧਰਤੀ ਤੋਂ ਆਪਣੀ ਪਹਿਲੀ ਸਟੇਜ ਲਗਾ ਕੇ ਸਿਆਸੀ ਮੈਦਾਨ ਵਿਚ ਪੈਰ ਧਰ ਲਿਆ ਹੈ। ਇਸ ਸਮਾਗਮ ਵਿਚ ਬੀਬੀ ਸੰਦੀਪ ਕੌਰ ਖਾਲਸਾ ਪਤਨੀ ਭਾਈ ਸਰਬਜੀਤ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਲੋਕ ਸਭਾ ਫਰੀਦਕੋਟ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਗਿੱਲ ਰੌਂਤਾ ਦਾ ਪਹਿਲਾ ਸੰਬੋਧਨ ਅਤੇ ਪਹਿਲਾ ਇਕੱਠ ਪ੍ਰਭਾਵਸ਼ਾਲੀ ਸਾਬਤ ਹੋਇਆ। ਇਕੱਠ ਦੌਰਾਨ ਗਿੱਲ ਰੌਂਤਾ ਨੇ ਕਿਹਾ ਕਿ ਕੋਠਾ ਗੁਰੂ ਨਗਰ ਦਾ ਉਨ੍ਹਾਂ ਸਿਰ ਪਹਿਲਾ ਹੀ ਵੱਡਾ ਅਹਿਸਾਨ ਹੈ ਅਤੇ ਅੱਜ ਲੋਕਾਂ ਵਲੋਂ ਦਿੱਤੇ ਗਏ ਪਿਆਰ ਦਾ ਵੀ ਉਹ ਹਮੇਸ਼ਾ ਰਿਣੀ ਰਹੇਗਾ। ਗਿੱਲ ਰੌਂਤਾ ਨੇ ਕਿਹਾ ਕਿ ਉਹ ਹਮੇਸ਼ਾ ਹੀ ਪੰਜਾਬ ਅਤੇ ਨੌਜਵਾਨਾਂ ਦੇ ਭਵਿੱਖ ਲਈ ਫਿਕਰਮੰਦ ਰਹੇ ਹਨ, ਉਨ੍ਹਾਂ ਆਪਣੇ ਗੀਤਾਂ ਰਾਹੀ ਵੀ ਪੰਜਾਬ, ਨੌਜਵਾਨਾਂ ਦੇ ਹਲਾਤਾਂ ਅਤੇ ਕਿਸਾਨਾਂ ਦੀਆਂ ਫਸਲਾਂ ਦੇ ਦਰਦ ਦੀ ਹੀ ਜਿਆਦਾਤਰ ਗੱਲ ਕੀਤੀ ਹੈ। ਗਿੱਲ ਰੌਂਤਾ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਪੰਜਾਬ ਅੰਦਰ ਬਹਿ ਰਹੇ ਨਸ਼ਿਆਂ ਦੇ ਦਰਿਆ ਨੂੰ ਠੱਲ੍ਹ ਪਾਉਣ ਦੀ ਦੁਹਾਈ ਪਾ ਕੇ ਪੰਜਾਬੀਆਂ ਤੋਂ ਵੋਟਾਂ ਵਟੋਰੀਆਂ ਜਾ ਰਹੀਆਂ ਹਨ। ਦੂਜੇ ਪਾਸੇ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੇ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਵੱਡੀ ਪੱਧਰ ਤੇ ਨੌਜਵਾਨਾਂ ਨੂੰ ਅਮ੍ਰਿਤਪਾਨ ਕਰਵਾ ਕੇ ਗੁਰੂ ਲੜ ਜੋੜਿਆ ਗਿਆ। ਵਿਰੋਧੀ ਤਾਕਤਾਂ ਨੂੰ ਭਾਈ ਸਾਹਿਬ ਦੀ ਮਿਹਨਤ ਹਜਮ ਨਹੀ ਆਈ ਤਾ ਉਨ੍ਹਾਂ ਵਿਰੋਧ ਸ਼ਾਜਿਸਾਂ ਘੜ੍ਹ ਕੇ ਜੇਲ ਵਿਚ ਨਜਰਬੰਦ ਕਰਵਾ ਦਿੱਤਾ ਗਿਆ। ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਹਲਕਾ ਖੰਡੂਰ ਸਾਹਿਬ ਅਤੇ ਹਲਕਾ ਫਰੀਦਕੋਟ ਦੇ ਲੋਕਾਂ ਨੇ ਉਨ੍ਹਾਂ ਨੂੰ ਮਣਾਮੂਹੀ ਨਾਲ ਸਤਿਕਾਰਿਆ। ਗਿੱਲ ਰੌਂਤਾ ਨੇ ਕਿਹਾ ਕਿ ਉਹ ਹਮੇਸ਼ਾ ਪੰਜਾਬ ਦੇ ਹਲਾਤਾਂ ਨੂੰ ਬਦਲਣ ਲਈ ਫਿਕਰਮੰਦ ਰਹਿਣਗੇ ਅਤੇ ਸੂਬੇ ਦੀ ਨੌਜਵਾਨ ਪੀੜੀ ਦੇ ਉਜਵਲ ਭਵਿੱਖ ਲਈ ਤਤਪਰ ਰਹਿਣਗੇ। ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋਂ ਭਾਵੇਂ ਅਜੇ ਤੱਕ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਕਿਸੇ ਉਮੀਦਵਾਰ ਦੇ ਨਾਮ ਦਾ ਐਲਾਨ ਨਹੀ ਕੀਤਾ ਗਿਆ, ਪਰੰਤੂ ਹਲਕੇ ਅੰਦਰ ਗਿੱਲ ਰੌਂਤਾ ਤੋਂ ਇਲਾਵਾਂ ਕੁਝ ਹੋਰ ਵੀ ਆਗੂ ਕਾਫੀ ਸਮੇਂ ਤੋਂ ਟਿੱਕਟ ਦੀ ਦਾਅਵੇਦਾਰੀ ਨੂੰ ਲੈ ਕੇ ਸਰਗਰਮ ਚੱਲ ਰਹੇ ਹਨ। ਜਿਨ੍ਹਾਂ ਵਿਚ ਪਿੰਡ ਕੋਠਾ ਗੁਰੂ ਨਾਲ ਹੀ ਸਬੰਧਤ ਦੀਪ ਕੋਠਾਗੁਰੂ (ਲੰਡੀ ਜੀਪ ਵਾਲਾ), ਸੁਖਵਿੰਦਰ ਸਿੰਘ ਗਗਨ ਭਗਤਾ, ਦਲਜੀਤ ਸਿੰਘ ਦੁੱਲੇਵਾਲਾ, ਜਸਕਰਨ ਸਿੰਘ ਭਾਈਰੂਪਾ ਆਦਿ ਨਾਮ ਵੀ ਚਰਚਾ ਵਿਚ ਹਨ।