- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੈਬਨਿਟ ਮੰਤਰੀ ਮੁੰਡੀਆਂ ਦੀ ਕੋਠੀ ਦਾ ਘਿਰਾਓ 28 ਨੂੰ

ਵੀਰਪਾਲ ਭਗਤਾ, ਪੰਜਾਬੀ ਜਾਗਰਣ
ਬਠਿੰਡਾ-
ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿਚ ਨਿਰੋਲ ਠੇਕਾ ਅਧਾਰਤ ਪੋਸਟਾਂ (ਬੀਆਰਸੀ, ਆਈਈਸੀ, ਸੀਡੀਐਸ, ਜੇਈ, ਡਾਟਾ ਐਂਟਰੀ ਉਪਰੇਟਰ, ਫਾਇਨਾਂਸ ਅਫ਼ਸਰ, ਡਰਾਈਵਰ, ਸੇਵਾਦਾਰ ਆਦਿ) ਤੇ ਸੇਵਾਵਾਂ ਨਿਭਾਅ ਰਹੇ ਸੋਸ਼ਲ ਕਰਮਚਾਰੀਆਂ ਨੇ ਪੰਜਾਬ ਸਰਕਾਰ ਦੁਆਰਾ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਨੂੰ ਆਮ ਲੋਕਾਂ ਸਾਹਮਣੇ ਰੱਖਣ ਲਈ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ ਤੇ ਪਿੰਡ ਮੁੰਡੀਆਂ ਕਲਾਂ ਵਿਖੇ 28 ਸਤੰਬਰ ਨੂੰ ਕੈਬਨਿਟ ਮੰਤਰੀ ਸ਼੍ਰੀ ਹਰਦੀਪ ਸਿੰਘ ਮੁੰਡੀਆਂ ਦੀ ਕੋਠੀ ਦਾ ਘਿਰਾਓ ਕਰਕੇ ਯੂਨੀਅਨ ਵੱਲੋਂ ਪੱਕਾ ਮੋਰਚਾ ਵੀ ਲਗਾਇਆ ਜਾਵੇਗਾ। ਜਿਸ ਸਬੰਧੀ ਜਾਣਕਾਰੀ ਦਿੰਦੇ ਸੋਸ਼ਲ ਕਰਮਚਾਰੀ ਯੂਨੀਅਨ ਦੇ ਆਗੂ ਰਣਜੀਤ ਸਿੰਘ ਗੁੰਮਟੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਪਹਿਲਾਂ ਤੋਂ ਹੀ ਘੱਟ ਤਨਖਾਹਾਂ ਤੇ ਕੰਮ ਕਰਦੇ ਸੋਸ਼ਲ ਕਰਮਚਾਰੀਆਂ ਦੀ ਤਨਖਾਹ ਤੇ ਵੱਡਾ ਕੱਟ ਲਗਾਇਆ ਹੋਇਆ ਹੈ। ਸਾਲ 2023 ਤੋਂ ਫੀਲਡ ਡਿਊਟੀ ਹੋਣ ਕਾਰਨ ਮਿਲਣ ਵਾਲਾ ਸਫ਼ਰੀ ਭੱਤਾ ਅਤੇ ਹੋਰ ਭੱਤੇ, ਪ੍ਰੋਗ੍ਰੈਸ ਦੇ ਅਧਾਰ ਤੇ ਮਿਲਣ ਵਾਲਾ ਸਾਲਾਨਾ ਤਨਖਾਹ ਵਾਧਾ ਰੋਕ ਰੱਖੇ ਹਨ, ਜਿਸ ਨਾਲ ਭਾਰੀ ਆਰਥਿਕ ਨੁਕਸਾਨ ਹੋ ਰਿਹਾ ਹੈ। ਸਰਕਾਰ ਨਾਲ ਭਾਵੇਂ ਹੁਣ ਤੱਕ ਕਾਫੀ ਪੈਨਲ ਮੀਟਿੰਗਾਂ ਹੋਣ ਦੇ ਬਾਵਜੂਦ ਕੋਈ ਹੱਲ ਨਾ ਹੋਣ ਕਾਰਨ ਮੁੰਡੀਆਂ ਵਿਖੇ ਰੱਖੇ ਗਏ ਧਰਨੇ ਵਿੱਚ ਵੱਡੇ ਪੱਧਰ ਤੇ ਸੋਸ਼ਲ ਕਰਮਚਾਰੀ ਯੂਨੀਅਨ ਪੰਜਾਬ, ਬਲਾਕ ਕੋਆਰਡੀਨੇਟਰ ਯੂਨੀਅਨ ਪੰਜਾਬ, ਸੋਸ਼ਲ ਇੰਪਲਾਇਜ ਯੂਨੀਅਨ ਪੰਜਾਬ ਅਤੇ ਕੰਟ੍ਰੈਚੂਅਲ ਇੰਪਲਾਇਜ ਵੈਲਫ਼ੇਅਰ ਐਸੋਸੀਏਸ਼ਨ ਪੰਜਾਬ ਦੇ ਸੋਸ਼ਲ ਕਰਮਚਾਰੀ ਸ਼ਾਮਲ ਹੋਣਗੇ ਅਤੇ ਸਰਕਾਰ ਦਾ ਜੰਮ ਕੇ ਵਿਰੋਧ ਕਰਨਗੇ।