ਵਿਆਹ ਦਾ ਝਾਂਸਾ ਦੇ ਕੇ ਕਰੋੜਾਂ ਦੀ ਠੱਗੀ! ਕੈਨੇਡਾ ਪਹੁੰਚਦਿਆਂ ਹੀ ਮੁੱਕਰੀ ਪਤਨੀ, ਪੀੜਤ ਨੌਜਵਾਨ ਦੇ ਉੱਡੇ ਹੋਸ਼
ਵਿਆਹ ਤੋਂ ਕੈਨੇਡਾ ਪਹੁੰਚ ਕੇ ਇਕ ਕੁੜੀ ਵੱਲੋਂ ਮੁਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਕੁੜੀ ਨੇ ਇਸ ਤਰ੍ਹਾਂ ਕਰਕੇ ਪਰਿਵਾਰ ਨਾਲ ਲੱਖਾਂ ਰੁਪਏ ਦੀ ਠੱਗੀ ਮਾਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਕੈਨੇਡਾ ਭੇਜਣ ਅਤੇ ਬਾਅਦ ’ਚ ਪਤੀ ਨੂੰ ਆਪਣੇ ਕੋਲ ਸਪਾਂਸਰ ਕਰਕੇ ਬੁਲਾਉਣ ਦਾ ਭਰੋਸਾ ਦੇ ਕੇ 48 ਲੱਖ ਰੁਪਏ ਖਰਚ ਕਰਵਾਉਣ ਮਗਰੋਂ ਵਾਅਦੇ ਤੋਂ ਮੁੱਕਰਨ ਦੇ ਦੋਸ਼ ਹੇਠ ਨੇਹੀਆਂਵਾਲਾ ਥਾਣਾ ਪੁਲਿਸ ਨੇ ਇਕ ਕੁੜੀ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ।
Publish Date: Fri, 07 Aug 2026 04:28 PM (IST)
Updated Date: Fri, 07 Aug 2026 04:31 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ - ਵਿਆਹ ਤੋਂ ਕੈਨੇਡਾ ਪਹੁੰਚ ਕੇ ਇਕ ਕੁੜੀ ਵੱਲੋਂ ਮੁਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਕੁੜੀ ਨੇ ਇਸ ਤਰ੍ਹਾਂ ਕਰਕੇ ਪਰਿਵਾਰ ਨਾਲ ਲੱਖਾਂ ਰੁਪਏ ਦੀ ਠੱਗੀ ਮਾਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਕੈਨੇਡਾ ਭੇਜਣ ਅਤੇ ਬਾਅਦ ’ਚ ਪਤੀ ਨੂੰ ਆਪਣੇ ਕੋਲ ਸਪਾਂਸਰ ਕਰਕੇ ਬੁਲਾਉਣ ਦਾ ਭਰੋਸਾ ਦੇ ਕੇ 48 ਲੱਖ ਰੁਪਏ ਖਰਚ ਕਰਵਾਉਣ ਮਗਰੋਂ ਵਾਅਦੇ ਤੋਂ ਮੁੱਕਰਨ ਦੇ ਦੋਸ਼ ਹੇਠ ਨੇਹੀਆਂਵਾਲਾ ਥਾਣਾ ਪੁਲਿਸ ਨੇ ਇਕ ਕੁੜੀ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ।
ਹਾਲਾਂਕਿ ਇਸ ਮਾਮਲੇ ’ਚ ਅਜੇ ਤੱਕ ਕਿਸੇ ਵੀ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ ਤੇ ਪੁਲਿਸ ਵੱਲੋਂ ਜਾਂਚ ਜਾਰੀ ਹੈ। ਥਾਣਾ ਨੇਹੀਆਂਵਾਲਾ ਥਾਣਾ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਪਿੰਡ ਹਰਰਾਏਪੁਰ ਦੇ ਰਹਿਣ ਵਾਲੇ ਕਮਲਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਵਿਆਹ ਜਸਪ੍ਰੀਤ ਕੌਰ ਧਾਰਮਿਕ ਰੀਤੀ ਰਿਵਾਜਾਂ ਨਾਲ ਹੋਇਆ ਸੀ। ਵਿਆਹ ਵੇਲੇ ਦੋਵਾਂ ਧਿਰਾਂ ਵਿਚਕਾਰ ਇਹ ਸਹਿਮਤੀ ਬਣੀ ਸੀ ਕਿ ਉਹ ਆਪਣੀ ਪਤਨੀ ਨੂੰ ਕੈਨੇਡਾ ਭੇਜਣ ਦਾ ਸਾਰਾ ਖਰਚਾ ਚੁੱਕੇਗਾ ਅਤੇ ਕੈਨੇਡਾ ਪਹੁੰਚਣ ਤੋਂ ਬਾਅਦ ਜਸਪ੍ਰੀਤ ਕੌਰ ਉਸ ਨੂੰ ਵੀ ਸਪਾਂਸਰ ਕਰਕੇ ਆਪਣੇ ਕੋਲ ਬੁਲਾ ਲਵੇਗੀ।
ਸ਼ਿਕਾਇਤਕਰਤਾ ਅਨੁਸਾਰ ਉਸ ਨੇ ਇਸ ਭਰੋਸੇ ਤੇ ਆਪਣੀ ਪਤਨੀ ਨੂੰ ਵਿਦੇਸ਼ ਭੇਜਣ ਉੱਪਰ ਕਰੀਬ 48 ਲੱਖ ਰੁਪਏ ਖਰਚ ਕਰ ਦਿੱਤੇ। ਉਸ ਦਾ ਦੋਸ਼ ਹੈ ਕਿ ਕੈਨੇਡਾ ਪਹੁੰਚਣ ਤੋਂ ਬਾਅਦ ਜਸਪ੍ਰੀਤ ਕੌਰ ਨੇ ਉਸ ਨਾਲ ਹਰ ਤਰ੍ਹਾਂ ਦਾ ਸੰਪਰਕ ਤੋੜ ਲਿਆ, ਉਸ ਦਾ ਮੋਬਾਈਲ ਨੰਬਰ ਵੀ ਬਲਾਕ ਕਰ ਦਿੱਤਾ ਤੇ ਉਸ ਨੂੰ ਕੈਨੇਡਾ ਬੁਲਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ। ਕਮਲਦੀਪ ਸਿੰਘ ਨੇ ਦੋਸ਼ ਲਗਾਇਆ ਕਿ ਉਸ ਨਾਲ ਪਹਿਲਾਂ ਤੋਂ ਸੋਚੀ-ਸਮਝੀ ਸਾਜ਼ਿਸ਼ ਤਹਿਤ ਧੋਖਾਧੜੀ ਕੀਤੀ ਗਈ ਹੈ। ਸ਼ਿਕਾਇਤ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਜਸਪ੍ਰੀਤ ਕੌਰ, ਆਤਮਾ ਸਿੰਘ ਤੇ ਕਰਮਜੀਤ ਕੌਰ ਵਾਸੀ ਪਿੰਡ ਮਹਿਮਾ ਸਵਾਈ, ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਏਐੱਸਆਈ ਰਾਜੀਵ ਕੁਮਾਰ ਵੱਲੋਂ ਕੀਤੀ ਜਾ ਰਹੀ ਹੈ। ਪੁਲਿਸ ਵਿਦੇਸ਼ ਭੇਜਣ ਨਾਲ ਸਬੰਧਤ ਦਸਤਾਵੇਜ਼ਾਂ, ਬੈਂਕ ਲੈਣ-ਦੇਣ ਤੇ ਹੋਰ ਸਬੂਤਾਂ ਦੀ ਜਾਂਚ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।