ਸਿਰੀਏਵਾਲਾ 'ਚ ਚਾਰ ਰੋਜ਼ਾ ਕ੍ਰਿਕਟ ਟੂਰਨਾਮੈਂਟ ਅੱਜ ਤੋਂ ਸਿਰੀਏਵਾਲਾ 'ਚ ਚਾਰ ਰੋਜ਼ਾ ਕ੍ਰਿਕਟ ਟੂਰਨਾਮੈਂਟ ਅੱਜ ਤੋਂ
Publish Date: Wed, 18 Nov 2026 04:32 PM (IST)
Updated Date: Wed, 18 Nov 2026 04:33 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ- ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਰਗੀ ਭਿਆਨਕ ਸਮਾਜਿਕ ਬੁਰਾਈ ਤੋਂ ਦੂਰ ਰੱਖਣ ਤੇ ਉਨ੍ਹਾਂ ਦੀ ਊਰਜਾ ਨੂੰ ਸਹੀ ਦਿਸ਼ਾ ਵਿੱਚ ਲਗਾਉਣ ਲਈ ਸਰਪੰਚ ਹਰਜਿੰਦਰ ਕੌਰ ਸਿਰੀਏਵਾਲਾ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ ਸਿਰੀਏਵਾਲਾ ਲਗਾਤਾਰ ਯਤਨਸ਼ੀਲ ਹੈ। ਇਸੇ ਲੜੀ ਤਹਿਤ ਪਿੰਡ ਸਿਰੀਏਵਾਲਾ ਵਿਚ ਆਧੁਨਿਕ ਸਹੂਲਤਾਂ ਨਾਲ ਲੈਸ ਸਟੇਡੀਅਮ ਦੀ ਉਸਾਰੀ ਦਾ ਕੰਮ ਵੀ ਜਾਰੀ ਹੈ। ਪਿੰਡ ਸਿਰੀਏਵਾਲਾ ਦੇ ਨੌਜਵਾਨਾਂ ਵੱਲੋਂ ਚਾਰ ਰੋਜ਼ਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦਾ ਸੁਭ ਉਦਘਾਟਨ 19 ਨਵੰਬਰ ਨੂੰ ਉੱਘੇ ਸਮਾਜ ਸੇਵੀ ਯਾਦਵਿੰਦਰ ਸਿੰਘ ਪੱਪੂ ਅਤੇ ਸਮਾਜ ਸੇਵੀ ਸੁਖਜਿੰਦਰ ਸਿੰਘ ਬਬਲਾ ਯੂਐੱਸਏ ਵੱਲੋਂ ਆਪਣੇ ਕਰ ਕਮਲਾ ਨਾਲ ਕੀਤਾ ਜਾਵੇਗਾ। ਇਸ ਮੌਕੇ ਯਾਦਵਿੰਦਰ ਸਿੰਘ ਪੱਪੂ ਅਤੇ ਸੁਖਜਿੰਦਰ ਸਿੰਘ ਬਬਲਾ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਬਹੁਤ ਜ਼ਰੂਰੀ ਹੈ। ਪਿੰਡ ਦੇ ਨੌਜਵਾਨਾਂ ਨੇ ਖੁਦ ਪਹਿਲਕਦਮੀ ਕਰਦਿਆਂ ਇਸ ਚਾਰ ਰੋਜ਼ਾ ਟੂਰਨਾਮੈਂਟ ਦਾ ਆਯੋਜਨ ਕੀਤਾ ਹੈ, ਇਸ ਟੂਰਨਾਮੈਂਟ ਵਿਚ ਪੂਰੇ ਹਲਕੇ ਵਿੱਚੋਂ ਵੱਖ-ਵੱਖ ਟੀਮਾਂ ਭਾਗ ਲੈਣ ਲਈ ਪਹੁੰਚ ਰਹੀਆਂ ਹਨ ਅਤੇ ਸਮੂਹ ਪਿੰਡ ਵਾਸੀਆਂ ਤੇ ਇਲਾਕਾ ਨਿਵਾਸੀਆਂ ਵੱਲੋਂ ਇਸ ਉਪਰਾਲੇ ਨੂੰ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਭਲਾਈ, ਖੇਡਾਂ ਨੂੰ ਪ੍ਰਫੁੱਲਤ ਕਰਨ ਅਤੇ ਪਿੰਡ ਦੇ ਸਰਵਪੱਖੀ ਵਿਕਾਸ ਲਈ ਸਰਪੰਚ ਹਰਜਿੰਦਰ ਕੌਰ ਅਤੇ ਗ੍ਰਾਮ ਪੰਚਾਇਤ ਸਿਰੀਏਵਾਲਾ ਵੱਲੋਂ ਅਜਿਹੇ ਉਪਰਾਲੇ ਭਵਿੱਖ ਵਿੱਚ ਵੀ ਜਾਰੀ ਰਹਿਣਗੇ। ਉਨ੍ਹਾਂ ਸਮੂਹ ਪਿੰਡ ਵਾਸੀਆਂ, ਇਲਾਕਾ ਨਿਵਾਸੀਆਂ ਅਤੇ ਖੇਡ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਨ ਅਤੇ ਇਸ ਖੇਡ ਮੇਲੇ ਦੀ ਰੌਣਕ ਵਧਾਉਣ।