ਕੋਟ ਸ਼ਮੀਰ ’ਚ ਇੱਕੋ ਦਿਨ ਚਾਰ ਮੌਤਾਂ, ਮੰਦਭਾਗੇ ਦਿਨ ਨੇ ਝੰਜੋੜਿਆ ਪਿੰਡ ਕੋਟ ਸ਼ਮੀਰ ’ਚ ਇਕੋ ਦਿਨ ਚਾਰ ਮੌਤਾਂ, ਮੰਦਭਾਗੇ ਦਿਨ ਨੇ ਝੰਜੋੜਿਆ ਪਿੰਡ
Publish Date: Thu, 03 Sep 2026 06:50 PM (IST)
Updated Date: Fri, 04 Sep 2026 04:04 AM (IST)
* ਮੁੱਢਲੀ ਜਾਣਕਾਰੀ ਅਨੁਸਾਰ ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ ਜਾ ਰਿਹਾ * ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਮੈਡੀਕਲ ਜਾਂਚ ਮਗਰੋਂ ਹੀ ਹੋ ਸਕੇਗੀ ਫੋਟੋ : 18 ਕੈਪ਼ਸਨ : ਗੁਰਪ੍ਰੀਤ ਸਿੰਘ, ਗੁਰਮੇਲ ਸਿੰਘ, ਗੁਰਜੰਟ ਸਿੰਘ ਅਤੇ ਗਾਂਧੀ ਪ੍ਰਜਾਪਤ ਦੀ ਫਾਈਲ ਫੋਟੋ। ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ ਕੋਟਫੱਤਾ : ਬਠਿੰਡਾ ਦਿਹਾਤੀ ਦੇ ਪਿੰਡ ਕੋਟ ਸ਼ਮੀਰ ਲਈ ਬੁੱਧਵਾਰ ਦਾ ਦਿਨ ਬੇਹੱਦ ਮੰਦਭਾਗਾ ਰਿਹਾ। ਦਿਨ ਚੜ੍ਹਦਿਆਂ ਹੀ ਪਿੰਡ ’ਚ ਇੱਕ ਤੋਂ ਬਾਅਦ ਇਕ ਚਾਰ ਵਿਅਕਤੀਆਂ ਦੀ ਮੌਤ ਦੀ ਖ਼ਬਰ ਸਾਹਮਣੇ ਆਉਣ ਨਾਲ ਸਮੁੱਚਾ ਪਿੰਡ ਸੋਗ ’ਚ ਡੁੱਬ ਗਿਆ। ਇੱਕੋ ਦਿਨ ਚਾਰ ਵਿਅਕਤੀਆਂ ਦੇ ਅਚਾਨਕ ਚਲਾਣੇ ਦੀ ਖ਼ਬਰ ਨੇ ਪਿੰਡ ਵਾਸੀਆਂ ਨੂੰ ਝੰਜੋੜ ਕੇ ਰੱਖ ਦਿੱਤਾ। ਜਾਣਕਾਰੀ ਅਨੁਸਾਰ ਪਿੰਡ ਦੇ ਗੁਰਜੰਟ ਸਿੰਘ ਪੁੱਤਰ ਹਰਨੇਕ ਸਿੰਘ ਸਾਬਕਾ ਪੰਚ, ਗੁਰਮੇਲ ਸਿੰਘ ਉਰਫ਼ ਗੇਲੀ ਪੁੱਤਰ ਪ੍ਰਿਥੀ ਸਿੰਘ, ਗਾਂਧੀ ਪ੍ਰਜਾਪਤ ਤੇ ਗੁਰਪ੍ਰੀਤ ਸਿੰਘ ਪੁੱਤਰ ਸਵਰਗੀ ਅੰਗਰੇਜ ਸਿੰਘ ਦੀ ਮੌਤ ਹੋਈ ਹੈ। ਮੁੱਢਲੀ ਜਾਣਕਾਰੀ ਅਨੁਸਾਰ ਇਨ੍ਹਾਂ ਚਾਰਾਂ ਦੀ ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ ਜਾ ਰਿਹਾ ਹੈ, ਹਾਲਾਂਕਿ ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਮੈਡੀਕਲ ਜਾਂਚ ਤੋਂ ਬਾਅਦ ਹੀ ਹੋ ਸਕੇਗੀ। ਇਨ੍ਹਾਂ ਚਾਰਾਂ ’ਚੋਂ ਗੁਰਮੇਲ ਸਿੰਘ ਉਰਫ਼ ਗੇਲੀ ਤੇ ਗੁਰਪ੍ਰੀਤ ਸਿੰਘ ਨੌਜਵਾਨ ਸਨ। ਦੋਵਾਂ ਦੀ ਅਚਾਨਕ ਮੌਤ ਨੇ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ-ਨਾਲ ਪੂਰੇ ਪਿੰਡ ਨੂੰ ਗਹਿਰੇ ਸਦਮੇ ਵਿੱਚ ਪਾ ਦਿੱਤਾ ਹੈ। ਦੂਜੇ ਪਾਸੇ ਗੁਰਜੰਟ ਸਿੰਘ ਤੇ ਗਾਂਧੀ ਪ੍ਰਜਾਪਤ ਅਧੇੜ ਉਮਰ ਦੇ ਸਨ। ਵੱਖ-ਵੱਖ ਉਮਰ ਵਰਗ ਨਾਲ ਸਬੰਧਤ ਚਾਰ ਵਿਅਕਤੀਆਂ ਦੀ ਇੱਕੋਂ ਦਿਨ ਮੌਤ ਹੋਣੀ ਪਿੰਡ ਵਾਸੀਆਂ ਲਈ ਦੁਖਦਾਈ ਹੋਣ ਦੇ ਨਾਲ-ਨਾਲ ਹੈਰਾਨੀਜਨਕ ਵੀ ਬਣੀ ਹੋਈ ਹੈ। ਜਾਣਕਾਰੀ ਮੁਤਾਬਕ ਗੁਰਜੰਟ ਸਿੰਘ ਖੇਤੀਬਾੜੀ ਦਾ ਕੰਮ ਕਰਦੇ ਸਨ, ਜਦਕਿ ਗੁਰਮੇਲ ਸਿੰਘ ਉਰਫ਼ ਗੇਲੀ ਬਿਜਲੀ ਮਕੈਨਿਕ ਵਜੋਂ ਕੰਮ ਕਰਦੇ ਸਨ। ਗੁਰਪ੍ਰੀਤ ਸਿੰਘ ਦੇ ਪਿਤਾ ਸਵਰਗੀ ਅੰਗਰੇਜ ਸਿੰਘ ਦੀ ਕਈ ਸਾਲ ਪਹਿਲਾਂ ਮੌਤ ਹੋ ਚੁੱਕੀ ਸੀ, ਜਿਸ ਤੋਂ ਬਾਅਦ ਗੁਰਪ੍ਰੀਤ ਸਿੰਘ ਨੂੰ ਆਪਣੇ ਪਿਤਾ ਦੀ ਥਾਂ ਪੁਲਿਸ ਵਿਭਾਗ ’ਚ ਨੌਕਰੀ ਮਿਲੀ ਸੀ। ਹੁਣ ਗੁਰਪ੍ਰੀਤ ਸਿੰਘ ਦੇ ਵੀ ਅਚਾਨਕ ਚਲਾਣੇ ਨਾਲ ਪਰਿਵਾਰ ਦਾ ਦੁੱਖ ਹੋਰ ਗਹਿਰਾ ਹੋ ਗਿਆ ਹੈ। ਇੱਕੋ ਪਿੰਡ ’ਚ ਇੱਕੋ ਦਿਨ ਚਾਰ ਵਿਅਕਤੀਆਂ ਦੀ ਮੌਤ ਦੀ ਘਟਨਾ ਨਾਲ ਪਿੰਡ ’ਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ।