ਡਿਊਟੀ ਤੋਂ ਘਰ ਪਰਤ ਰਹੇ ਏਐੱਲਪੀ ’ਤੇ ਚਾਰ ਬਾਈਕ ਸਵਾਰਾਂ ਨੇ ਕੀਤਾ ਹਮਲਾ ਡਿਊਟੀ ਤੋਂ ਘਰ ਪਰਤ ਰਹੇ ਏਐਲਪੀ ’ਤੇ ਚਾਰ ਬਾਈਕ ਸਵਾਰਾਂ ਨੇ ਕੀਤਾ ਹਮਲਾ
Publish Date: Fri, 21 Aug 2026 03:59 PM (IST)
Updated Date: Fri, 21 Aug 2026 04:00 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਰੇਲਵੇ ਕਾਲੋਨੀ ਵਿਚ ਡਿਊਟੀ ਪੂਰੀ ਕਰਕੇ ਮੋਟਰਸਾਈਕਲ ’ਤੇ ਘਰ ਪਰਤ ਰਹੇ ਅਸਿਸਟੈਂਟ ਲੋਕੋ ਪਾਇਲਟ (ਏਐਲਪੀ) ਸੰਦੀਪ ਮੀਣਾ ’ਤੇ ਚਾਰ ਅਣਪਛਾਤੇ ਬਾਈਕ ਸਵਾਰ ਨੌਜਵਾਨਾਂ ਵੱਲੋਂ ਕਥਿਤ ਤੌਰ ’ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਵਿਚ ਸੰਦੀਪ ਮੀਣਾ ਦੇ ਸਿਰ ਅਤੇ ਕੰਨ ’ਤੇ ਗੰਭੀਰ ਸੱਟਾਂ ਲੱਗੀਆਂ ਹਨ। ਜ਼ਖ਼ਮੀ ਨੂੰ ਇਲਾਜ ਲਈ ਬਠਿੰਡਾ ਦੇ ਕ੍ਰਿਸ਼ਨਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਸੰਦੀਪ ਮੀਣਾ ਸ਼ੁੱਕਰਵਾਰ ਰਾਤ ਕਰੀਬ 12.30 ਵਜੇ ਆਪਣੀ ਡਿਊਟੀ ਪੂਰੀ ਕਰਨ ਤੋਂ ਬਾਅਦ ਮੋਟਰਸਾਈਕਲ ’ਤੇ ਘਰ ਵੱਲ ਜਾ ਰਹੇ ਸਨ। ਇਸ ਦੌਰਾਨ ਚਾਰ ਬਾਈਕ ਸਵਾਰ ਅਣਪਛਾਤੇ ਨੌਜਵਾਨਾਂ ਨੇ ਕਥਿਤ ਤੌਰ ’ਤੇ ਉਨ੍ਹਾਂ ਦਾ ਪਿੱਛਾ ਕੀਤਾ। ਦੱਸਿਆ ਜਾ ਰਿਹਾ ਹੈ ਕਿ ਮੌਕਾ ਮਿਲਦੇ ਹੀ ਹਮਲਾਵਰਾਂ ਨੇ ਪਿੱਛੋਂ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਅਚਾਨਕ ਹੋਏ ਹਮਲੇ ਕਾਰਨ ਸੰਦੀਪ ਮੀਣਾ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਦੇ ਸਿਰ ਅਤੇ ਕੰਨ ’ਤੇ ਗੰਭੀਰ ਸੱਟਾਂ ਲੱਗੀਆਂ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਵੱਡੀ ਗਿਣਤੀ ਵਿਚ ਰੇਲਵੇ ਕਰਮਚਾਰੀ ਇਕੱਠੇ ਹੋ ਕੇ ਬਠਿੰਡਾ ਦੀ ਕੈਨਾਲ ਥਾਣਾ ਚੌਕੀ ਪਹੁੰਚੇ। ਕਰਮਚਾਰੀਆਂ ਨੇ ਘਟਨਾ ਨੂੰ ਲੈ ਕੇ ਰੋਸ ਪ੍ਰਗਟ ਕੀਤਾ ਅਤੇ ਪੁਲਿਸ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ। ਉਨ੍ਹਾਂ ਪੁਲਿਸ ਤੋਂ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ, ਹਮਲਾਵਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਰੇਲਵੇ ਕਰਮਚਾਰੀਆਂ ਨੇ ਕਿਹਾ ਕਿ ਡਿਊਟੀ ਤੋਂ ਘਰ ਪਰਤ ਰਹੇ ਇਕ ਕਰਮਚਾਰੀ ’ਤੇ ਇਸ ਤਰ੍ਹਾਂ ਹਮਲਾ ਹੋਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਰੇਲਵੇ ਕਰਮਚਾਰੀ ਦਿਨ-ਰਾਤ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹਨ ਤੇ ਡਿਊਟੀ ਤੋਂ ਬਾਅਦ ਘਰ ਵਾਪਸੀ ਸਮੇਂ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਵੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਰੇਲਵੇ ਕਾਲੋਨੀ ’ਚ ਸੁਰੱਖਿਆ ਵਧਾਉਣ ਦੀ ਮੰਗ ਕਰਮਚਾਰੀਆਂ ਨੇ ਪ੍ਰਸ਼ਾਸਨ ਤੋਂ ਰੇਲਵੇ ਕਾਲੋਨੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਮਾਮਲੇ ਦੀ ਜਲਦ ਜਾਂਚ ਕਰਕੇ ਹਮਲਾਵਰਾਂ ਨੂੰ ਕਾਬੂ ਕਰੇ, ਤਾਂ ਜੋ ਕਰਮਚਾਰੀਆਂ ਵਿਚ ਸੁਰੱਖਿਆ ਦੀ ਭਾਵਨਾ ਬਣੀ ਰਹੇ ਤੇ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਰੇਲਵੇ ਕਰਮਚਾਰੀਆਂ ਨੇ ਇਕਜੁੱਟਤਾ ਦਿਖਾਉਂਦਿਆਂ ਕਿਹਾ ਕਿ ਕਿਸੇ ਵੀ ਕਰਮਚਾਰੀ ਨਾਲ ਬੇਇਨਸਾਫ਼ੀ ਹੋਣ ’ਤੇ ਪੂਰਾ ਰੇਲਵੇ ਕਰਮਚਾਰੀ ਵਰਗ ਉਸ ਦੇ ਨਾਲ ਖੜ੍ਹਾ ਰਹੇਗਾ।