ਸਾਬਕਾ ਪੀਸੀਐੱਸ ਅਧਿਕਾਰੀ ਗੋਪਾਲ ਕੋਟਫੱਤਾ ਨੂੰ ਬਠਿੰਡਾ ਦਿਹਾਤੀ ਹਲਕੇ ਤੋਂ ‘ਆਪ’ ਨੇ ਉਮੀਦਵਾਰ ਐਲਾਨਿਆ ਸਾਬਕਾ ਪੀਸੀਐੱਸ ਅਧਿਕਾਰੀ ਗੋਪਾਲ ਕੋਟਫੱਤਾ ਨੂੰ ਬਠਿੰਡਾ ਦਿਹਾਤੀ ਹਲਕੇ ਤੋਂ ‘ਆਪ’ ਨੇ ਉਮੀਦਵਾਰ ਐਲਾਨਿਆ
Publish Date: Thu, 12 Nov 2026 06:10 PM (IST)
Updated Date: Thu, 12 Nov 2026 06:12 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਆਮ ਆਦਮੀ ਪਾਰਟੀ ਨੇ ਬਠਿੰਡਾ (ਦਿਹਾਤੀ) ਹਲਕੇ ਲਈ ਸਾਬਕਾ ਪੀਸੀਐੱਸ ਅਧਿਕਾਰੀ ਗੋਪਾਲ ਸਿੰਘ ਕੋਟਫੱਤਾ ਨੂੰ ਆਮ ਆਦਮੀ ਪਾਰਟੀ ਨੇ ਵੀਰਵਾਰ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਇਸ ਤੋਂ ਪਹਿਲਾਂ ਜੁਲਾਈ ਮਹੀਨੇ ਵਿਚ ਕੋਟਫੱਤਾ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਸੀ। ਆਮ ਆਦਮੀ ਪਾਰਟੀ ਅਜਿਹੇ ਚਿਹਰੇ ਦੀ ਭਾਲ ਵਿਚ ਸਨ ਜੋ ਕਿਰਤੀ ਪਰਿਵਾਰ ਨਾਲ ਸਬੰਧਤ ਹੋਣ ਦੇ ਨਾਲ-ਨਾਲ ਸਮਾਜ ਵਿਚ ਸਾਫ਼-ਸੁਥਰੀ ਛਵੀ ਅਤੇ ਚੰਗਾ ਲੋਕ ਰਸੂਖ਼ ਵੀ ਰੱਖਦਾ ਹੋਵੇ। ਇਸ ਮਾਪਦੰਡ ਤੇ ਖਰੇ ਉਤਰਦੇ ਗੋਪਾਲ ਸਿੰਘ ਕੋਟਫੱਤਾ ਨੂੰ ਪਾਰਟੀ ਨੇ ਹੁਣ ਉਮੀਦਵਾਰ ਐਲਾਨ ਦਿੱਤਾ ਹੈ। ਸੇਵਾ ਮੁਕਤੀ ਤੋਂ ਬਾਅਦ ਉਹ ਬਠਿੰਡਾ ਦਿਹਾਤੀ ਖੇਤਰ ਵਿਚ ਨੌਜਵਾਨਾਂ ਨੂੰ ਸਾਹਿਤ ਨਾਲ ਜੋੜਨ ਦੀ ਮੁਹਿੰਮ ਚਲਾ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਕਿਤਾਬਾਂ ਨੌਜਵਾਨਾਂ ਨੂੰ ਨਸ਼ਿਆਂ ਤੇ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਦਾ ਪ੍ਰਭਾਵਸ਼ਾਲੀ ਸਾਧਨ ਹਨ। ਉਨ੍ਹਾਂ ਦਾ ਜੀਵਨ ਸੰਘਰਸ਼ ਅਤੇ ਮਿਹਨਤ ਦੀ ਮਿਸਾਲ ਹੈ। ਆਰਥਿਕ ਤੰਗੀ ਕਾਰਨ ਇਕ ਸਮਾਂ ਉਹ ਛੇਵੀਂ ਜਮਾਤ ਵਿਚ ਹੀ ਪੜ੍ਹਾਈ ਛੱਡਣ ਲਈ ਮਜਬੂਰ ਹੋਏ ਸਨ। ਪਿੰਡ ਕੋਟਫੱਤਾ ਦੇ ਸਰਕਾਰੀ ਸਕੂਲ ਤੋਂ ਦਸਵੀਂ ਪਾਸ ਕਰਨ ਮਗਰੋਂ ਉਨ੍ਹਾਂ ਨੇ ਲੋਕ ਨਿਰਮਾਣ ਵਿਭਾਗ ਵਿਚ ਡੇਲੀ ਵੇਜ਼ ਬੇਲਦਾਰ ਵਜੋਂ ਕੰਮ ਕੀਤਾ। ਇਸ ਤੋਂ ਬਾਅਦ ਸਾਲ 1986 ਵਿਚ ਉਹ ਕਲੈਰੀਕਲ ਨੌਕਰੀ ਵਿਚ ਆਏ। ਲਗਾਤਾਰ ਮਿਹਨਤ, ਉੱਚ ਸਿੱਖਿਆ ਅਤੇ ਦ੍ਰਿੜ੍ਹ ਇਰਾਦੇ ਸਦਕਾ ਉਹ ਸਾਲ 2016 ਵਿੱਚ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੀ ਪੀਸੀਐੱਸ (ਐਗਜ਼ੈਕਟਿਵ) ਪ੍ਰੀਖਿਆ ਵਿੱਚ ਰਜਿਸਟਰ ਏ-2 ਸ੍ਰੇਣੀ ਵਿੱਚ ਪੰਜਾਬ ਭਰ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਿੱਚ ਕਾਮਯਾਬ ਰਹੇ। ਉਨ੍ਹਾਂ ਨੇ ਐਮਏ. (ਪੰਜਾਬੀ), ਐਮਏ. (ਰਾਜਨੀਤੀ ਸ਼ਾਸਤਰ) ਅਤੇ ਐਮਬੀਏ ਦੀਆਂ ਡਿਗਰੀਆਂ ਵੀ ਹਾਸਲ ਕੀਤੀਆਂ ਹਨ। 2016 ’ਚ ਪੀਸੀਐਸ ਅਧਿਕਾਰੀ ਵਜੋਂ ਨਿਯੁਕਤ ਹੋਏ ਗੋਪਾਲ ਸਿੰਘ ਕੋਟਫੱਤਾ 1986 ਵਿੱਚ ਕਲੈਰੀਕਲ ਨੌਕਰੀ ਵਿੱਚ ਆਏ ਸਨ। ਆਪਣੀ ਇਮਾਨਦਾਰੀ ਅਤੇ ਮਿਹਨਤ ਸਦਕਾ ਉਹ ਸਾਲ 2016 ਵਿੱਚ ਪੀਸੀਐਸ ਅਧਿਕਾਰੀ ਵਜੋਂ ਨਿਯੁਕਤ ਹੋਏ। ਉਨ੍ਹਾਂ ਕਈ ਜ਼ਿਲ੍ਹਿਆਂ ਅੰਦਰ ਬਤੌਰ ਐਸਡੀਐਮ ਸੇਵਾਵਾਂ ਨਿਭਾਈਆਂ। ਇਸ ਦੌਰਾਨ ਉਨਾਂ ਲੋਕਾਂ ਲੋਕਾਂ ਦਾ ਭਰੋਸਾ ਜਿੱਤਿਆ। ਉਹ ਸਾਲ 2024 ਵਿੱਚ ਬਰਨਾਲਾ ਤੋਂ ਬਤੌਰ ਐਸਡੀਐਮ ਸੇਵਾ ਮੁਕਤ ਹੋ ਗਏ। ਬੇਲਦਾਰ ਤੋਂ ਐਸਡੀਐਮ ਅਤੇ ਹੁਣ ਉਹ ਵਿਧਾਇਕ ਬਣਨ ਦੀ ਤਿਆਰੀ ਵਿਚ ਹਨ। ਬਾਕਸ ਚਾਰ ਵਿਧਾਨ ਸਭਾ ਹਲਕਿਆਂ ’ਚ ਅਜੇ ਨਹੀਂ ਖੁੱਲ੍ਹੇ ਉਮੀਦਵਾਰਾਂ ਦੇ ਪੱਤੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਵਿਚਾਲੇ ਬਠਿੰਡਾ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਉਮੀਦਵਾਰਾਂ ਦੇ ਐਲਾਨ ਦੀ ਉਡੀਕ ਬਰਕਰਾਰ ਹੈ। ਉਮੀਦਵਾਰਾਂ ਦੇ ਨਾਵਾਂ ਨੂੰ ਲੈ ਕੇ ਸਿਆਸੀ ਹਲਕਿਆਂ ਵਿੱਚ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਚੋਣ ਲੜਨ ਦੇ ਇੱਛੁਕ ਆਗੂਆਂ ਦੀਆਂ ਨਜ਼ਰਾਂ ਪਾਰਟੀਆਂ ਦੀ ਹਾਈਕਮਾਨ ’ਤੇ ਟਿਕੀਆਂ ਹੋਈਆਂ ਹਨ। ਉਮੀਦਵਾਰਾਂ ਦੇ ਐਲਾਨ ਵਿੱਚ ਹੋ ਰਹੀ ਦੇਰੀ ਕਾਰਨ ਪਾਰਟੀ ਵਰਕਰਾਂ ਵਿੱਚ ਵੀ ਉਤਸੁਕਤਾ ਬਣੀ ਹੋਈ ਹੈ। ਇਸ ਤੋਂ ਪਹਿਲੀ ਸੂਚੀ ਵਿਚ ਆਪ ਨੇ ਹਲਕਾ ਤਲਵੰਡੀ ਸਾਬੋ ਦੀ ਮੌਜ਼ੂਦਾ ਵਿਧਾਇਕ ਨੂੰ ਆਪਣਾ ਉਮੀਦਵਾਰ ਐਲਾਨਿਆ ਸੀ। ਹਲਕਾ ਰਾਮਪੁਰਾ ਫੂਲ, ਬਠਿੰਡਾ ਸ਼ਹਿਰੀ, ਮੌੜ ਮੰਡੀ ਤੇ ਭੁੱਚੋ ਮੰਡੀ ਹਲਕੇ ਤੋਂ ਅਜੇ ਤਕ ਪਾਰਟੀ ਨੇ ਉਮੀਦਵਾਰ ਨਹੀਂ ਐਲਾਨੇ।