ਬਠਿੰਡਾ ’ਚ ਧੁੰਦ ਨੇ ਦਿੱਤੀ ਦਸਤਕ, ਤਾਪਮਾਨ ਤਿੰਨ ਡਿਗਰੀ ਡਿੱਗਿਆ, ਲੋਕਾਂ ਨੂੰ ਹੋਣ ਲੱਗਾ ਠੰਢ ਦਾ ਅਹਿਸਾਸ ਬਠਿੰਡਾ ’ਚ ਧੁੰਦ ਨੇ ਦਿੱਤੀ ਦਸਤਕ, ਤਾਪਮਾਨ ਤਿੰਨ ਡਿਗਰੀ ਡਿੱਗਿਆ, ਲੋਕਾਂ ਨੂੰ ਹੋਣ ਲੱਗਾ ਠੰਢ ਦਾ ਅਹਿਸਾਸ
Publish Date: Mon, 16 Nov 2026 06:08 PM (IST)
Updated Date: Mon, 16 Nov 2026 06:09 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਜ਼ਿਲ੍ਹੇ ਅੰਦਰ ਮੌਸਮ ਵਿਚ ਲਗਾਤਾਰ ਆ ਰਹੀ ਤਬਦੀਲੀ ਕਾਰਨ ਠੰਢ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਕੁਝ ਦਿਨਾਂ ਤੋਂ ਘੱਟੋ-ਘੱਟ ਤਾਪਮਾਨ ਵਿਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਸੋਮਵਾਰ ਸਵੇਰੇ ਜ਼ਿਲ੍ਹੇ ਦੇ ਕਈ ਇਲਾਕਿਆਂ ਵਿਚ ਧੁੰਦ ਪੈਣ ਕਾਰਨ ਲੋਕਾਂ ਨੂੰ ਸਰਦੀ ਦਾ ਅਹਿਸਾਸ ਹੋਇਆ। ਇਸ ਦੇ ਨਾਲ ਹੀ ਇਕ ਦਿਨ ਵਿਚ ਘੱਟੋ-ਘੱਟ ਤਾਪਮਾਨ ਤਿੰਨ ਡਿਗਰੀ ਸੈਲਸੀਅਸ ਹੇਠਾਂ ਆਉਣ ਨਾਲ ਠੰਢ ਦਾ ਪ੍ਰਭਾਵ ਹੋਰ ਵਧ ਗਿਆ ਹੈ। ਮੌਸਮ ਵਿੱਚ ਆਈ ਇਸ ਤਬਦੀਲੀ ਕਾਰਨ ਲੋਕਾਂ ਨੇ ਵੀ ਹੁਣ ਸਰਦੀ ਤੋਂ ਬਚਾਅ ਲਈ ਗਰਮ ਕੱਪੜੇ ਕੱਢ ਲਏ ਹਨ। ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ 14 ਨਵੰਬਰ ਨੂੰ ਬਠਿੰਡਾ ਜ਼ਿਲ੍ਹੇ ਦਾ ਘੱਟੋ-ਘੱਟ ਤਾਪਮਾਨ 15 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ, ਜਦੋਂਕਿ 15 ਨਵੰਬਰ ਨੂੰ ਇਹ ਘਟ ਕੇ 13 ਡਿਗਰੀ ਸੈਲਸੀਅਸ ਰਹਿ ਗਿਆ। ਇਸ ਤੋਂ ਬਾਅਦ 16 ਨਵੰਬਰ ਨੂੰ ਘੱਟੋ-ਘੱਟ ਤਾਪਮਾਨ ਵਿਚ ਹੋਰ ਤਿੰਨ ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਅਤੇ ਪਾਰਾ 10 ਡਿਗਰੀ ਸੈਲਸੀਅਸ ’ਤੇ ਆ ਗਿਆ। ਇਸ ਤਰ੍ਹਾਂ ਤਿੰਨ ਦਿਨਾਂ ਦੇ ਅੰਦਰ ਹੀ ਘੱਟੋ-ਘੱਟ ਤਾਪਮਾਨ ਵਿਚ ਪੰਜ ਡਿਗਰੀ ਸੈਲਸੀਅਸ ਦੀ ਕਮੀ ਦਰਜ ਕੀਤੀ ਗਈ ਹੈ। ਤਾਪਮਾਨ ਵਿਚ ਆਈ ਇਸ ਤੇਜ਼ ਗਿਰਾਵਟ ਕਾਰਨ ਸਵੇਰੇ ਅਤੇ ਰਾਤ ਸਮੇਂ ਠੰਢ ਦਾ ਅਹਿਸਾਸ ਪਹਿਲਾਂ ਨਾਲੋਂ ਵਧੇਰੇ ਹੋਣ ਲੱਗਾ ਹੈ। ਸੋਮਵਾਰ ਸਵੇਰੇ ਪਈ ਧੁੰਦ ਨੇ ਵੀ ਮੌਸਮ ਵਿੱਚ ਆਈ ਤਬਦੀਲੀ ਦਾ ਅਹਿਸਾਸ ਕਰਵਾ ਦਿੱਤਾ। ਸਵੇਰ ਸਮੇਂ ਸੜਕਾਂ ’ਤੇ ਨਿਕਲਣ ਵਾਲੇ ਵਾਹਨ ਚਾਲਕਾਂ ਨੂੰ ਧੁੰਦ ਕਾਰਨ ਸਾਵਧਾਨੀ ਵਰਤਣੀ ਪਈ। ਖ਼ਾਸ ਕਰਕੇ ਸਵੇਰੇ ਕੰਮਕਾਰ ਲਈ ਘਰਾਂ ਤੋਂ ਨਿਕਲਣ ਵਾਲੇ ਲੋਕਾਂ ਅਤੇ ਰੋਜ਼ਾਨਾ ਸਫ਼ਰ ਕਰਨ ਵਾਲਿਆਂ ਨੂੰ ਮੌਸਮ ਦੀ ਤਬਦੀਲੀ ਦਾ ਸਾਹਮਣਾ ਕਰਨਾ ਪਿਆ। ਧੁੰਦ ਅਤੇ ਘੱਟ ਤਾਪਮਾਨ ਕਾਰਨ ਸਵੇਰ ਸਮੇਂ ਵਾਤਾਵਰਨ ਵਿੱਚ ਠੰਢਕ ਬਣੀ ਰਹੀ। ਦੂਜੇ ਪਾਸੇ ਠੰਢ ਵਧਣ ਦੇ ਨਾਲ ਹੀ ਲੋਕਾਂ ਦੇ ਪਹਿਰਾਵੇ ਵਿੱਚ ਵੀ ਤਬਦੀਲੀ ਆਉਣ ਲੱਗੀ ਹੈ। ਲੋਕਾਂ ਨੇ ਅਲਮਾਰੀਆਂ ਵਿੱਚੋਂ ਜੈਕਟਾਂ, ਸਵੈਟਰ, ਗਰਮ ਸ਼ਾਲਾਂ ਅਤੇ ਹੋਰ ਸਰਦੀਆਂ ਦੇ ਕੱਪੜੇ ਕੱਢਣੇ ਸ਼ੁਰੂ ਕਰ ਦਿੱਤੇ ਹਨ। ਸਵੇਰੇ ਅਤੇ ਸ਼ਾਮ ਸਮੇਂ ਘਰਾਂ ਤੋਂ ਬਾਹਰ ਨਿਕਲਣ ਵਾਲੇ ਲੋਕ ਹੁਣ ਗਰਮ ਕੱਪੜਿਆਂ ਦਾ ਸਹਾਰਾ ਲੈ ਰਹੇ ਹਨ। ਬਜ਼ੁਰਗਾਂ ਅਤੇ ਬੱਚਿਆਂ ਨੂੰ ਠੰਢ ਤੋਂ ਬਚਾਉਣ ਲਈ ਪਰਿਵਾਰਾਂ ਵੱਲੋਂ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਦੌਰਾਨ ਤਾਪਮਾਨ ਵਿੱਚ ਹੋਰ ਗਿਰਾਵਟ ਆਉਣ ਨਾਲ ਠੰਢ ਦਾ ਪ੍ਰਭਾਵ ਵਧ ਸਕਦਾ ਹੈ। ਇਸ ਦੇ ਨਾਲ ਹੀ ਸਵੇਰ ਸਮੇਂ ਧੁੰਦ ਪੈਣ ਦੀ ਸੰਭਾਵਨਾ ਵੀ ਬਣੀ ਹੋਈ ਹੈ। ਮੌਸਮ ਵਿਚ ਆ ਰਹੀ ਇਸ ਤਬਦੀਲੀ ਨਾਲ ਹੁਣ ਜ਼ਿਲ੍ਹੇ ਅੰਦਰ ਸਰਦੀ ਦਾ ਮੌਸਮ ਪੂਰੀ ਤਰ੍ਹਾਂ ਸਰਗਰਮ ਹੁੰਦਾ ਦਿਖਾਈ ਦੇ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਦਾ ਪੱਧਰ ਅਤੇ ਧੁੰਦ ਦੀ ਸਥਿਤੀ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਸਿਵਲ ਹਸਪਤਾਲ ਦੇ ਐਸਐਮਓ ਡਾ. ਅਰੁਣ ਬਾਂਸਲ ਦਾ ਕਹਿਣਾ ਸੀ ਕਿ ਮੌਸਮ ਬਦਲਣ ਕਾਰਨ ਮਰੀਜ਼ਾਂ ਦੀ ਗਿਣਤੀ ਵਧ ਗਈ ਹੈ। ਉਨ੍ਹਾਂ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਠੰਢ ਤੋਂ ਬਚਣ ਲਈ ਉਹ ਗਰਮ ਕਪੜੇ ਪਾ ਕੇ ਰੱਖਣ ਅਤੇ ਗਰਮ ਵਸਤਾਂ ਦਾ ਹੀ ਸੇਵਨ ਕਰਨ। ਜੇਕਰ ਕੋਈ ਜਿਆਦਾ ਤਕਲੀਫ ਹੋਵੇ ਤਾਂ ਤਰੁੰਤ ਨੇੜੇ ਦੇ ਸਿਵਲ ਹਸਪਤਾਲ ਵਿਚ ਚੈੱਕਅਪ ਕਰਵਾ ਕੇ ਦਵਾਈ ਲਈ ਜਾਵੇ। ਬਾਕਸ ਮਿਤੀ ਘੱਟ ਤੋਂ ਘੱਟ ਵੱਧ ਤੋਂ ਵੱਧ 14 ਨਵੰਬਰ 15.00 30.00 15 ਨਵੰਬਰ 13.00 29.6 16 ਨਵੰਬਰ 10.00 10.00