ਬਠਿੰਡਾ ਤੋਂ ਦਿੱਲੀ ਲਈ ਪੰਜ ਦਿਨਾਂ ’ਚ ਸਿਰਫ਼ ਦੋ ਦਿਨ ਉਡਾਣ, ਯਾਤਰੀਆਂ ਨੂੰ ਕਰਨਾ ਪਿਆ ਪ੍ਰੇਸ਼ਾਨੀਆਂ ਦਾ ਸਾਹਮਣਾ ਬਠਿੰਡਾ ਤੋਂ ਦਿੱਲੀ ਲਈ ਪੰਜ ਦਿਨਾਂ ’ਚ ਸਿਰਫ਼ ਦੋ ਦਿਨ ਉਡਾਣ, ਯਾਤਰੀਆਂ ਨੂੰ ਕਰਨਾ ਪਿਆ ਪ੍ਰੇਸ਼ਾਨੀਆਂ ਦਾ ਸਾਹਮਣਾ
Publish Date: Wed, 30 Sep 2026 04:09 PM (IST)
Updated Date: Wed, 30 Sep 2026 04:09 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਬਠਿੰਡਾ ਦੇ ਵਿਰਕ ਕਲਾਂ ਸਥਿਤ ਹਵਾਈ ਅੱਡੇ ਤੋਂ ਦਿੱਲੀ ਲਈ ਹਵਾਈ ਸੇਵਾ ਲਾਗਤਾਰ ਨਾਂ ਚੱਲਣ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਦੋ ਹਫ਼ਤਿਆਂ ਦੌਰਾਨ ਨਿਰਧਾਰਤ ਪੰਜ ਦਿਨਾਂ ਵਿਚੋਂ ਸਿਰਫ਼ ਦੋ ਦਿਨ ਹੀ ਬਠਿੰਡਾ-ਦਿੱਲੀ ਉਡਾਣ ਦਾ ਸੰਚਾਲਨ ਹੋ ਸਕਿਆ, ਜਦਕਿ ਬਾਕੀ ਦਿਨਾਂ ਵਿਚ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਅਚਾਨਕ ਫਲਾਈਟ ਰੱਦ ਹੋਣ ਕਾਰਨ ਦਿੱਲੀ ਜਾਣ ਵਾਲੇ ਯਾਤਰੀਆਂ ਨੂੰ ਸਫ਼ਰ ਟਰੇਨ, ਬੱਸ ਜਾਂ ਹੋਰ ਸਾਧਨਾਂ ਦਾ ਸਹਾਰਾ ਲੈਣਾ ਪਿਆ। ਇਸ ਦੌਰਾਨ ਯਾਤਰੀਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜੇਕਰ ਕਿਸੇ ਕਾਰਨ ਉਡਾਣ ਰੱਦ ਕਰਨੀ ਪਵੇ ਤਾਂ ਇਸ ਦੀ ਸੂਚਨਾ ਉਨ੍ਹਾਂ ਨੂੰ ਪਹਿਲਾਂ ਦਿੱਤੀ ਜਾਵੇ। ਇਕ ਅਕਤੂਬਰ ਤੋਂ ਨਵੇਂ ਸ਼ਡਿਊਲ ਅਨੁਸਾਰ ਬਠਿੰਡਾ-ਦਿੱਲੀ ਹਵਾਈ ਸੇਵਾ ਜਾਰੀ ਰੱਖਣ ਦੀ ਗੱਲ ਕਹੀ ਜਾ ਰਹੀ ਹੈ। ਹਾਲਾਂਕਿ ਪਿਛਲੇ ਦਿਨਾਂ ਵਿਚ ਉਡਾਣਾਂ ਦੇ ਵਾਰ-ਵਾਰ ਰੱਦ ਹੋਣ ਕਾਰਨ ਯਾਤਰੀਆਂ ਵਿਚ ਇਸ ਗੱਲ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ ਕਿ ਨਵਾਂ ਸ਼ਡਿਊਲ ਕਿਨ੍ਹਾਂ ਨਿਯਮਤ ਰਹੇਗਾ। ਯਾਤਰੀਆਂ ਦਾ ਕਹਿਣਾ ਹੈ ਕਿ ਹਵਾਈ ਸਫ਼ਰ ਦੀ ਚੋਣ ਕਰਨ ਦਾ ਸਭ ਤੋਂ ਵੱਡਾ ਕਾਰਨ ਸਮੇਂ ਦੀ ਬੱਚਤ ਹੁੰਦਾ ਹੈ। ਬਠਿੰਡਾ ਤੋਂ ਦਿੱਲੀ ਤਕ ਹਵਾਈ ਯਾਤਰਾ ਮੁਕਾਬਲਤਨ ਘੱਟ ਸਮੇਂ ਵਿੱਚ ਪੂਰੀ ਹੋ ਜਾਂਦੀ ਹੈ, ਜਿਸ ਕਾਰਨ ਕਾਰੋਬਾਰੀ, ਸਰਕਾਰੀ ਕੰਮਾਂ ਲਈ ਦਿੱਲੀ ਜਾਣ ਵਾਲੇ ਲੋਕਾਂ ਤੋਂ ਇਲਾਵਾ ਵਿਦਿਆਰਥੀ ਤੇ ਹੋਰ ਜ਼ਰੂਰੀ ਕੰਮਾਂ ਵਾਲੇ ਯਾਤਰੀ ਇਸ ਸੇਵਾ ’ਤੇ ਨਿਰਭਰ ਕਰਦੇ ਹਨ। ਪਰ ਜੇਕਰ ਉਡਾਣ ਆਖਰੀ ਸਮੇਂ ’ਤੇ ਰੱਦ ਹੋ ਜਾਵੇ ਤਾਂ ਯਾਤਰੀਆਂ ਦਾ ਪੂਰਾ ਯਾਤਰਾ ਪ੍ਰੋਗਰਾਮ ਪ੍ਰਭਾਵਿਤ ਹੋ ਜਾਂਦਾ ਹੈ। ਯਾਤਰੀ ਰਾਕੇਸ਼ ਕੁਮਾਰ ਨੇ ਕਿਹਾ ਕਿ ਜੇਕਰ ਕਿਸੇ ਦਿਨ ਉਡਾਣ ਨਿਰਧਾਰਤ ਕੀਤੀ ਗਈ ਹੈ ਤਾਂ ਉਸ ਦੀ ਬੁਕਿੰਗ ਅਤੇ ਸੰਚਾਲਨ ਬਾਰੇ ਸਥਿਤੀ ਸਪੱਸ਼ਟ ਹੋਣੀ ਚਾਹੀਦੀ ਹੈ। ਜੇਕਰ ਤਕਨੀਕੀ ਜਾਂ ਕਿਸੇ ਹੋਰ ਕਾਰਨ ਕਰਕੇ ਉਡਾਣ ਚਲਾਉਣਾ ਸੰਭਵ ਨਹੀਂ ਹੈ ਤਾਂ ਯਾਤਰੀਆਂ ਨੂੰ ਪਹਿਲਾਂ ਹੀ ਇਸ ਦੀ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਆਖਰੀ ਸਮੇਂ ’ਤੇ ਫਲਾਈਟ ਰੱਦ ਹੋਣ ਨਾਲ ਦਿੱਲੀ ਜਾਣ ਵਾਲੇ ਯਾਤਰੀਆਂ ਨੂੰ ਤੁਰੰਤ ਬਦਲਵੇਂ ਸਾਧਨ ਦੀ ਭਾਲ ਕਰਨੀ ਪੈਂਦੀ ਹੈ। ਕਈ ਵਾਰ ਟਰੇਨ ਵਿਚ ਸੀਟ ਉਪਲਬਧ ਨਾ ਹੋਣ ਕਾਰਨ ਬੱਸ ਜਾਂ ਨਿੱਜੀ ਵਾਹਨ ਰਾਹੀਂ ਸਫ਼ਰ ਕਰਨਾ ਪੈਂਦਾ ਹੈ, ਜਿਸ ਨਾਲ ਵਾਧੂ ਸਮਾਂ ਤੇ ਪੈਸਾ ਖਰਚ ਹੁੰਦਾ ਹੈ। ਤਕਨੀਕੀ ਸਮੱਸਿਆ ਦਾ ਦਿੱਤਾ ਹਵਾਲਾ ਉਡਾਣਾਂ ਦੇ ਲਗਾਤਾਰ ਰੱਦ ਹੋਣ ਸਬੰਧੀ ਏਅਰਲਾਈਨ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ ’ਤੇ ਤਕਨੀਕੀ ਸਮੱਸਿਆ ਦਾ ਹਵਾਲਾ ਦਿੱਤਾ ਗਿਆ। ਹਾਲਾਂਕਿ ਪਿਛਲੇ ਦੋ ਹਫ਼ਤਿਆਂ ਦੌਰਾਨ ਉਡਾਣਾਂ ਪ੍ਰਭਾਵਿਤ ਹੋਣ ਅਤੇ ਕੁਝ ਤਰੀਕਾਂ ’ਤੇ ਬੁਕਿੰਗ ਉਪਲਬਧ ਨਾ ਹੋਣ ਦੇ ਪਿੱਛੇ ਦੇ ਵਿਸਥਾਰਤ ਕਾਰਨਾਂ ਬਾਰੇ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ। ਯਾਤਰੀਆਂ ਦਾ ਸਵਾਲ ਹੈ ਕਿ ਜੇਕਰ ਕਿਸੇ ਉਡਾਣ ਨਾਲ ਸਬੰਧਤ ਤਕਨੀਕੀ ਸਮੱਸਿਆ ਪਹਿਲਾਂ ਤੋਂ ਮੌਜੂਦ ਹੈ ਤਾਂ ਇਸ ਬਾਰੇ ਉਨ੍ਹਾਂ ਨੂੰ ਸਮੇਂ ਸਿਰ ਕਿਉਂ ਨਹੀਂ ਦੱਸਿਆ ਜਾਂਦਾ। ਬਠਿੰਡਾ ਤੋਂ ਦਿੱਲੀ ਦੀ ਦੂਰੀ ਲਗਭਗ 274 ਕਿਲੋਮੀਟਰ ਹੈ। ਹਵਾਈ ਸਫ਼ਰ ਵਿੱਚ ਕਰੀਬ ਇੱਕ ਘੰਟੇ ਤੋਂ ਕੁਝ ਵੱਧ ਸਮਾਂ ਲੱਗਦਾ ਹੈ, ਜਦਕਿ ਸੜਕ ਰਾਹੀਂ ਦਿੱਲੀ ਪਹੁੰਚਣ ਵਿੱਚ ਕਈ ਘੰਟੇ ਲੱਗ ਜਾਂਦੇ ਹਨ। ਇਸੇ ਕਾਰਨ ਸਮੇਂ ਦੀ ਪਾਬੰਦੀ ਵਾਲੇ ਯਾਤਰੀਆਂ ਲਈ ਹਵਾਈ ਸੇਵਾ ਮਹੱਤਵਪੂਰਨ ਮੰਨੀ ਜਾਂਦੀ ਹੈ। ਉਡਾਣ ਰੱਦ ਹੋਣ ਕਾਰਨ ਯਾਤਰੀਆਂ ਦਾ ਸਮਾਂ ਬਚਾਉਣ ਦਾ ਮਕਸਦ ਪੂਰਾ ਨਹੀਂ ਹੋ ਪਾਉਂਦਾ। ਏਮਜ਼, ਰਿਫਾਈਨਰੀ ਤੇ ਕਾਰੋਬਾਰ ਲਈ ਵੀ ਮਹੱਤਵਪੂਰਨ ਹਵਾਈ ਸੰਪਰਕ ਬਠਿੰਡਾ-ਦਿੱਲੀ ਹਵਾਈ ਸੰਪਰਕ ਸਿਰਫ਼ ਆਮ ਯਾਤਰੀਆਂ ਲਈ ਹੀ ਨਹੀਂ, ਸਗੋਂ ਬਠਿੰਡਾ ਏਮਜ਼, ਰਿਫਾਈਨਰੀ, ਸਰਕਾਰੀ ਵਿਭਾਗਾਂ ਅਤੇ ਵਪਾਰਕ ਖੇਤਰ ਨਾਲ ਜੁੜੇ ਲੋਕਾਂ ਲਈ ਵੀ ਮਹੱਤਵਪੂਰਨ ਹੈ। ਬਠਿੰਡਾ ਏਮਜ਼ ਵਿੱਚ ਆਉਣ ਵਾਲੇ ਡਾਕਟਰਾਂ, ਵਿਦਿਆਰਥੀਆਂ ਅਤੇ ਹੋਰ ਲੋਕਾਂ ਤੋਂ ਇਲਾਵਾ ਸਰਕਾਰੀ ਅਧਿਕਾਰੀ ਅਤੇ ਕਾਰੋਬਾਰੀ ਵੀ ਦਿੱਲੀ ਨਾਲ ਤੇਜ਼ ਸੰਪਰਕ ਲਈ ਹਵਾਈ ਸੇਵਾ ਦੀ ਵਰਤੋਂ ਕਰਦੇ ਹਨ। ਐ ਦਿੱਲੀ ਜਾਣ ਲਈ ਹਰਿਆਣਾ ਤੇ ਰਾਜਸਥਾਨ ਦੇ ਲੋਕ ਵੀ ਇਸਦੀ ਵਰਤੋਂ ਕਰਦੇ ਹਨ। ਇਕ ਅਕਤੂਬਰ ਤੋਂ ਨਵਾਂ ਸ਼ਡਿਊਲ ਬਠਿੰਡਾ ਏਅਰਪੋਰਟ ਦੇ ਡਾਇਰੈਕਟਰ ਕੌਸ਼ਲ ਕੰਬੋਜ ਨੇ ਦੱਸਿਆ ਕਿ ਉਡਾਣਾਂ ਰੱਦ ਹੋਣ ਦੇ ਕਾਰਨਾਂ ਬਾਰੇ ਸਬੰਧਤ ਏਅਰਲਾਈਨ ਹੀ ਵਿਸਥਾਰ ਨਾਲ ਜਾਣਕਾਰੀ ਦੇ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਕ ਅਕਤੂਬਰ ਤੋਂ ਏਅਰਲਾਈਨ ਦਾ ਨਵਾਂ ਸ਼ਡਿਊਲ ਜਾਰੀ ਹੋ ਚੁੱਕਾ ਹੈ ਅਤੇ ਇਸ ਅਨੁਸਾਰ ਉਡਾਣਾਂ ਜਾਰੀ ਰਹਿਣਗੀਆਂ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਜੇਕਰ ਕਿਸੇ ਉਡਾਣ ਨੂੰ ਰੱਦ ਕੀਤਾ ਜਾਂਦਾ ਹੈ ਤਾਂ ਯਾਤਰੀਆਂ ਨੂੰ ਪਹਿਲਾਂ ਹੀ ਮੈਸੇਜ ਰਾਹੀਂ ਸੂਚਿਤ ਕਰਨ ਦੀ ਵਿਵਸਥਾ ਕੀਤੀ ਜਾਵੇਗੀ, ਤਾਂ ਜੋ ਉਹ ਸਮੇਂ ਸਿਰ ਬਦਲਵੇਂ ਸਾਧਨ ਦਾ ਪ੍ਰਬੰਧ ਕਰ ਸਕਣ। ਬਠਿੰਡਾ-ਦਿੱਲੀ ਹਵਾਈ ਸੇਵਾ ਖੇਤਰੀ ਸੰਪਰਕ ਯੋਜਨਾ ‘ਉਡਾਨ’ ਤਹਿਤ ਸ਼ੁਰੂ ਕੀਤੀ ਗਈ ਸੀ। ਉਪਲਬਧ ਜਾਣਕਾਰੀ ਅਨੁਸਾਰ ਇਸ ਯੋਜਨਾ ਤਹਿਤ ਸੇਵਾ ਦੀ ਮਿਆਦ ਅਕਤੂਬਰ ਦੇ ਅੰਤ ਵਿੱਚ ਖ਼ਤਮ ਹੋਣੀ ਹੈ। ਇਸ ਕਾਰਨ ਯਾਤਰੀਆਂ ਦੀ ਨਜ਼ਰ ਹੁਣ ਇਸ ਗੱਲ ’ਤੇ ਵੀ ਹੈ ਕਿ ਅਕਤੂਬਰ ਤੋਂ ਬਾਅਦ ਬਠਿੰਡਾ-ਦਿੱਲੀ ਹਵਾਈ ਸੇਵਾ ਜਾਰੀ ਰਹੇਗੀ ਜਾਂ ਨਹੀਂ ਅਤੇ ਇਸ ਲਈ ਕੀ ਪ੍ਰਬੰਧ ਕੀਤਾ ਜਾਵੇਗਾ।