ਬਠਿੰਡਾ ਦੇ ਪੰਜ ਅਧਿਆਪਕਾਂ ਨੂੰ ਮਿਲੇਗਾ ਸਟੇਟ ਟੀਚਰ ਐਵਾਰਡ ਬਠਿੰਡਾ ਦੇ ਪੰਜ ਅਧਿਆਪਕਾਂ ਨੂੰ ਮਿਲੇਗਾ ਸਟੇਟ ਟੀਚਰ ਐਵਾਰਡ
Publish Date: Fri, 04 Sep 2026 03:57 PM (IST)
Updated Date: Fri, 04 Sep 2026 03:58 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਅਧਿਆਪਕ ਦਿਵਸ ਮੌਕੇ ਬਠਿੰਡਾ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ ਕਿ ਜ਼ਿਲ੍ਹੇ ਦੇ ਪੰਜ ਅਧਿਆਪਕਾਂ ਦੀ ਚੋਣ ਰਾਜ ਪੱਧਰੀ ਅਧਿਆਪਕ ਪੁਰਸਕਾਰਾਂ ਲਈ ਹੋਈ ਹੈ। ਇਨ੍ਹਾਂ ਵਿੱਚੋਂ ਤਿੰਨ ਅਧਿਆਪਕਾਂ ਨੂੰ ਸਟੇਟ ਟੀਚਰ ਐਵਾਰਡ, ਇਕ ਅਧਿਆਪਕ ਨੂੰ ਯੰਗ ਟੀਚਰ ਐਵਾਰਡ ਅਤੇ ਇਕ ਨੂੰ ਐਡਮਿਨਿਸਟ੍ਰੇਸ਼ਨ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਸਾਰੇ ਚੁਣੇ ਗਏ ਅਧਿਆਪਕਾਂ ਨੂੰ ਰਾਜ ਪੱਧਰੀ ਸਮਾਗਮ ਦੌਰਾਨ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ। ਪੁਰਸਕਾਰਾਂ ਲਈ ਨਾਵਾਂ ਦਾ ਐਲਾਨ ਹੋਣ ਤੋਂ ਬਾਅਦ ਸਬੰਧਤ ਸਕੂਲਾਂ ਦੇ ਅਧਿਆਪਕਾਂ, ਵਿਦਿਆਰਥੀਆਂ, ਮਾਪਿਆਂ ਅਤੇ ਸਿੱਖਿਆ ਜਗਤ ਨਾਲ ਜੁੜੇ ਲੋਕਾਂ ਵੱਲੋਂ ਚੁਣੇ ਗਏ ਅਧਿਆਪਕਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਬਠਿੰਡਾ ਦੇ ਇਨ੍ਹਾਂ ਪੰਜ ਅਧਿਆਪਕਾਂ ਦੀ ਚੋਣ ਨੂੰ ਜ਼ਿਲ੍ਹੇ ਦੀ ਸਿੱਖਿਆ ਦੇ ਖੇਤਰ ਵਿੱਚ ਬਿਹਤਰ ਕਾਰਗੁਜ਼ਾਰੀ ਅਤੇ ਨਵੇਂ ਤਜਰਬਿਆਂ ਦੀ ਪ੍ਰਤੀਕ ਵਜੋਂ ਦੇਖਿਆ ਜਾ ਰਿਹਾ ਹੈ। ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਕੰਮ ਕਰਨ ਵਾਲੇ ਅਧਿਆਪਕਾਂ ਅਤੇ ਸਕੂਲਾਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਦਿੱਤੇ ਜਾਂਦੇ ਇਨ੍ਹਾਂ ਪੁਰਸਕਾਰਾਂ ਲਈ ਸਕੂਲਾਂ ਦੀ ਪਿਛਲੇ ਸਾਲਾਂ ਦੀ ਕਾਰਗੁਜ਼ਾਰੀ ਨੂੰ ਮੁੱਖ ਆਧਾਰ ਬਣਾਇਆ ਜਾਂਦਾ ਹੈ। ਚੋਣ ਪ੍ਰਕਿਰਿਆ ਦੌਰਾਨ ਜ਼ਿਲ੍ਹਾ ਅਤੇ ਰਾਜ ਪੱਧਰ ਦੀਆਂ ਟੀਮਾਂ ਵੱਲੋਂ ਸਕੂਲਾਂ ਦਾ ਦੌਰਾ ਕੀਤਾ ਜਾਂਦਾ ਹੈ। ਇਨ੍ਹਾਂ ਟੀਮਾਂ ਵੱਲੋਂ ਸਕੂਲ ਦੀਆਂ ਵਿੱਦਿਅਕ ਪ੍ਰਾਪਤੀਆਂ, ਵਿਦਿਆਰਥੀਆਂ ਦੀ ਕਾਰਗੁਜ਼ਾਰੀ, ਸਕੂਲ ਦਾ ਮਾਹੌਲ, ਵੱਖ-ਵੱਖ ਗਤੀਵਿਧੀਆਂ ਅਤੇ ਸਿੱਖਿਆ ਦੇ ਖੇਤਰ ਵਿੱਚ ਕੀਤੇ ਜਾ ਰਹੇ ਨਵੇਂ ਤਜਰਬਿਆਂ ਦਾ ਜਾਇਜ਼ਾ ਲਿਆ ਜਾਂਦਾ ਹੈ। ਇਨ੍ਹਾਂ ਰਿਪੋਰਟਾਂ ਦੇ ਆਧਾਰ ’ਤੇ ਅਧਿਆਪਕਾਂ ਅਤੇ ਸਕੂਲਾਂ ਦੀ ਪੁਰਸਕਾਰ ਲਈ ਚੋਣ ਕੀਤੀ ਜਾਂਦੀ ਹੈ। ਸਟੇਟ ਟੀਚਰ ਐਵਾਰਡ ਲਈ ਮੈਰੀਟੋਰੀਅਸ ਸਕੂਲ ਦੇ ਪ੍ਰਿੰਸੀਪਲ ਡਾ. ਗੁਰਦੀਪ ਸਿੱਧੂ, ਸਰਕਾਰੀ ਹਾਈ ਸਕੂਲ ਲੜਕੀਆਂ ਭੁੱਚੋ ਮੰਡੀ ਦੀ ਮੁੱਖ ਅਧਿਆਪਕਾ ਗੁਰਪ੍ਰੀਤ ਕੌਰ ਅਤੇ ਸਰਕਾਰੀ ਹਾਈ ਸਕੂਲ ਬਲਾਹੜ ਵਿੰਝੂ ਦੇ ਅਧਿਆਪਕ ਗੁਰਵੀਰ ਸਿੰਘ ਦੀ ਚੋਣ ਹੋਈ ਹੈ। ਇਸੇ ਤਰ੍ਹਾਂ ਕੋਠੇ ਇੰਦਰ ਸਿੰਘ ਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਅਧਿਆਪਕਾ ਸੁਮਨ ਲਤਾ ਨੂੰ ਯੰਗ ਟੀਚਰ ਐਵਾਰਡ ਅਤੇ ਬੀਪੀਈਓ ਬਠਿੰਡਾ ਲਖਵਿੰਦਰ ਸਿੰਘ ਨੂੰ ਐਡਮਨਿਸਟ੍ਰੇਸ਼ਨ ਐਵਾਰਡ ਲਈ ਚੁਣਿਆ ਗਿਆ ਹੈ। ਸਕੂਲ ਦੀਆਂ ਪ੍ਰਾਪਤੀਆਂ ਨੇ ਡਾ. ਗੁਰਦੀਪ ਸਿੱਧੂ ਨੂੰ ਦਿਵਾਇਆ ਸਨਮਾਨ ਮੈਰੀਟੋਰੀਅਸ ਸਕੂਲ ਦੇ ਪ੍ਰਿੰਸੀਪਲ ਡਾ. ਗੁਰਦੀਪ ਸਿੱਧੂ ਦੀ ਸਟੇਟ ਟੀਚਰ ਐਵਾਰਡ ਲਈ ਚੋਣ ਹੋਈ ਹੈ। ਉਨ੍ਹਾਂ ਦੀ ਅਗਵਾਈ ਹੇਠ ਪਿਛਲੇ ਤਿੰਨ ਸਾਲਾਂ ਦੌਰਾਨ ਸਕੂਲ ਨੇ ਸਿੱਖਿਆ ਦੇ ਖੇਤਰ ਵਿੱਚ ਕਈ ਮਹੱਤਵਪੂਰਨ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਡਾ. ਸਿੱਧੂ ਅਨੁਸਾਰ ਇਸ ਸਮੇਂ ਦੌਰਾਨ ਸਕੂਲ ਦੇ 33 ਵਿਦਿਆਰਥੀਆਂ ਨੇ ਮੈਰਿਟ ਵਿੱਚ ਸਥਾਨ ਹਾਸਲ ਕੀਤਾ, ਜਦਕਿ ਨੀਟ ਅਤੇ ਜੇਈਈ ਲਈ ਚੱਲ ਰਹੀ ਕੋਚਿੰਗ ਵਿੱਚ 57 ਵਿਦਿਆਰਥੀਆਂ ਨੇ ਸਫਲਤਾ ਪ੍ਰਾਪਤ ਕੀਤੀ। ਇਸ ਤੋਂ ਇਲਾਵਾ ਸਕੂਲ ਦੇ ਪੰਜ ਵਿਦਿਆਰਥੀਆਂ ਨੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਐੱਮਬੀਬੀਐੱਸ ਲਈ ਦਾਖਲਾ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਸਕੂਲ ਦੇ ਵਿਕਾਸ ਕਾਰਜਾਂ ਲਈ ਕਰੀਬ 42 ਲੱਖ ਰੁਪਏ ਦੀ ਰਕਮ ਵੀ ਉਪਲਬਧ ਕਰਵਾਈ ਗਈ, ਜਿਸ ਨਾਲ ਸਕੂਲ ਵਿੱਚ ਵਿਕਾਸ ਕਾਰਜਾਂ ਨੂੰ ਗਤੀ ਮਿਲੀ। ਇਨ੍ਹਾਂ ਵਿੱਦਿਅਕ ਪ੍ਰਾਪਤੀਆਂ ਅਤੇ ਸਕੂਲ ਦੇ ਵਿਕਾਸ ਵਿੱਚ ਯੋਗਦਾਨ ਨੂੰ ਉਨ੍ਹਾਂ ਦੀ ਸਟੇਟ ਟੀਚਰ ਐਵਾਰਡ ਲਈ ਚੋਣ ਦਾ ਅਹਿਮ ਆਧਾਰ ਮੰਨਿਆ ਜਾ ਰਿਹਾ ਹੈ। ਭੁੱਚੋ ਮੰਡੀ ਦੇ ਸਰਕਾਰੀ ਸਕੂਲ ਨੇ ਵੀ ਬਣਾਈ ਪਛਾਣ ਸਰਕਾਰੀ ਹਾਈ ਸਕੂਲ ਲੜਕੀਆਂ, ਭੁੱਚੋ ਮੰਡੀ ਦੀ ਮੁੱਖ ਅਧਿਆਪਕਾ ਗੁਰਪ੍ਰੀਤ ਕੌਰ ਦੀ ਵੀ ਸਟੇਟ ਟੀਚਰ ਐਵਾਰਡ ਲਈ ਚੋਣ ਹੋਈ ਹੈ। ਉਨ੍ਹਾਂ ਦੀ ਅਗਵਾਈ ਹੇਠ ਸਕੂਲ ਨੇ ਸਿੱਖਿਆ ਅਤੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦੇ ਖੇਤਰ ਵਿੱਚ ਬਿਹਤਰ ਕਾਰਗੁਜ਼ਾਰੀ ਦਿਖਾਈ ਹੈ। ਗੁਰਪ੍ਰੀਤ ਕੌਰ ਅਨੁਸਾਰ ਉਨ੍ਹਾਂ ਦੇ ਸਕੂਲ ਨੂੰ ਸਾਲ 2023 ਵਿੱਚ ਬੈਸਟ ਸਕੂਲ ਦਾ ਐਵਾਰਡ ਵੀ ਮਿਲ ਚੁੱਕਾ ਹੈ। ਸਕੂਲ ਦੀ ਵਿਦਿਆਰਥਣ ਪਲਕ ਨੇ ਰਾਸ਼ਟਰੀ ਪੱਧਰ ’ਤੇ ਮੁੱਕੇਬਾਜ਼ੀ ਵਿੱਚ ਹਿੱਸਾ ਲੈ ਕੇ ਸਕੂਲ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ। ਇਸ ਤੋਂ ਇਲਾਵਾ ਸਕੂਲ ਦਾ ਪ੍ਰੀਖਿਆ ਨਤੀਜਾ ਵੀ ਬਿਹਤਰ ਰਿਹਾ ਹੈ। ਪਿਛਲੇ ਸਮੇਂ ਦੌਰਾਨ ਸਕੂਲ ਦੇ 40 ਵਿਦਿਆਰਥੀਆਂ ਦੀ ਚੋਣ ਮੈਰੀਟੋਰੀਅਸ ਸਕੂਲਾਂ ਲਈ ਅਤੇ 47 ਵਿਦਿਆਰਥੀਆਂ ਦੀ ਚੋਣ ਸਕੂਲ ਆਫ ਐਮੀਨੈਂਸ ਲਈ ਹੋਈ ਹੈ। ਇਨ੍ਹਾਂ ਪ੍ਰਾਪਤੀਆਂ ਨੇ ਸਕੂਲ ਦੀ ਵਿੱਦਿਅਕ ਗੁਣਵੱਤਾ ਨੂੰ ਹੋਰ ਮਜ਼ਬੂਤ ਕੀਤਾ ਹੈ। ਫਿਨਲੈਂਡ ਤੋਂ ਟ੍ਰੇਨਿੰਗ ਲੈ ਚੁੱਕੇ ਹਨ ਗੁਰਵੀਰ ਸਿੰਘ ਸਰਕਾਰੀ ਹਾਈ ਸਕੂਲ ਬਲਾਹੜ ਵਿੰਝੂ ਦੇ ਅਧਿਆਪਕ ਗੁਰਵੀਰ ਸਿੰਘ ਦੀ ਵੀ ਸਟੇਟ ਟੀਚਰ ਐਵਾਰਡ ਲਈ ਚੋਣ ਹੋਈ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਧੁਨਿਕ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਸਿੱਖਿਆ ਦੇਣ ’ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ। ਗੁਰਵੀਰ ਸਿੰਘ ਫਿਨਲੈਂਡ ਵਿੱਚ 21 ਦਿਨਾਂ ਦੀ ਅਧਿਆਪਕ ਸਿਖਲਾਈ ਵੀ ਹਾਸਲ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਟੀਚਰ ਟ੍ਰੇਨਿੰਗ ਪ੍ਰੋਗਰਾਮ ਵਿੱਚ ਜ਼ਿਲ੍ਹਾ ਰਿਸੋਰਸ ਪਰਸਨ ਵਜੋਂ ਵੀ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਨੂੰ ਸਿਰਫ਼ ਕਿਤਾਬੀ ਗਿਆਨ ਤਕ ਸੀਮਤ ਨਹੀਂ ਰੱਖਿਆ ਜਾਂਦਾ, ਸਗੋਂ ਉਨ੍ਹਾਂ ਨੂੰ ਖੇਡਾਂ, ਸਮਾਜਿਕ ਜ਼ਿੰਮੇਵਾਰੀਆਂ ਅਤੇ ਸਮਾਜ ਵਿੱਚ ਬਿਹਤਰ ਢੰਗ ਨਾਲ ਵਿਚਰਨ ਲਈ ਵੀ ਤਿਆਰ ਕੀਤਾ ਜਾਂਦਾ ਹੈ। ਆਧੁਨਿਕ ਸਿੱਖਿਆ ਪ੍ਰਣਾਲੀ ਅਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਨੂੰ ਉਨ੍ਹਾਂ ਦੀ ਚੋਣ ਦਾ ਮਹੱਤਵਪੂਰਨ ਆਧਾਰ ਮੰਨਿਆ ਗਿਆ ਹੈ। ਘੱਟ ਸਾਧਨਾਂ ਦੇ ਬਾਵਜੂਦ ਬਿਹਤਰ ਨਤੀਜੇ ਕੋਠੇ ਇੰਦਰ ਸਿੰਘ ਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਅਧਿਆਪਕਾ ਸੁਮਨ ਲਤਾ ਦੀ ਯੰਗ ਟੀਚਰ ਐਵਾਰਡ ਲਈ ਚੋਣ ਹੋਈ ਹੈ। ਸੁਮਨ ਲਤਾ ਸਾਲ 2021 ਤੋਂ ਇਸੇ ਸਕੂਲ ਵਿੱਚ ਸੇਵਾਵਾਂ ਨਿਭਾਅ ਰਹੇ ਹਨ। ਉਨ੍ਹਾਂ ਅਨੁਸਾਰ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਸੀ, ਜਦਕਿ ਅਧਿਆਪਕਾਂ ਦੀ ਕਮੀ ਰਹਿੰਦੀ ਸੀ। ਕਈ ਵਾਰ ਇਕ ਸੈਕਸ਼ਨ ਵਿੱਚ ਕਰੀਬ 70 ਵਿਦਿਆਰਥੀਆਂ ਨੂੰ ਬਿਠਾ ਕੇ ਪੜ੍ਹਾਉਣਾ ਪੈਂਦਾ ਸੀ। ਇਸ ਦੇ ਬਾਵਜੂਦ ਉਨ੍ਹਾਂ ਨੇ ਇਨ੍ਹਾਂ ਮੁਸ਼ਕਲ ਹਾਲਾਤਾਂ ਨੂੰ ਚੁਣੌਤੀ ਵਜੋਂ ਸਵੀਕਾਰ ਕੀਤਾ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਨਹੀਂ ਹੋਣ ਦਿੱਤੀ। ਮਿਹਨਤ, ਲਗਾਤਾਰ ਯਤਨਾਂ ਅਤੇ ਸਮਰਪਣ ਦੇ ਨਤੀਜੇ ਵਜੋਂ ਸਕੂਲ ਦੇ ਵਿਦਿਆਰਥੀਆਂ ਨੇ ਬਿਹਤਰ ਕਾਰਗੁਜ਼ਾਰੀ ਦਿਖਾਈ। ਨੌਜਵਾਨ ਅਧਿਆਪਕਾ ਵਜੋਂ ਉਨ੍ਹਾਂ ਦੀ ਮਿਹਨਤ ਅਤੇ ਕੰਮ ਕਰਨ ਦੇ ਢੰਗ ਨੂੰ ਹੁਣ ਰਾਜ ਪੱਧਰ ’ਤੇ ਮਾਨਤਾ ਮਿਲੀ ਹੈ।