ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨਾਂ ਨੇ ਪੰਜ ਪਲਾਜ਼ੇ ਕੀਤੇ ਟੋਲ ਮੁਕਤ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨਾਂ ਪੰਜ ਪਲਾਜ਼ੇ ਕੀਤੇ ਟੋਲ ਮੁਕਤ
Publish Date: Wed, 22 Jul 2026 06:55 PM (IST)
Updated Date: Thu, 23 Jul 2026 04:08 AM (IST)
* ਕੇਂਦਰ ਤੇ ਪੰਜਾਬ ਸਰਕਾਰ ਦੇ ਸਾੜੇ ਪੁਤਲੇ ਫੋਟੋ: 10, 11 ਕੈਪਸ਼ਨ : ਟੋਲ ਪਲਾਜੇ ਫ੍ਰੀ ਕਰਨ ਸਮੇਂ ਪੰਜਾਬ ਤੇ ਕੇਂਦਰ ਸਰਕਾਰ ਦਾ ਪੁੱਤਲਾ ਫੂਕਦੇ ਹੋਏ ਕਿਸਾਨ ਕੈਪਸ਼ਨ : ਟੋਲ ਪਲਾਜੇ ’ਤੇ ਧਰਨਾ ਦਿੰਦੇ ਹੋਏ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਵਰਕਰ। ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤੇ ਵਿਰੁੱਧ ਟੋਲ ਮੁਕਤ ਕਰਨ ਤੇ ਭਾਜਪਾ ਦੇ ਆਗੂਆਂ ਦੇ ਘਰਾਂ ਅੱਗੇ ਧਰਨੇ ਦੇਣ ਦੇ ਦਿੱਤੇ ਸੱਦੇ ਤਹਿਤ ਅੱਜ ਜ਼ਿਲ੍ਹਾ ਬਠਿੰਡਾ ਅੰਦਰ ਸ਼ਾਮਿਲ ਜਥੇਬੰਦੀਆਂ ਵੱਲੋਂ ਲਹਿਰਾ ਬੇਗਾ, ਜੀਦਾ, ਬੱਲੂਆਣਾ, ਜੱਸੀ ਅਤੇ ਸ਼ੇਖਪੁਰਾ ਵਿਖੇ ਟੋਲ ਪਲਾਜ਼ਿਆਂ ’ਤੇ ਧਰਨੇ ਦੇ ਕੇ 12 ਤੋਂ 3 ਵਜੇ ਤੱਕ ਟੋਲ ਮੁਕਤ ਕੀਤਾ ਗਿਆ। ਅੱਜ ਦੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਬੁਰਜ ਗਿੱਲ) ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਭਾਈ ਰੂਪਾ, ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ ਬਲਕਰਨ ਸਿੰਘ ਬਰਾੜ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾਂ ਪ੍ਰਧਾਨ ਸੁਖਵਿੰਦਰ ਸਿੰਘ ਧਾਲੀਵਾਲ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ (ਟਕੈਤ) ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਸਿੱਧੂ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਵਰਨ ਸਿੰਘ ਪੂਹਲੀ, ਭਾਰਤੀ ਕਿਸਾਨ ਯੂਨੀਅਨ ਏਕਤਾ ਮਾਲਵਾ (ਹੀਰ ਕੇ) ਦੇ ਸੂਬਾ ਜਨਰਲ ਸਕੱਤਰ ਗੁਰਤੇਜ ਸਿੰਘ ਬੱਲੋ ਨੇ ਕਿਹਾ ਕਿ ਅਮਰੀਕਾ ਵੱਲੋਂ ਆਪਣੇ ਦੇਸ ਦੇ ਸਰਮਾਏਦਾਰਾਂ ਦਾ ਭਾਰਤ ਦੀ ਖੇਤੀ ਤੇ ਸਾਰੇ ਕਾਰੋਬਾਰਾਂ ’ਤੇ ਕਬਜਾ ਕਰਵਾਉਣ ਦੀ ਨੀਤੀ ਅਨੁਸਾਰ ਜੇਕਰ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤਾ ਸਿਰੇ ਚੜਦਾ ਹੈ ਤਾਂ ਸਾਰੇ ਲੋਕਾਂ ਦੇ ਕਾਰੋਬਾਰ ਖਤਰੇ ਵਿਚ ਪੈ ਜਾਣਗੇ ਕਿਉਂਕਿ ਇਕੱਲਾ ਖੇਤੀ, ਖੇਤੀ ਨਾਲ ਜੁੜੇ ਧੰਦੇ ਹੀ ਨਹੀਂ ਚੌਪਟ ਹੋਣਗੇ, ਇਸ ਨਾਲ ਸਮੁੱਚੇ ਕਾਰੋਬਾਰ ਤਬਾਹ ਹੋਣੇ ਹਨ ਤੇ ਖੇਤੀ ਦੇ ਸਹਾਇਕ ਧੰਦੇ ਜਿਵੇਂ ਡੇਅਰੀ ਦੇ ਧੰਦੇ ਅਤੇ ਹੋਰ ਸਹਾਇਕ ਧੰਦੇ ਹਨ, ਉਨ੍ਹਾਂ ਸਾਰਿਆਂ ’ਤੇ ਖਤਰਾ ਹੋਵੇਗਾ ਕਿਉਂਕਿ ਸਮਝੌਤੇ ਤਹਿਤ ਮਿਲੀ ਜਾਣਕਾਰੀ ਅਨੁਸਾਰ ਪਹਿਲਾਂ ਅਮਰੀਕਾ ਦੇ ਕਿਸਾਨਾਂ ਵੱਲੋਂ ਤਿਆਰ ਅਨਾਜ ਮੱਕੀ, ਸੋਇਆਬੀਨ, ਦੁੱਧ ਅਤੇ ਪਸ਼ੂਆਂ ਦੀ ਫੀਡ ’ਚ ਵਰਤਣ ਲਈ ਖਲ ਭਾਰਤ ਵਿਚ ਇਥੋਂ ਦੀ ਫਸਲ ਦੇ ਮੁਕਾਬਲੇ ਘੱਟ ਰੇਟਾਂ ਵਿਚ ਮਾਰਕੀਟ ਵਿੱਚ ਲਿਆਂਦੀ ਜਾਵੇਗੀ। ਕਿਸਾਨ ਆਗੂਆਂ ਨੇ ਕਿਹਾ ਕਿ ਇਸ ਨਾਲ ਭਾਰਤ ਦਾ ਕਿਸਾਨ ਅਮਰੀਕਾ ਦੇ ਕਿਸਾਨ ਦਾ ਮੁਕਾਬਲਾ ਨਹੀਂ ਕਰ ਸਕਦਾ ਕਿਉਂਕਿ ਅਮਰੀਕਾ ਆਪਣੇ ਦੇਸ਼ ਦੇ ਕਿਸਾਨਾਂ ਨੂੰ ਵੱਡੀ ਪੱਧਰ ’ਤੇ ਸਬਸਿਡੀਆਂ ਦਿੰਦਾ ਹੈ। ਬੁਲਾਰਿਆਂ ਨੇ ਕਿਹਾ ਕਿ ਇਸ ਤੋਂ ਵੀ ਵੱਧ ਖਤਰਨਾਕ ਇਸ ਦਾ ਮਨੁੱਖੀ ਅਤੇ ਜਾਨਵਰਾਂ ਦੀ ਸਿਹਤ ’ਤੇ ਪੈਣ ਵਾਲਾ ਪ੍ਰਭਾਵ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਤੇ ਜਾਨਵਰਾਂ ਲਈ ਸਿਹਤ ਲਈ ਘਾਤਕ ਜੀਐਮ ਫਸਲਾਂ ’ਤੇ ਭਾਰਤ ਵੱਲੋਂ ਪਾਬੰਦੀ ਲੱਗੀ ਹੋਈ ਹੈ ਪਰ ਇਸ ਸਮਝੌਤੇ ਤਹਿਤ ਇਹ ਜੀਐਮ ਫਸਲਾਂ ਅਤੇ ਉਸ ਤੋਂ ਤਿਆਰ ਮਨੁੱਖੀ ਅਤੇ ਜਾਨਵਰਾਂ ਦੇ ਖਾਣ ਲਈ ਖਾਦ ਖੁਰਾਕ ਸ਼ਾਮਲ ਹੋਵੇਗੀ। ਅੱਜ ਦੇ ਇਕੱਠਾਂ ’ਚ ਦਿੱਲੀ ’ਚ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਵਿਦਿਆਰਥੀਆਂ ਤੇ ਨੌਜਵਾਨਾਂ ’ਤੇ ਕੀਤੇ ਜਬਰ, ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ’ਤੇ ਕੀਤੇ ਜਬਰ ਅਤੇ ਪੰਜਾਬ ਸਰਕਾਰ ਵੱਲੋਂ ਮਨਰੇਗਾ ਕਰਮਚਾਰੀਆਂ ’ਤੇ ਕੀਤੇ ਜਬਰ ਖਿਲਾਫ ਮਤੇ ਪਾਸ ਕਰ ਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਤਲੇ ਫੂਕੇ ਗਏ। ਇਸ ਤੋਂ ਇਲਾਵਾ ਬੀਕੇਯੂ ਏਕਤਾ ਉਗਰਾਹਾਂ ਤੋਂ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ, ਹਰਿੰਦਰ ਕੌਰ ਬਿੰਦੂ, ਬੀਕੇਯੂ ਡਕੌਂਦਾ ਧਨੇਰ ਤੋਂ ਹਰਵਿੰਦਰ ਸਿੰਘ ਕੋਟਲੀ, ਬੀਕੇਯੂ ਡਕੌਂਦਾ ਬੁਰਜ ਗਿੱਲ ਤੋਂ ਰਾਜਮਹਿੰਦਰ ਸਿੰਘ ਕੋਟਭਾਰਾ, ਟੋਲ ਪਲਾਜ਼ਾ ਵਰਕਰ ਯੂਨੀਅਨ ਦੇ ਸੂਬਾ ਸਕੱਤਰ ਜਸਪ੍ਰੀਤ ਸਿੰਘ, ਪੀਐਸਯੂ ਸ਼ਹੀਦ ਰੰਧਾਵਾ ਤੋਂ ਬਿੰਦਰ ਬਠਿੰਡਾ, ਸਾਬਕਾ ਸੈਨਿਕ ਵੈਲਫੇਅਰ ਯੂਨੀਅਨ ਦੇ ਆਗੂ ਨੇ ਵੀ ਸੰਬੋਧਨ ਕੀਤਾ।