ਪਸ਼ੂ ਚੋਰੀ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰ ਗ੍ਰਿਫ਼ਤਾਰ, ਅੱਠ ਮਹੀਨੇ ਪਹਿਲਾਂ ਚੋਰੀ ਕੀਤੀਆਂ ਗਾਵਾਂ ਬਰਾਮਦ ਪਸ਼ੂ ਚੋਰੀ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰ ਗ੍ਰਿਫ਼ਤਾਰ, ਅੱਠ ਮਹੀਨੇ ਪਹਿਲਾਂ ਚੋਰੀ ਕੀਤੀਆਂ ਗਾਵਾਂ ਬਰਾਮਦ
Publish Date: Sat, 28 Nov 2026 03:57 PM (IST)
Updated Date: Sat, 28 Nov 2026 03:59 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਜ਼ਿਲ੍ਹਾ ਪੁਲਿਸ ਨੇ ਪਸ਼ੂ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਅੱਠ ਮਹੀਨੇ ਪਹਿਲਾਂ ਪਿੰਡ ਬਾਜਕ ਵਿਚੋਂ ਚੋਰੀ ਕੀਤੀਆਂ ਦੋ ਅਮਰੀਕਨ ਗਾਵਾਂ ਤੇ ਵਾਰਦਾਤ ਵਿਚ ਵਰਤੀ ਗਈ ਬਲੈਰੋ ਪਿਕਅੱਪ ਗੱਡੀ ਵੀ ਬਰਾਮਦ ਕੀਤੀ ਹੈ। ਚੋਰੀ ਹੋਈਆਂ ਗਾਵਾਂ ਦੀ ਕੀਮਤ ਕਰੀਬ ਤਿੰਨ ਲੱਖ ਰੁਪਏ ਦੱਸੀ ਗਈ ਹੈ। ਪੁਲਿਸ ਅਨੁਸਾਰ ਗਿਰੋਹ ਦੇ ਮੁੱਖ ਸਰਗਨੇ ਬਲਜੀਤ ਸਿੰਘ ਖ਼ਿਲਾਫ਼ ਪਹਿਲਾਂ ਵੀ ਚੋਰੀ ਦੇ ਕਈ ਮੁਕੱਦਮੇ ਦਰਜ ਹਨ। ਥਾਣਾ ਨੰਦਗੜ੍ਹ ਦੇ ਮੁੱਖ ਅਫ਼ਸਰ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਬਾਜਕ ਦੇ ਵਸਨੀਕ ਗੁਰਪਾਲ ਸਿੰਘ ਪੁੱਤਰ ਬਚਿੱਤਰ ਸਿੰਘ ਨੇ 5 ਜੂਨ 2026 ਨੂੰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਘਰ ਦੇ ਸਾਹਮਣੇ ਪਸ਼ੂਆਂ ਦਾ ਵਾੜਾ ਬਣਿਆ ਹੋਇਆ ਹੈ। 23 ਅਤੇ 24 ਅਪ੍ਰੈਲ 2026 ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਵਿਅਕਤੀ ਵਾੜੇ ਦੀ ਕੰਧ ਤੋੜ ਕੇ ਦੋ ਅਮਰੀਕਨ ਗਾਵਾਂ ਚੋਰੀ ਕਰਕੇ ਲੈ ਗਏ ਸਨ। ਇਸ ਸਬੰਧੀ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ। ਉਨ੍ਹਾਂ ਦੱਸਿਆ ਕਿ ਐੱਸਐੱਸਪੀ ਬਠਿੰਡਾ ਵੱਲੋਂ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਮਾਮਲੇ ਦੀ ਤਕਨੀਕੀ ਅਤੇ ਮਨੁੱਖੀ ਸੂਚਨਾ ਦੇ ਆਧਾਰ ’ਤੇ ਜਾਂਚ ਕੀਤੀ ਗਈ। ਜਾਂਚ ਦੌਰਾਨ ਬਲਜੀਤ ਸਿੰਘ ਵਾਸੀ ਮੁੱਦਕੀ, ਜ਼ਿਲ੍ਹਾ ਫ਼ਰੀਦਕੋਟ ਅਤੇ ਸੁਖਚੈਨ ਸਿੰਘ ਉਰਫ਼ ਸੁੱਖਾ ਵਾਸੀ ਸਾਹਿਬ ਚੰਦ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੂੰ ਨਾਮਜ਼ਦ ਕੀਤਾ ਗਿਆ। 24 ਨਵੰਬਰ 2026 ਨੂੰ ਥਾਣਾ ਨੰਦਗੜ੍ਹ ਦੀ ਪੁਲਿਸ ਪਾਰਟੀ ਨੇ ਐੱਸਆਈ ਗਿਆਨ ਚੰਦ ਦੀ ਅਗਵਾਈ ਹੇਠ ਬਲਜੀਤ ਸਿੰਘ ਨੂੰ ਮੁੱਦਕੀ ਤੋਂ ਗ੍ਰਿਫ਼ਤਾਰ ਕੀਤਾ। ਪੁੱਛਗਿੱਛ ਦੌਰਾਨ ਬਲਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਸਾਥੀਆਂ ਨਾਲ ਬਲੈਰੋ ਪਿਕਅੱਪ ਰਾਹੀਂ ਗਾਵਾਂ ਚੋਰੀ ਕੀਤੀਆਂ ਸਨ ਤੇ ਬਾਅਦ ਵਿਚ ਇਹ ਗਾਵਾਂ ਗੁਰਭੇਜ ਸਿੰਘ ਵਾਸੀ ਹਰੀਕੇ ਕਲਾਂ ਨੂੰ ਸਸਤੇ ਭਾਅ ਵੇਚ ਦਿੱਤੀਆਂ ਸਨ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਗੁਰਭੇਜ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ ਦੋਵੇਂ ਚੋਰੀ ਹੋਈਆਂ ਅਮਰੀਕਨ ਗਾਵਾਂ ਬਰਾਮਦ ਕਰ ਲਈਆਂ। ਸ਼ਿਕਾਇਤਕਰਤਾ ਗੁਰਪਾਲ ਸਿੰਘ ਨੇ ਵੀ ਗਾਵਾਂ ਦੀ ਪਛਾਣ ਆਪਣੀਆਂ ਗਾਵਾਂ ਵਜੋਂ ਕੀਤੀ। ਪੁਲਿਸ ਨੇ ਵਾਰਦਾਤ ਵਿੱਚ ਵਰਤੀ ਗਈ ਬਲੈਰੋ ਪਿਕਅੱਪ ਗੱਡੀ ਨੰਬਰ ਪੀਬੀ 65 ਬੀਬੀ 3172 ਵੀ ਬਰਾਮਦ ਕੀਤੀ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ। ਰਿਮਾਂਡ ਦੌਰਾਨ ਕੀਤੀ ਪੁੱਛਗਿੱਛ ਵਿਚ ਬਲਜੀਤ ਸਿੰਘ ਨੇ ਲਖਵਿੰਦਰ ਸਿੰਘ ਉਰਫ਼ ਕਿੰਦਰ ਵਾਸੀ ਗੁਰੂ ਨਾਨਕ ਨਗਰੀ, ਕੋਟਕਪੂਰਾ ਤੇ ਜਗਦੀਪ ਸਿੰਘ ਉਰਫ਼ ਗੋਰੀ ਵਾਸੀ ਸਾਹਿਬ ਚੰਦ ਦੀ ਸ਼ਮੂਲੀਅਤ ਬਾਰੇ ਵੀ ਖੁਲਾਸਾ ਕੀਤਾ। ਇਸ ਤੋਂ ਬਾਅਦ ਇਨ੍ਹਾਂ ਨੂੰ ਵੀ ਮਾਮਲੇ ਵਿਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕੁੱਲ ਪੰਜ ਵਿਅਕਤੀਆਂ ਬਲਜੀਤ ਸਿੰਘ, ਗੁਰਭੇਜ ਸਿੰਘ, ਲਖਵਿੰਦਰ ਸਿੰਘ ਉਰਫ਼ ਕਿੰਦਰ, ਜਗਦੀਪ ਸਿੰਘ ਉਰਫ਼ ਗੋਰੀ ਅਤੇ ਸੁਖਚੈਨ ਸਿੰਘ ਉਰਫ਼ ਸੁੱਖਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਰਿਕਾਰਡ ਅਨੁਸਾਰ ਟਰੱਕ ਚਾਲਕ ਬਲਜੀਤ ਸਿੰਘ ਖ਼ਿਲਾਫ਼ ਪਹਿਲਾਂ ਵੀ ਚੋਰੀ ਦੇ 27 ਮੁਕੱਦਮੇ ਦਰਜ ਹਨ, ਜਦੋਂਕਿ ਲਖਵਿੰਦਰ ਸਿੰਘ ਉਰਫ਼ ਕਿੰਦਰ ਖ਼ਿਲਾਫ਼ ਮੋਟਰਸਾਈਕਲ ਚੋਰੀ ਦਾ ਇੱਕ ਮੁਕੱਦਮਾ ਦਰਜ ਹੈ। ਗੁਰਭੇਜ ਸਿੰਘ ਖ਼ਿਲਾਫ਼ ਪਹਿਲਾਂ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੈ। ਪੁਲਿਸ ਵੱਲੋਂ ਗਿਰੋਹ ਦੇ ਮੈਂਬਰਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਪਸ਼ੂ ਚੋਰੀ ਦੀਆਂ ਹੋਰ ਵਾਰਦਾਤਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕੇ।