ਏਸੀ ਦੀਆਂ ਕਾਪਰ ਪਾਈਪਾਂ ਚੋਰੀ ਕਰਨ ਵਾਲੇ ਪੰਜ ਗ੍ਰਿਫ਼ਤਾਰ, ਚੋਰੀ ਦਾ ਸਮਾਨ ਖਰੀਦਣ ਵਾਲੇ ਦੋ ਕਬਾੜੀਏ ਵੀ ਕਾਬੂ ਏਸੀ ਦੀਆਂ ਕਾਪਰ ਪਾਈਪਾਂ ਚੋਰੀ ਕਰਨ ਵਾਲੇ ਪੰਜ ਗ੍ਰਿਫ਼ਤਾਰ, ਚੋਰੀ ਦਾ ਸਮਾਨ ਖਰੀਦਣ ਵਾਲੇ ਦੋ ਕਬਾੜੀਏ ਵੀ ਕਾਬੂ
Publish Date: Sat, 26 Sep 2026 04:05 PM (IST)
Updated Date: Sat, 26 Sep 2026 04:06 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਸ਼ਹਿਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਏਅਰ ਕੰਡੀਸ਼ਨਰਾਂ ਦੀਆਂ ਕਾਪਰ ਪਾਈਪਾਂ ਚੋਰੀ ਕਰਨ ਵਾਲੇ ਗਿਰੋਹ ਦਾ ਥਾਣਾ ਕੋਤਵਾਲੀ ਪੁਲਿਸ ਨੇ ਪਰਦਾਫਾਸ਼ ਕਰਦਿਆਂ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਤਿੰਨ ਕਥਿਤ ਤੌਰ ’ਤੇ ਕਾਪਰ ਪਾਈਪਾਂ ਚੋਰੀ ਕਰਨ ਵਾਲੇ ਵਿਅਕਤੀ ਅਤੇ ਚੋਰੀ ਦਾ ਸਮਾਨ ਖਰੀਦਣ ਵਾਲੇ ਦੋ ਕਬਾੜੀਏ ਸ਼ਾਮਲ ਹਨ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਚੋਰੀ ਕੀਤਾ ਸਮਾਨ ਵੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਥਾਣਾ ਕੋਤਵਾਲੀ ਦੇ ਐੱਸਐੱਚਓ ਯਾਦਵਿੰਦਰ ਸਿੰਘ ਨੇ ਦੱਸਿਆ ਕਿ 7 ਸਤੰਬਰ ਨੂੰ ਸੁਭਾਸ਼ ਮਾਰਕੀਟ ਵਿੱਚੋਂ ਅਣਪਛਾਤੇ ਚੋਰਾਂ ਵੱਲੋਂ ਕਰੀਬ ਇਕ ਦਰਜਨ ਏਅਰ ਕੰਡੀਸ਼ਨਰਾਂ ਦੀਆਂ ਕਾਪਰ ਪਾਈਪਾਂ ਕੱਟ ਕੇ ਚੋਰੀ ਕਰ ਲਈਆਂ ਗਈਆਂ ਸਨ। ਇਸ ਤੋਂ ਬਾਅਦ 17 ਸਤੰਬਰ ਨੂੰ ਸੰਤਪੁਰਾ ਰੋਡ ਤੋਂ ਵੀ ਏਸੀ ਦੀਆਂ ਕਾਪਰ ਪਾਈਪਾਂ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਸੀ। ਇਨ੍ਹਾਂ ਦੋਵਾਂ ਮਾਮਲਿਆਂ ਸਬੰਧੀ ਥਾਣਾ ਕੋਤਵਾਲੀ ਪੁਲਿਸ ਵੱਲੋਂ ਅਣਪਛਾਤੇ ਚੋਰਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਸੀ। ਜਾਂਚ ਦੌਰਾਨ ਪੁਲਿਸ ਨੇ ਕਾਪਰ ਪਾਈਪਾਂ ਚੋਰੀ ਕਰਨ ਦੇ ਦੋਸ਼ ਵਿੱਚ ਸੈਂਡੀ ਪੌਲ, ਜਤਿੰਦਰ ਕੁਮਾਰ ਅਤੇ ਬਲਵਿੰਦਰ ਬੱਲੀ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਅਨੁਸਾਰ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਕਥਿਤ ਤੌਰ ’ਤੇ ਮੰਨਿਆ ਕਿ ਸੁਭਾਸ਼ ਮਾਰਕੀਟ ਅਤੇ ਸੰਤਪੁਰਾ ਰੋਡ ਤੋਂ ਏਅਰ ਕੰਡੀਸ਼ਨਰਾਂ ਦੀਆਂ ਕਾਪਰ ਪਾਈਪਾਂ ਉਨ੍ਹਾਂ ਵੱਲੋਂ ਹੀ ਚੋਰੀ ਕੀਤੀਆਂ ਗਈਆਂ ਸਨ। ਕਬਾੜੀਆਂ ਨੂੰ ਵੀ ਕੀਤਾ ਗ੍ਰਿਫ਼ਤਾਰ ਪੁਲਿਸ ਮੁਤਾਬਕ ਪੁੱਛਗਿੱਛ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਚੋਰੀ ਕੀਤੀਆਂ ਕਾਪਰ ਪਾਈਪਾਂ ਕਬਾੜ ਦਾ ਕੰਮ ਕਰਨ ਵਾਲੇ ਸਰੇਸ਼ ਕੁਮਾਰ ਅਤੇ ਰਾਮ ਸਵਾਰਥ ਨੂੰ ਵੇਚੀਆਂ ਗਈਆਂ ਸਨ। ਦੋਵੇਂ ਉੱਤਰ ਪ੍ਰਦੇਸ਼ ਨਾਲ ਸਬੰਧਤ ਹਨ ਅਤੇ ਫਿਲਹਾਲ ਬਾਅਦ ਚੰਦਸਰ ਬਸਤੀ ਵਿੱਚ ਰਹਿ ਰਹੇ ਸਨ। ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਦੋਵਾਂ ਕਬਾੜੀਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਚੋਰੀ ਕੀਤਾ ਸਮਾਨ ਬਰਾਮਦ ਕੀਤਾ। ਬਾਕਸ ਚੋਰੀ ਦੀਆਂ ਹੋਰ ਘਟਨਾਵਾਂ ਤੋਂ ਪਰਦਾ ਉਠਣ ਦੀ ਸੰਭਾਵਨਾ ਐੱਸਐੱਚਓ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਂ ਮੁਲਜ਼ਮਾਂ ਨੂੰ ਇਕ ਦਿਨ ਦੇ ਪੁਲਿਸ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੂੰ ਉਮੀਦ ਹੈ ਕਿ ਪੁੱਛਗਿੱਛ ਦੌਰਾਨ ਏਸੀ ਦੀਆਂ ਕਾਪਰ ਪਾਈਪਾਂ ਚੋਰੀ ਕਰਨ ਦੀਆਂ ਹੋਰ ਵਾਰਦਾਤਾਂ ਤੋਂ ਵੀ ਪਰਦਾ ਉੱਠ ਸਕਦਾ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੇ ਪੁਰਾਣੇ ਰਿਕਾਰਡ ਅਤੇ ਉਨ੍ਹਾਂ ਦੇ ਸੰਪਰਕਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਦੌਰਾਨ ਸੁਭਾਸ਼ ਮਾਰਕੀਟ, ਨਿਊ ਸੁਭਾਸ਼ ਮਾਰਕੀਟ, ਸੰਤਪੁਰਾ ਰੋਡ ਸਮੇਤ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਏਸੀ ਦੀਆਂ ਕਾਪਰ ਪਾਈਪਾਂ ਚੋਰੀ ਹੋਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਸਨ। ਇਨ੍ਹਾਂ ਵਾਰਦਾਤਾਂ ਕਾਰਨ ਦੁਕਾਨਦਾਰਾਂ ਅਤੇ ਹੋਰ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਸੀ। ਪੰਜ ਵਿਅਕਤੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨੂੰ ਉਮੀਦ ਹੈ ਕਿ ਸ਼ਹਿਰ ਵਿੱਚ ਏਸੀ ਦੀਆਂ ਕਾਪਰ ਪਾਈਪਾਂ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਵੇਗੀ। ਉਨ੍ਹਾਂ ਦੱਸਿਆ ਕਿ ਫੜ੍ਹੇ ਗਏ ਮੁਲਜ਼ਮ ਜਤਿੰਦਰ ਕੁਮਾਰ ਖਿਲਾਫ ਪਹਿਲਾਂ ਵੀ ਚੋਰੀ ਦੇ ਦੋ ਕੇਸ ਦਰਜ ਹਨ।