ਪਹਿਲੇ ਮੀਂਹ ਨੇ ਖੋਲ੍ਹੀ ਪ੍ਰਸ਼ਾਸਨਿਕ ਪ੍ਰਬੰਧਾਂ ਦੀ ਪੋਲ, ਮੰਡੀਆਂ ’ਚ ਭਿੱਜਿਆ ਝੋਨਾ ਪਹਿਲੇ ਮੀਂਹ ਨੇ ਖੋਲ੍ਹੀ ਪ੍ਰਸ਼ਾਸਨਿਕ ਪ੍ਰਬੰਧਾਂ ਦੀ ਪੋਲ, ਮੰਡੀਆਂ ’ਚ ਭਿੱਜਿਆ ਝੋਨਾ
Publish Date: Sun, 11 Oct 2026 04:28 PM (IST)
Updated Date: Sun, 11 Oct 2026 04:29 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਬਠਿੰਡਾ ਵਿਚ ਐਤਵਾਰ ਸਵੇਰ ਤੋਂ ਪਏ ਮੀਂਹ ਨੇ ਜਿੱਥੇ ਮੌਸਮ ਵਿਚ ਠੰਢਕ ਲਿਆਂਦੀ, ਉੱਥੇ ਦੂਜੇ ਪਾਸੇ ਦਾਣਾ ਮੰਡੀਆਂ ਵਿਚ ਝੋਨੇ ਦੀ ਖਰੀਦ ਤੇ ਸੰਭਾਲ ਲਈ ਕੀਤੇ ਗਏ ਪ੍ਰਸ਼ਾਸਨਿਕ ਪ੍ਰਬੰਧਾਂ ਦੀ ਪੋਲ ਵੀ ਖੋਲ੍ਹ ਕੇ ਰੱਖ ਦਿੱਤੀ ਹੈ। ਲਗਭਗ ਦੋ ਘੰਟੇ ਰੁਕ-ਰੁਕ ਕੇ ਪਏ ਮੀਂਹ ਕਾਰਨ ਮੰਡੀਆਂ ਵਿਚ ਵੇਚਣ ਲਈ ਲਿਆਂਦਾ ਗਿਆ ਝੋਨਾ ਭਿੱਜ ਗਿਆ। ਹੈਰਾਨੀ ਦੀ ਗੱਲ ਇਹ ਰਹੀ ਕਿ ਜਿਹੜਾ ਝੋਨਾ ਖਰੀਦਿਆ ਜਾ ਚੁੱਕਾ ਸੀ ਤੇ ਬੋਰੀਆਂ ਵਿਚ ਭਰ ਕੇ ਰੱਖਿਆ ਗਿਆ ਸੀ, ਉਹ ਵੀ ਮੀਂਹ ਤੋਂ ਨਹੀਂ ਬਚ ਸਕਿਆ। ਅਜਿਹੇ ਵਿਚ ਸਵਾਲ ਉੱਠਦਾ ਹੈ ਕਿ ਜੇ ਪਹਿਲੇ ਮੀਂਹ ਵਿਚ ਹੀ ਸਰਕਾਰੀ ਪ੍ਰਬੰਧ ਜਵਾਬ ਦੇਣ ਲੱਗ ਪਏ ਹਨ ਤਾਂ ਆਉਣ ਵਾਲੇ ਦਿਨਾਂ ਵਿਚ ਕਿਸਾਨਾਂ ਦੀ ਫਸਲ ਦੀ ਸੁਰੱਖਿਆ ਕਿਵੇਂ ਹੋਵੇਗੀ? ਝੋਨੇ ਦੀ ਖਰੀਦ ਦਾ ਸੀਜ਼ਨ ਸ਼ੁਰੂ ਹੋਣ ਨਾਲ ਮੰਡੀਆਂ ਵਿਚ ਫਸਲ ਦੀ ਆਮਦ ਵਧਣ ਲੱਗੀ ਹੈ। ਹਾਲਾਂਕਿ ਹਾਲੇ ਮੰਡੀਆਂ ਵਿਚ ਜ਼ਿਆਦਾ ਝੋਨਾ ਨਹੀਂ ਪਹੁੰਚਿਆ, ਪਰ ਇਸ ਦੇ ਬਾਵਜੂਦ ਮੀਂਹ ਨਾਲ ਫਸਲ ਅਤੇ ਬੋਰੀਆਂ ਦਾ ਭਿੱਜਣਾ ਪ੍ਰਬੰਧਾਂ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਜੇ ਸ਼ੁਰੂਆਤੀ ਦੌਰ ਵਿਚ ਹੀ ਝੋਨੇ ਨੂੰ ਮੀਂਹ ਤੋਂ ਬਚਾਉਣ ਲਈ ਢੁੱਕਵੇਂ ਪ੍ਰਬੰਧ ਨਹੀਂ ਕੀਤੇ ਗਏ ਤਾਂ ਆਉਣ ਵਾਲੇ ਦਿਨਾਂ ਵਿਚ ਫਸਲ ਦੀ ਆਮਦ ਵਧਣ ਨਾਲ ਨੁਕਸਾਨ ਦਾ ਖ਼ਤਰਾ ਵੀ ਵਧ ਸਕਦਾ ਹੈ। ਮੀਂਹ ਤੋਂ ਬਚਾਅ ਦੇ ਪ੍ਰਬੰਧ ਕਿੱਥੇ ਗਏ? ਮੰਡੀਆਂ ਵਿਚ ਝੋਨੇ ਦੀ ਸੁਰੱਖਿਆ ਲਈ ਲੋੜੀਂਦੇ ਪ੍ਰਬੰਧ ਸਮੇਂ ਸਿਰ ਕੀਤੇ ਜਾਣੇ ਚਾਹੀਦੇ ਸਨ। ਸਵਾਲ ਇਹ ਹੈ ਕਿ ਕੀ ਫਸਲ ਅਤੇ ਖਰੀਦੇ ਗਏ ਝੋਨੇ ਦੀਆਂ ਬੋਰੀਆਂ ਨੂੰ ਢਕਣ ਲਈ ਲੋੜੀਂਦੀਆਂ ਤਰਪਾਲਾਂ ਅਤੇ ਸੁਰੱਖਿਅਤ ਭੰਡਾਰਨ ਦੀ ਵਿਵਸਥਾ ਸੀ? ਜੇ ਪ੍ਰਬੰਧ ਮੌਜੂਦ ਸਨ ਤਾਂ ਝੋਨਾ ਅਤੇ ਬੋਰੀਆਂ ਭਿੱਜੀਆਂ ਕਿਵੇਂ? ਪ੍ਰਸ਼ਾਸਨ ਨੂੰ ਇਨ੍ਹਾਂ ਸਵਾਲਾਂ ਦਾ ਜਵਾਬ ਦੇਣਾ ਹੋਵੇਗਾ, ਕਿਉਂਕਿ ਫਸਲ ਦੇ ਨੁਕਸਾਨ ਦੀ ਸੰਭਾਵਨਾ ਦਾ ਸਿੱਧਾ ਅਸਰ ਕਿਸਾਨਾਂ ਦੀ ਚਿੰਤਾ ’ਤੇ ਪੈਂਦਾ ਹੈ। ਤਲਵੰਡੀ ਸਾਬੋ ’ਚ ਥਾਣੇ ਦੇ ਬਾਹਰ ਭਰਿਆ ਪਾਣੀ ਮੀਂਹ ਨੇ ਸ਼ਹਿਰਾਂ ਅਤੇ ਕਸਬਿਆਂ ਵਿਚ ਪਾਣੀ ਦੀ ਨਿਕਾਸੀ ਵਿਵਸਥਾ ਦੀ ਸਥਿਤੀ ਵੀ ਉਜਾਗਰ ਕਰ ਦਿੱਤੀ ਹੈ। ਤਲਵੰਡੀ ਸਾਬੋ ਵਿਚ ਪੁਲਿਸ ਥਾਣੇ ਦੇ ਬਾਹਰ ਪਾਣੀ ਇਕੱਠਾ ਹੋਣ ਕਾਰਨ ਥਾਣੇ ਅੰਦਰ ਜਾਣ ਦਾ ਰਸਤਾ ਬੰਦ ਹੋ ਗਿਆ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਕੀਤੇ ਗਏ ਪ੍ਰਬੰਧ ਕਿੰਨੇ ਪ੍ਰਭਾਵਸ਼ਾਲੀ ਹਨ। ਪਹਿਲੇ ਮੀਂਹ ਨੇ ਹੀ ਪ੍ਰਸ਼ਾਸਨ ਸਾਹਮਣੇ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਹੁਣ ਦੇਖਣਾ ਹੋਵੇਗਾ ਕਿ ਸਬੰਧਤ ਅਧਿਕਾਰੀ ਮੰਡੀਆਂ ਵਿਚ ਝੋਨੇ ਨੂੰ ਸੁਰੱਖਿਅਤ ਰੱਖਣ ਅਤੇ ਇਕੱਠੇ ਹੋਏ ਪਾਣੀ ਦੀ ਸਮੱਸਿਆ ਦੂਰ ਕਰਨ ਲਈ ਕਿੰਨੀ ਜਲਦੀ ਠੋਸ ਕਦਮ ਚੁੱਕਦੇ ਹਨ।