ਫ਼ਿਲਮ ਡਾਇਰੈਕਟਰ ਆਰ. ਮਲਕਾਣਾ ਨੇ ਜੱਦੀ ਪਿੰਡ ਪਹੁੰਚ ਕੇ ਸਾਂਝੀਆਂ ਕੀਤੀਆਂ ਬਚਪਨ ਦੀਆਂ ਯਾਦਾਂ ਫ਼ਿਲਮ ਡਾਇਰੈਕਟਰ ਆਰ. ਮਲਕਾਣਾ ਨੇ ਜੱਦੀ ਪਿੰਡ ਪਹੁੰਚ ਕੇ ਸਾਂਝੀਆਂ ਕੀਤੀਆਂ ਬਚਪਨ ਦੀਆਂ ਯਾਦਾਂ
Publish Date: Tue, 10 Nov 2026 05:57 PM (IST)
Updated Date: Tue, 10 Nov 2026 06:00 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਾ ਮੰਡੀ ਸਬ-ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਮਲਕਾਣਾ ਦੇ ਜੰਮਪਲ ਤੇ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਫ਼ਿਲਮ ਨਿਰਦੇਸ਼ਕ ਆਰ. ਮਲਕਾਣਾ ਆਪਣੀ ਫ਼ਿਲਮ ‘ਮਿੱਟੀ ਦੇ ਪੁੱਤ’ ਦੀ ਰਿਲੀਜ਼ ਤੋਂ ਬਾਅਦ ਆਪਣੇ ਜੱਦੀ ਪਿੰਡ ਮਲਕਾਣਾ ਵਿਖੇ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਉਸ ਗੁਰੂ ਕਾਸ਼ੀ ਪਬਲਿਕ ਸਕੂਲ ਦਾ ਵੀ ਦੌਰਾ ਕੀਤਾ, ਜਿੱਥੋਂ ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਹਾਸਲ ਕੀਤੀ ਸੀ। ਜ਼ਿਕਰਯੋਗ ਹੈ ਕਿ ਇੱਕ ਆਮ ਕਿਸਾਨੀ ਪਰਿਵਾਰ ਵਿਚ ਜਨਮੇ ਆਰ. ਮਲਕਾਣਾ ਨੇ ਆਪਣੀ ਮਿਹਨਤ, ਲਗਨ ਅਤੇ ਦ੍ਰਿੜ੍ਹ ਇਰਾਦੇ ਸਦਕਾ ਫ਼ਿਲਮ ਇੰਡਸਟਰੀ ਵਿੱਚ ਖ਼ਾਸ ਮੁਕਾਮ ਹਾਸਲ ਕੀਤਾ ਹੈ। ਉਹ ਕਈ ਫ਼ਿਲਮਾਂ ਅਤੇ ਗੀਤਾਂ ਵਿਚ ਕੰਮ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਉਹ ਫ਼ਿਲਮ ‘ਬੀਬੀ ਰਜਨੀ’ ਦੇ ਨਿਰਦੇਸ਼ਨ ਦੀ ਜ਼ਿੰਮੇਵਾਰੀ ਵੀ ਨਿਭਾ ਚੁੱਕੇ ਹਨ। ਹੁਣ ਅਦਾਕਾਰ ਦੇਵ ਖਰੌੜ ਦੀ ਫ਼ਿਲਮ ‘ਮਿੱਟੀ ਦੇ ਪੁੱਤ’ ਦਾ ਨਿਰਦੇਸ਼ਨ ਕਰਕੇ ਉਨ੍ਹਾਂ ਨੇ ਆਪਣੀ ਪ੍ਰਾਪਤੀਆਂ ਦੀ ਸੂਚੀ ਵਿੱਚ ਇੱਕ ਹੋਰ ਅਹਿਮ ਮੀਲ ਪੱਥਰ ਜੋੜਿਆ ਹੈ। ਸਕੂਲ ਪਹੁੰਚਣ ’ਤੇ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਵਿਦਿਆਰਥੀਆਂ ਨਾਲ ਆਪਣੇ ਬਚਪਨ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਉਹ ਵੀ ਕਦੇ ਇਸੇ ਸਕੂਲ ਵਿਚ ਛੋਟੇ-ਛੋਟੇ ਬੈਂਚਾਂ ਅਤੇ ਤਪੜਾਂ ’ਤੇ ਬੈਠ ਕੇ ਪੜ੍ਹਿਆ ਕਰਦੇ ਸਨ। ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਮਨ ਵਿਚ ਕੋਈ ਪੱਕਾ ਟੀਚਾ ਹੋਵੇ ਅਤੇ ਉਸ ਨੂੰ ਪ੍ਰਾਪਤ ਕਰਨ ਲਈ ਪੂਰੀ ਲਗਨ ਤੇ ਮਿਹਨਤ ਕੀਤੀ ਜਾਵੇ ਤਾਂ ਜ਼ਿੰਦਗੀ ਵਿਚ ਕੋਈ ਵੀ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ। ਆਰ ਮਲਕਾਣਾ ਦੀ ਇਸ ਕਾਮਯਾਬੀ ਨਾਲ ਪਿੰਡ ਮਲਕਾਣਾ, ਉਨ੍ਹਾਂ ਦੇ ਪਰਿਵਾਰ ਅਤੇ ਸਮੁੱਚੇ ਇਲਾਕੇ ਦਾ ਮਾਣ ਵਧਿਆ ਹੈ। ਉਨ੍ਹਾਂ ਦੀ ਸਕੂਲ ਫੇਰੀ ਵਿਦਿਆਰਥੀਆਂ ਲਈ ਪ੍ਰੇਰਨਾ ਦਾ ਸਰੋਤ ਬਣੀ ਅਤੇ ਇਹ ਸੰਦੇਸ਼ ਦੇ ਗਈ ਕਿ ਆਪਣੀ ਮਿੱਟੀ ਨਾਲ ਜੁੜ ਕੇ ਵੀ ਮਿਹਨਤ ਦੇ ਦਮ ’ਤੇ ਕਾਮਯਾਬੀ ਦੀਆਂ ਬੁਲੰਦੀਆਂ ਛੂਹੀਆਂ ਜਾ ਸਕਦੀਆਂ ਹਨ।