ਵਿਦਿਆਰਥਣਾਂ ਨੇ ਕਰਵਾ ਚੌਥ ਮੌਕੇ ਲਾਈ ਵਿਰਾਸਤੀ ਵਸਤਾਂ ਦੀ ਪ੍ਰਦਰਸ਼ਨੀ ਗੁਰੂ ਕਾਸ਼ੀ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਨੇ ਕਰਵਾ ਚੌਥ ਮੌਕੇ ਲਾਈ ਵਿਰਾਸਤੀ ਵਸਤਾਂ ਦੀ ਸ਼ਾਨਦਾਰ ਪ੍ਰਦਰਸ਼ਨੀ
Publish Date: Fri, 30 Oct 2026 04:46 PM (IST)
Updated Date: Sat, 31 Oct 2026 04:02 AM (IST)
ਪੰਜਾਬੀ ਸੱਭਿਆਚਾਰ ਦੀ ਝਲਕ ਬਣੀਆਂ ਫੁਲਕਾਰੀਆਂ ਕਢਾਈਦਾਰ ਸੂਟ ਅਤੇ ਹੱਥੀਂ ਤਿਆਰ ਵਸਤਾਂ ਚਾਂਸਲਰ ਨੇ ਵਿਦਿਆਰਥਣਾਂ ਨੂੰ ਸਟਾਰਟਅੱਪ ਸ਼ੁਰੂ ਕਰਨ ਲਈ ਕੀਤਾ ਪ੍ਰੇਰਿਤ ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਗੁਰੂ ਕਾਸ਼ੀ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਯੁਵਾ ਮਾਮਲਿਆਂ ਅਤੇ ਸੱਭਿਆਚਾਰ ਵੱਲੋਂ ਕਰਵਾ ਚੌਥ ਦੇ ਤਿਉਹਾਰ ਮੌਕੇ ਪੰਜਾਬੀ ਅਮੀਰ ਵਿਰਸੇ ਅਤੇ ਸੱਭਿਆਚਾਰ ਨੂੰ ਦਰਸਾਉਂਦੀ ਸ਼ਾਨਦਾਰ ਪ੍ਰਦਰਸ਼ਨੀ ਲਗਾਈ ਗਈ। ਪ੍ਰਦਰਸ਼ਨੀ ਦਾ ਉਦਘਾਟਨ ਯੂਨੀਵਰਸਿਟੀ ਦੇ ਚਾਂਸਲਰ ਗੁਰਲਾਭ ਸਿੰਘ ਸਿੱਧੂ ਨੇ ਕੀਤਾ। ਇਸ ਮੌਕੇ ਵਾਈਸ ਚਾਂਸਲਰ ਡਾ. ਬਲਰਾਜ ਸਿੰਘ, ਜਨਰਲ ਸਕੱਤਰ ਇੰਜੀਨੀਅਰ ਸੁਖਵਿੰਦਰ ਸਿੰਘ ਅਤੇ ਡਾਇਰੈਕਟਰ ਕੈਂਪਸ ਡਾ. ਹਰਜਸਪਾਲ ਸਿੰਘ ਸਿੱਧੂ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਪ੍ਰਦਰਸ਼ਨੀ ਦੌਰਾਨ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਵੱਲੋਂ ਪੰਜਾਬੀ ਸੱਭਿਆਚਾਰ ਅਤੇ ਵਿਰਾਸਤ ਨਾਲ ਸਬੰਧਤ ਵਸਤਾਂ ਦੇ ਸਟਾਲ ਲਗਾਏ ਗਏ। ਇਨ੍ਹਾਂ ਵਿੱਚ ਕੰਗਣ, ਕਰੂਵੇ, ਕਾਂਟੇ, ਰੁਮਾਲ, ਫੁਲਕਾਰੀਆਂ, ਕਢਾਈਦਾਰ ਸੂਟ, ਥੈਲੇ, ਕ੍ਰੋਸ਼ੀਏ ਨਾਲ ਤਿਆਰ ਕੀਤੇ ਸਵੈਟਰ, ਗੁੱਤ-ਪਰਾਂਦੀਆਂ ਅਤੇ ਮਹਿੰਦੀ ਆਦਿ ਖਿੱਚ ਦਾ ਕੇਂਦਰ ਰਹੇ। ਇਸ ਪ੍ਰੋਗਰਾਮ ਦਾ ਆਯੋਜਨ ਡਾਇਰੈਕਟਰ ਯੁਵਾ ਮਾਮਲਿਆਂ ਅਤੇ ਸੱਭਿਆਚਾਰ ਡਾ. ਕੰਵਲਜੀਤ ਕੌਰ ਦੀ ਦੇਖ-ਰੇਖ ਹੇਠ ਕੀਤਾ ਗਿਆ। ਇਸ ਦੇ ਨਾਲ ਹੀ ਡੀਨ ਕਾਮਰਸ ਅਤੇ ਮੈਨੇਜਮੈਂਟ ਡਾ. ਸੰਦੀਪ ਕੌਰ ਦੀ ਦੇਖ-ਰੇਖ ਹੇਠ ਵਿਦਿਆਰਥੀਆਂ ਵੱਲੋਂ ਦਹੀਂ-ਭੱਲੇ, ਗੋਲ-ਗੱਪੇ, ਫਰੂਟ ਚਾਟ, ਕੌਫੀ, ਕੇਕ, ਬਿਸਕੁਟ, ਜੂਸ ਅਤੇ ਹੋਰ ਸੁਆਦੀ ਪਕਵਾਨਾਂ ਦੇ ਸਟਾਲ ਲਗਾਏ ਗਏ। ਮਹਿਮਾਨਾਂ ਅਤੇ ਵਿਦਿਆਰਥੀਆਂ ਨੇ ਇਨ੍ਹਾਂ ਸਟਾਲਾਂ ਵਿੱਚ ਖਾਸ ਦਿਲਚਸਪੀ ਦਿਖਾਈ। ਸਮਾਗਮ ਦੌਰਾਨ ਮਨੋਰੰਜਨ ਲਈ ਵੱਖ-ਵੱਖ ਖੇਡ ਮੁਕਾਬਲੇ ਅਤੇ ਲੋਕ-ਨਾਚ ਵੀ ਕਰਵਾਏ ਗਏ। ਚਾਂਸਲਰ ਗੁਰਲਾਭ ਸਿੰਘ ਸਿੱਧੂ ਨੇ ਕਿਹਾ ਕਿ ਵਿਦਿਆਰਥਣਾਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਅਕਾਦਮਿਕ ਡਿਗਰੀਆਂ ਦੇ ਨਾਲ-ਨਾਲ ਉਨ੍ਹਾਂ ਦੇ ਹੁਨਰ ਨੂੰ ਨਿਖਾਰਨਾ ਵੀ ਜ਼ਰੂਰੀ ਹੈ। ਉਨ੍ਹਾਂ ਵਿਦਿਆਰਥਣਾਂ ਨੂੰ ਆਪਣੇ ਹੁਨਰ ਦੇ ਆਧਾਰ ’ਤੇ ਸਟਾਰਟਅੱਪ ਸ਼ੁਰੂ ਕਰਨ ਅਤੇ ਸਵੈ-ਰੁਜ਼ਗਾਰ ਵੱਲ ਕਦਮ ਵਧਾਉਣ ਲਈ ਪ੍ਰੇਰਿਤ ਕੀਤਾ। ਵਾਈਸ ਚਾਂਸਲਰ ਡਾ. ਬਲਰਾਜ ਸਿੰਘ ਨੇ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥਣਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਲਈ ਉਤਸ਼ਾਹਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਅਤੇ ਸੱਭਿਆਚਾਰ ਨਾਲ ਜੋੜਨ ਦੇ ਨਾਲ-ਨਾਲ ਉਨ੍ਹਾਂ ਅੰਦਰ ਸਿਰਜਣਾਤਮਕਤਾ ਅਤੇ ਕਾਰੋਬਾਰੀ ਸੋਚ ਨੂੰ ਵੀ ਵਿਕਸਤ ਕਰਦੀਆਂ ਹਨ।