ਯੁਵਕ ਮੇਲੇ ’ਚ ਫ਼ਤਿਹ ਗਰੁੱਪ ਦੀ ਚੜ੍ਹਤ, 21 ਪੁਜ਼ੀਸ਼ਨਾਂ ਜਿੱਤੀਆਂ ਯੁਵਕ ਮੇਲੇ ’ਚ ਫ਼ਤਿਹ ਗਰੁੱਪ ਦੀ ਚੜ੍ਹਤ, 21 ਪੁਜ਼ੀਸ਼ਨਾਂ ਜਿੱਤੀਆਂ
Publish Date: Fri, 09 Oct 2026 08:03 PM (IST)
Updated Date: Sat, 10 Oct 2026 04:05 AM (IST)
ਫੋਟੋ : 19 ਕੈਪਸਨ:- ਵਿਧਾਇਕ ਬਲਕਾਰ ਸਿੱਧੂ ਦਾ ਸਨਮਾਨ ਕਰਦੇ ਹੋਏ ਫਤਿਹ ਗਰੁੱਪ ਦੇ ਚੇਅਰਮੈਨ ਐਸ ਐਸ ਚੱਠਾ ਤੇ ਹੋਰ ਪ੍ਰਬੰਧਕ। ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੇਤਰੀ ਯੁਵਕ ਅਤੇ ਲੋਕ ਮੇਲੇ ’ਚ ਫ਼ਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਰਾਮਪੁਰਾ ਫੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 21 ਪੁਜ਼ੀਸ਼ਨਾਂ ਹਾਸਲ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ। ਵਿਦਿਆਰਥੀਆਂ ਨੇ 7 ਵੰਨਗੀਆਂ ਵਿੱਚ ਪਹਿਲਾ, 6 ਵਿੱਚ ਦੂਜਾ ਅਤੇ 8 ਵੰਨਗੀਆਂ ਵਿੱਚ ਤੀਜਾ ਸਥਾਨ ਹਾਸਲ ਕੀਤਾ। ਮੇਲੇ ਦੇ ਸਵੇਰ ਦੇ ਸੈਸ਼ਨ ’ਚ ਮੁੱਖ ਮਹਿਮਾਨ ਵਜੋਂ ਪੁੱਜੇ ਹਲਕਾ ਵਿਧਾਇਕ ਤੇ ਪ੍ਰਸਿੱਧ ਗਾਇਕ ਬਲਕਾਰ ਸਿੱਧੂ ਨੇ ਜੇਤੂ ਵਿਦਿਆਰਥੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਉਨ੍ਹਾਂ ਕਿਹਾ ਕਿ ਧੀਆਂ ਸਮਾਜ ਦੀ ਤਰੱਕੀ ਦੀ ਮਜ਼ਬੂਤ ਨੀਂਹ ਹਨ ਅਤੇ ਨੌਜਵਾਨਾਂ ਨੂੰ ਸਕਾਰਾਤਮਕ ਸੋਚ, ਉੱਚ ਸਿੱਖਿਆ ਤੇ ਆਤਮ-ਵਿਸ਼ਵਾਸ ਨਾਲ ਅੱਗੇ ਵਧਣਾ ਚਾਹੀਦਾ ਹੈ। ਸ਼ਾਮ ਦੇ ਸੈਸ਼ਨ ’ਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਮੁੱਖ ਮਹਿਮਾਨ ਤੇ ਪੰਜਾਬ ਮਾਰਕਫੈੱਡ ਦੇ ਚੇਅਰਮੈਨ ਇੰਦਰਜੀਤ ਸਿੰਘ ਮਾਨ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਐੱਸਐੱਸਪੀ ਬਠਿੰਡਾ ਸੋਹੇਲ ਕਾਸਿਮ ਮੀਰ (ਆਈਪੀਐੱਸ) ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਲੋਕ ਮੇਲੇ ਪੰਜਾਬ ਦੀ ਅਮੀਰ ਵਿਰਾਸਤ, ਲੋਕ ਕਲਾਵਾਂ, ਲੋਕ ਸੰਗੀਤ ਤੇ ਪੁਰਾਤਨ ਰਵਾਇਤਾਂ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਅਹਿਮ ਵਸੀਲਾ ਹਨ। ਉਨ੍ਹਾਂ ਨੌਜਵਾਨਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਦਾ ਸੱਦਾ ਦਿੱਤਾ। ਫ਼ਤਿਹ ਗਰੁੱਪ ਦੇ ਵਿਦਿਆਰਥੀਆਂ ਨੇ ਗਰੁੱਪ ਸ਼ਬਦ, ਗ਼ਜ਼ਲ, ਮੁਹਾਵਰੇਦਾਰ ਵਾਰਤਾਲਾਪ, ਮਿਮਿਕਰੀ, ਨੁੱਕੜ ਨਾਟਕ, ਇੰਨੂੰ ਬਣਾਉਣ ਅਤੇ ਕਰੋਸ਼ੀਏ ਦੀ ਬੁਣਤੀ ਵਿੱਚ ਪਹਿਲੇ ਸਥਾਨ ਹਾਸਲ ਕੀਤੇ। ਸ਼ਾਸਤਰੀ ਸਾਜ਼, ਲੋਕ ਗੀਤ, ਲੋਕ ਸਾਜ਼ ਆਰਕੈਸਟਰਾ, ਇੱਕਾਂਗੀ, ਕਾਰਟੂਨਿੰਗ ਅਤੇ ਛਿੱਕੂ ਬਣਾਉਣ ਵਿੱਚ ਦੂਜੇ, ਜਦਕਿ ਭਾਰਤੀ ਗਰੁੱਪ ਗੀਤ, ਸ਼ਾਸਤਰੀ ਗਾਇਨ, ਪੱਛਮੀ ਇਕਲ ਗਾਇਨ, ਭਾਸ਼ਣ ਕਲਾ, ਮਾਈਮ, ਸਕਿੱਟ, ਕੋਰੀਓਗ੍ਰਾਫੀ ਅਤੇ ਕੋਲਾਜ ਮੇਕਿੰਗ ਵਿੱਚ ਤੀਜੇ ਸਥਾਨ ’ਤੇ ਰਹੇ। ਇਸ ਪ੍ਰਾਪਤੀ ’ਤੇ ਫ਼ਤਿਹ ਗਰੁੱਪ ਦੇ ਚੇਅਰਮੈਨ ਐੱਸ.ਐੱਸ. ਚੱਠਾ, ਐੱਮਡੀ ਮਨਜੀਤ ਕੌਰ ਚੱਠਾ ਅਤੇ ਸਰਪ੍ਰਸਤ ਸਰਵਨ ਸਿੰਘ ਚੱਠਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਬਘੇਲ ਸਿੰਘ, ਡੀਨ ਅਕਾਦਮਿਕ ਡਾ. ਜਗਵਿੰਦਰ ਸਿੰਘ ਸਿੱਧੂ ਅਤੇ ਸਹਾਇਕ ਡਾਇਰੈਕਟਰ ਤੇ ਯੂਥ ਕੋਆਰਡੀਨੇਟਰ ਪ੍ਰੋ. ਹਰਪ੍ਰੀਤ ਹੈਪੀ ਨੇ ਵਿਦਿਆਰਥੀਆਂ ਅਤੇ ਟੀਮ ਇੰਚਾਰਜਾਂ ਦੀ ਮਿਹਨਤ ਦੀ ਸ਼ਲਾਘਾ ਕੀਤੀ।