ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਕਿਸਾਨ ਯੂਨੀਅਨ ਵੱਲੋਂ ਧਰਨਾ ਖੁਦਕਸ਼ੀ ਮਾਮਲੇ 'ਚ ਨਾਮਜਦ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਕਿਸਾਨ ਯੂਨੀਅਨ ਵੱਲੋਂ ਰੇਲਵੇ ਲਾਈਨਾਂ ’ਤੇ ਧਰਨਾ
Publish Date: Sun, 20 Sep 2026 05:33 PM (IST)
Updated Date: Mon, 21 Sep 2026 04:05 AM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਾਂ ਮੰਡੀ : ਬੀਤੇ ਕੁਝ ਦਿਨ ਪਹਿਲਾਂ ਪਿੰਡ ਚੱਕ ਹੀਰਾ ਸਿੰਘ ਵਾਲਾ ਵਿਖੇ ਇੱਕ ਕਿਸਾਨ ਵੱਲੋਂ ਖੁਦਕਸ਼ੀ ਕਰਨ ਦੇ ਮਾਮਲੇ ਵਿਚ ਨਾਮਜ਼ਦ ਚਾਰ ਦੋਸ਼ੀਆਂ ਵਿੱਚੋਂ ਦੋ ਦੋਸ਼ੀਆਂ ਨੂੰ ਪੁਲਿਸ ਵੱਲੋਂ ਸਰਕਾਰ ਦੀ ਸਿਫਾਰਿਸ਼ ਤੇ ਗ੍ਰਿਫਤਾਰ ਨਾ ਕੀਤੇ ਜਾਣ ਦੋ ਰੋਸ ਵਜੋਂ ਅੱਜ ਮ੍ਰਿਤਕ ਕਿਸਾਨ ਦੇ ਪਰਿਵਾਰ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਨੂੰ ਨਾਲ ਲੈਕੇ ਰਾਮਸਰਾ ਰੇਲਵੇ ਫਾਟਕ ਰਾਮਾਂ ਮੰਡੀ ਵਿਖੇ ਲਾਈਨਾਂ ਤੇ ਧਰਨਾ ਦਿੱਤਾ ਗਿਆ। ਇਸ ਦੌਰਾਨ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਬੁਲਾਰਿਆਂ ਨੇ ਕਿਹਾ ਕਿ ਬੀਤੇ ਦਿਨੀਂ ਪਿੰਡ ਚੱਕ ਹੀਰਾ ਸਿੰਘ ਵਾਲਾ ਦੇ ਕਿਸਾਨ ਹਰਮੇਲ ਸਿੰਘ ਵੱਲੋਂ ਘਰ ਵਿੱਚ ਹੀ ਫਾਹਾ ਲੈ ਕੇ ਖੁਦਕਸ਼ੀ ਕਰ ਲਈ ਗਈ ਸੀ। ਇਸ ਖੁਦਕਸ਼ੀ ਮਾਮਲੇ ਵਿਚ ਰਿਫਾਇਨਰੀ ਪੁਲਿਸ ਚੌਂਕੀ ਰਾਮਾਂ ਵੱਲੋਂ ਗੁਰਮੇਲ ਸਿੰਘ, ਉਸਦੀ ਪਤਨੀ ਸੁਖਵਿੰਦਰ ਕੌਰ, ਹਰਪ੍ਰੀਤ ਸਿੰਘ ਪੁੱਤਰ ਛਿੰਦਰ ਸਿੰਘ ਅਤੇ ਛਿੰਦਰ ਸਿੰਘ ਵਾਸੀ ਗਿੱਦੜਬਾਹਾ ਵਿਰੁੱਧ ਉਕਤ ਕਿਸਾਨ ਨੂੰ ਖੁਦਕਸ਼ੀ ਲਈ ਮਜਬੂਰ ਕਰਨ ਦੀਆਂ ਧਾਰਾਵਾਂ ਹੇਠ ਮਾਮਲਾ ਦਰਜ਼ ਕਰਕੇ ਦੋ ਦੋਸ਼ੀਆਂ ਗੁਰਮੇਲ ਸਿੰਘ ਅਤੇ ਉਸਦੀ ਪਤਨੀ ਸੁਖਵਿੰਦਰ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਪਰ ਬਾਕੀ ਦੋ ਦੋਸ਼ੀਆਂ ਹਰਪ੍ਰੀਤ ਸਿੰਘ ਅਤੇ ਛਿੰਦਰ ਸਿੰਘ ਨੂੰ ਸਰਕਾਰ ਦੀ ਸਿਫਾਰਿਸ਼ ਤੇ ਪੁਲਿਸ ਵੱਲੋਂ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ। ਇਹਨਾਂ ਦੋਵਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਪਹਿਲਾਂ ਰਿਫਾਇਨਰੀ ਪੁਲਿਸ ਚੌਂਕੀ, ਉਸ ਤੋਂ ਬਾਅਦ ਰਾਮਸਰਾ ਚੌਂਕ ਵਿਖੇ ਵੀ ਕਿਸਾਨ ਯੂਨੀਅਨ ਵੱਲੋਂ ਧਰਨਾ ਦਿੱਤਾ ਗਿਆ ਸੀ ਪਰ ਪੁਲਿਸ ਤੇ ਕੋਈ ਅਸਰ ਨਹੀਂ ਹੋਇਆ। ਮਜਬੂਰ ਹੋ ਕੇ ਅੱਜ ਪੀੜਤ ਪਰਿਵਾਰ ਵੱਲੋਂ ਕਿਸਾਨ ਯੂਨੀਅਨ ਨਾਲ ਮਿਲਕੇ ਰੇਲਵੇ ਲਾਈਨਾਂ ਤੇ ਧਰਨਾ ਦਿੱਤਾ ਗਿਆ ਹੈ, ਜੋ ਦੋਸ਼ੀਆਂ ਦੀ ਗ੍ਰਿਫਤਾਰੀ ਨਾ ਹੋਣ ਤੱਕ ਜਾਰੀ ਰਹੇਗਾ।