ਪਰਾਲੀ ਪ੍ਰਬੰਧਨ ਸਬੰਧੀ ਕਿਸਾਨਾਂ ਨੂੰ ਕੀਤਾ ਜਾਗਰੂਕ, ਅਗਾਂਹਵਧੂ ਕਿਸਾਨਾਂ ਦਾ ਸਨਮਾਨ ਪਰਾਲੀ ਪ੍ਰਬੰਧਨ ਸਬੰਧੀ ਕਿਸਾਨਾਂ ਨੂੰ ਕੀਤਾ ਜਾਗਰੂਕ, ਅਗਾਂਹਵਧੂ ਕਿਸਾਨਾਂ ਦਾ ਸਨਮਾਨ
Publish Date: Thu, 22 Oct 2026 04:46 PM (IST)
Updated Date: Thu, 22 Oct 2026 04:48 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਹਾੜ੍ਹੀ ਦੀਆਂ ਫ਼ਸਲਾਂ ਦੀ ਕਾਸ਼ਤ ਤੇ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਸਬੰਧੀ ਬਲਾਕ ਦਫ਼ਤਰ ਤਲਵੰਡੀ ਸਾਬੋ ਵਿਖੇ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਇਸ ਦੌਰਾਨ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਖੇਤਾਂ ਵਿਚ ਹੀ ਸੰਭਾਲਣ, ਕਣਕ ਦੀ ਸੁਚੱਜੀ ਕਾਸ਼ਤ ਕਰਨ ਤੇ ਖੇਤੀ ਖਰਚੇ ਘਟਾਉਣ ਸਬੰਧੀ ਤਕਨੀਕੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਪਿਛਲੇ ਸਾਲਾਂ ਦੌਰਾਨ ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰਨ ਵਾਲੇ ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਕੈਂਪ ਦੀ ਸ਼ੁਰੂਆਤ ਦੌਰਾਨ ਬਲਦੀਪ ਸਿੰਘ ਏਐੱਸਆਈ ਨੇ ਕਿਸਾਨਾਂ ਦਾ ਸਵਾਗਤ ਕਰਦਿਆਂ ਮਿੱਟੀ ਤੇ ਪਾਣੀ ਦੀ ਪਰਖ ਦੀ ਮਹੱਤਤਾ ਅਤੇ ਨਮੂਨੇ ਲੈਣ ਦੇ ਸਹੀ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ। ਖੇਤੀਬਾੜੀ ਵਿਕਾਸ ਅਫ਼ਸਰ ਡਾ. ਗੁਰਕੰਵਲ ਸਿੰਘ ਨੇ ਕਣਕ ਦੀ ਫ਼ਸਲ ਵਿਚ ਖਾਦਾਂ ਦੀ ਸੁਚੱਜੀ ਵਰਤੋਂ, ਨਦੀਨਾਂ ਦੀ ਰੋਕਥਾਮ, ਸੁੰਡੀ ਦੇ ਹਮਲੇ ਤੋਂ ਬਚਾਅ ਅਤੇ ਸਰ੍ਹੋਂ ਦੀ ਕਾਸ਼ਤ ਦੀਆਂ ਤਕਨੀਕਾਂ ਬਾਰੇ ਦੱਸਿਆ। ਉਨ੍ਹਾਂ ਕਿਸਾਨਾਂ ਨੂੰ ਰਸਾਇਣਿਕ ਖਾਦਾਂ ਦੀ ਵਰਤੋਂ ਘਟਾਉਣ ਤੇ ਜੈਵਿਕ ਖਾਦਾਂ ਰਾਹੀਂ ਮਿੱਟੀ ਦੀ ਸਿਹਤ ਸੁਧਾਰਨ ਲਈ ਪ੍ਰੇਰਿਤ ਕੀਤਾ। ਖੇਤੀਬਾੜੀ ਵਿਕਾਸ ਅਫ਼ਸਰ ਗੁਰਪਿੰਦਰ ਸਿੰਘ ਨੇ ਕਣਕ ਦੀਆਂ ਉੱਨਤ ਕਿਸਮਾਂ ਬਾਰੇ ਜਾਣਕਾਰੀ ਦਿੱਤੀ ਤੇ ਪੀਬੀ ਚਪਾਤੀ ਕਿਸਮ ਨੂੰ ਘਰੇਲੂ ਵਰਤੋਂ ਲਈ ਬੀਜਣ ਵਾਸਤੇ ਪ੍ਰੇਰਿਤ ਕੀਤਾ। ਡਾ. ਸੰਦੀਪ ਸਿੰਘ ਨੇ ਕਣਕ ਦੀ ਬਿਜਾਈ ਤੋਂ ਪਹਿਲਾਂ ਬੀਜ ਸੋਧਣ ਤੇ ਪਰਾਲੀ ਵਾਲੇ ਖੇਤਾਂ ਵਿਚ ਸੁਪਰ ਸੀਡਰ, ਸਮਾਰਟ ਸੀਡਰ, ਸਰਫੇਸ ਸੀਡਰ ਅਤੇ ਮਲਚਰ ਵਰਗੀਆਂ ਮਸ਼ੀਨਾਂ ਦੀ ਵਰਤੋਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਪਰਾਲੀ ਨੂੰ ਖੇਤ ਵਿੱਚ ਮਿਲਾਉਣ ਨਾਲ ਜੈਵਿਕ ਮਾਦੇ ਤੇ ਸੂਖਮ ਜੀਵਾਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਹੈ, ਜਿਸ ਨਾਲ ਮਿੱਟੀ ਦੀ ਸਿਹਤ ਵਿਚ ਸੁਧਾਰ ਆਉਂਦਾ ਹੈ। ਉਨ੍ਹਾਂ ਮਸ਼ੀਨਰੀ ਵਾਲੇ ਕਿਸਾਨਾਂ ਨੂੰ ਛੋਟੇ ਕਿਸਾਨਾਂ ਦੀ ਸਹੂਲਤ ਲਈ ਮਸ਼ੀਨਾਂ ਕਿਰਾਏ ’ਤੇ ਦੇਣ ਦੀ ਅਪੀਲ ਕੀਤੀ। ਕੈਂਪ ਦੇ ਵਿਸ਼ੇਸ਼ ਮਹਿਮਾਨ ਉਪ ਮੰਡਲ ਮੈਜਿਸਟਰੇਟ ਤਲਵੰਡੀ ਸਾਬੋ ਵੀਰਪਾਲ ਕੌਰ ਨੇ ਕਿਸਾਨਾਂ ਨੂੰ ਪਰਾਲੀ ਦੀਆਂ ਗੱਠਾਂ ਬਣਾਉਣ ਜਾਂ ਇਸ ਨੂੰ ਖੇਤ ਵਿੱਚ ਵਾਹ ਕੇ ਕਣਕ ਦੀ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ। ਮੁੱਖ ਮਹਿਮਾਨ ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ ਹਰਪ੍ਰੀਤਪਾਲ ਕੌਰ ਨੇ ਬਦਲਦੇ ਮੌਸਮ ਦੇ ਮੱਦੇਨਜ਼ਰ ਕਣਕ ਦੀ ਅਗੇਤੀ ਬਿਜਾਈ ਤੋਂ ਗੁਰੇਜ਼ ਕਰਨ ਅਤੇ ਫ਼ਸਲ ਨੂੰ ਸੁੰਡੀ ਦੇ ਹਮਲੇ ਤੋਂ ਬਚਾਉਣ ਲਈ ਵਿਭਾਗੀ ਸਿਫ਼ਾਰਸ਼ਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ। ਅੰਤ ਵਿੱਚ ਖੇਤੀਬਾੜੀ ਅਫ਼ਸਰ ਡਾ. ਮਨੋਜ ਕੁਮਾਰ ਨੇ ਪਰਾਲੀ ਨੂੰ ਗਲਾਉਣ ਲਈ ਪੂਸਾ ਡੀਕੰਪੋਜ਼ਰ ਦੀ ਵਰਤੋਂ ਦੀ ਵਿਧੀ ਸਮਝਾਈ। ਉਨ੍ਹਾਂ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਅਤੇ ਯੂਨੀਵਰਸਿਟੀਆਂ ਦੀਆਂ ਸਿਫ਼ਾਰਸ਼ਾਂ ਅਨੁਸਾਰ ਖੇਤੀ ਕਰਨ ਦੀ ਅਪੀਲ ਕੀਤੀ, ਤਾਂ ਜੋ ਖੇਤੀ ਖਰਚੇ ਘਟਾ ਕੇ ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਇਆ ਜਾ ਸਕੇ। ਕੈਂਪ ਵਿੱਚ ਬਲਾਕ ਤਲਵੰਡੀ ਸਾਬੋ ਦੇ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਕੈਂਪ ਨੂੰ ਸਫਲ ਬਣਾਉਣ ਵਿੱਚ ਖੇਤੀਬਾੜੀ ਵਿਭਾਗ ਦੀ ਸਮੁੱਚੀ ਬਲਾਕ ਟੀਮ ਦਾ ਵਿਸ਼ੇਸ਼ ਯੋਗਦਾਨ ਰਿਹਾ।