ਪੰਜ-ਪੰਜ ਘੰਟਿਆਂ ਦੇ ਬਿਜਲੀ ਕੱਟਾਂ ਤੋਂ ਕਿਸਾਨ ਪਰੇਸ਼ਾਨ, ਝੋਨੇ ਦੀ ਫਸਲ ਨੂੰ ਪਾਣੀ ਦੇਣ ’ਚ ਆ ਰਹੀ ਦਿੱਕਤ ਪੰਜ-ਪੰਜ ਘੰਟਿਆਂ ਦੇ ਬਿਜਲੀ ਕੱਟਾਂ ਤੋਂ ਕਿਸਾਨ ਪਰੇਸ਼ਾਨ, ਝੋਨੇ ਦੀ ਫਸਲ ਨੂੰ ਪਾਣੀ ਦੇਣ ਵਿੱਚ ਆ ਰਹੀ ਦਿੱਕਤ
Publish Date: Fri, 04 Sep 2026 04:59 PM (IST)
Updated Date: Fri, 04 Sep 2026 05:01 PM (IST)
36 ਕੈਪਸ਼ਨ: ਪਿੰਡ ਦਾਨ ਸਿੰਘ ਵਾਲਾ ਦੇ ਬਿਜਲੀ ਗਰਿੱਡ ਅੱਗੇ ਰੋਸ ਪ੍ਰਦਰਸ਼ਨ ਕਰਦੇ ਹੋਏ ਕਿਸਾਨ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਜ਼ਿਲ੍ਹੇ ਅੰਦਰ ਬਿਜਲੀ ਸਪਲਾਈ ਦੇ ਲੱਗ ਰਹੇ ਪੰਜ-ਪੰਜ ਘੰਟਿਆਂ ਦੇ ਲੰਬੇ ਕੱਟਾਂ ਕਾਰਨ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਜੂਦਾ ਸਮੇਂ ਝੋਨੇ ਦੀ ਫਸਲ ਨਿੱਸਰ ਰਹੀ ਹੈ ਅਤੇ ਇਸ ਪੜਾਅ ’ਤੇ ਫਸਲ ਨੂੰ ਲੋੜੀਂਦੇ ਪਾਣੀ ਦੀ ਸਖ਼ਤ ਜ਼ਰੂਰਤ ਹੈ। ਅਜਿਹੇ ਵਿੱਚ ਖੇਤੀਬਾੜੀ ਸੈਕਟਰ ਨੂੰ ਨਿਰਵਿਘਨ ਬਿਜਲੀ ਸਪਲਾਈ ਨਾ ਮਿਲਣ ਕਾਰਨ ਕਿਸਾਨਾਂ ਨੂੰ ਖੇਤਾਂ ਦੀ ਸਿੰਚਾਈ ਲਈ ਮਹਿੰਗਾ ਡੀਜ਼ਲ ਫੂਕ ਕੇ ਜਨਰੇਟਰ ਜਾਂ ਡੀਜ਼ਲ ਇੰਜਣ ਚਲਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਝੋਨੇ ਦੀ ਫਸਲ ਇਸ ਸਮੇਂ ਅਹਿਮ ਪੜਾਅ ’ਤੇ ਹੈ। ਜੇਕਰ ਫਸਲ ਨੂੰ ਸਮੇਂ ਸਿਰ ਲੋੜੀਂਦਾ ਪਾਣੀ ਨਾ ਮਿਲਿਆ ਤਾਂ ਇਸ ਦਾ ਸਿੱਧਾ ਅਸਰ ਫਸਲ ਦੇ ਵਾਧੇ ਅਤੇ ਆਉਣ ਵਾਲੇ ਸਮੇਂ ਵਿੱਚ ਝਾੜ ’ਤੇ ਪੈ ਸਕਦਾ ਹੈ। ਇਕ ਪਾਸੇ ਖੇਤੀ ਲਾਗਤ ਪਹਿਲਾਂ ਹੀ ਵਧੀ ਹੋਈ ਹੈ ਅਤੇ ਦੂਜੇ ਪਾਸੇ ਬਿਜਲੀ ਦੇ ਲੰਬੇ ਕੱਟਾਂ ਕਾਰਨ ਡੀਜ਼ਲ ਦਾ ਵਾਧੂ ਖਰਚਾ ਕਿਸਾਨਾਂ ’ਤੇ ਪੈ ਰਿਹਾ ਹੈ। ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿੱਚ ਬਿਜਲੀ ਸਪਲਾਈ ਨੂੰ ਲੈ ਕੇ ਕਿਸਾਨਾਂ ਦਾ ਰੋਸ ਲਗਾਤਾਰ ਵਧ ਰਿਹਾ ਹੈ। ਬਿਜਲੀ ਦੇ ਪੰਜ-ਪੰਜ ਘੰਟਿਆਂ ਦੇ ਕੱਟਾਂ ਤੋਂ ਅੱਕੇ ਕਿਸਾਨਾਂ ਵੱਲੋਂ ਬਿਜਲੀ ਗਰਿੱਡਾਂ ਅੱਗੇ ਧਰਨੇ ਅਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਸੰਗਤ ਮੰਡੀ, ਮੌੜ ਮੰਡੀ, ਗੋਨਿਆਣਾ ਖੇਤਰ, ਭੁੱਚੋ ਮੰਡੀ ਖੇਤਰ ਅਤੇ ਪਿੰਡ ਦਾਨ ਸਿੰਘ ਵਾਲਾ ਦੇ ਬਿਜਲੀ ਗਰਿੱਡਾਂ ਅੱਗੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾਣ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਬਿਜਲੀ ਸਪਲਾਈ ਦੀ ਸਥਿਤੀ ਵਿੱਚ ਸੁਧਾਰ ਨਾ ਹੋਇਆ ਤਾਂ ਕਿਸਾਨਾਂ ਦਾ ਰੋਸ ਹੋਰ ਤਿੱਖਾ ਹੋ ਸਕਦਾ ਹੈ। ਲੰਬੇ ਸਮੇਂ ਤਕ ਬਿਜਲੀ ਸਪਲਾਈ ਪ੍ਰਭਾਵਿਤ ਰਹਿਣ ਕਾਰਨ ਗਰਿੱਡਾਂ ਅੱਗੇ ਧਰਨਿਆਂ ਅਤੇ ਪ੍ਰਦਰਸ਼ਨਾਂ ਦਾ ਸਿਲਸਿਲਾ ਵਧਣ ਦੀ ਸੰਭਾਵਨਾ ਹੈ, ਜਿਸ ਨਾਲ ਪ੍ਰਸ਼ਾਸਨ ਅਤੇ ਕਿਸਾਨਾਂ ਵਿਚਕਾਰ ਟਕਰਾਅ ਦੀ ਸਥਿਤੀ ਵੀ ਪੈਦਾ ਹੋ ਸਕਦੀ ਹੈ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਝੋਨੇ ਦੀ ਫਸਲ ਦੀ ਮੌਜੂਦਾ ਲੋੜ ਨੂੰ ਦੇਖਦਿਆਂ ਖੇਤੀਬਾੜੀ ਲਈ ਨਿਰਵਿਘਨ ਅਤੇ ਨਿਰਧਾਰਤ ਸਮੇਂ ਅਨੁਸਾਰ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ, ਤਾਂ ਜੋ ਉਨ੍ਹਾਂ ਨੂੰ ਮਹਿੰਗਾ ਡੀਜ਼ਲ ਖਰਚਣ ਤੋਂ ਰਾਹਤ ਮਿਲ ਸਕੇ ਅਤੇ ਫਸਲ ਦਾ ਝਾੜ ਪ੍ਰਭਾਵਿਤ ਨਾ ਹੋਵੇ। ਬਾਕਸ ਐੱਸਡੀਓ ਨੂੰ ਮੰਗ ਪੱਤਰ ਸੌਂਪਿਆ ਫੋਟੋ : 27 ਕੈਪਸ਼ਨ : ਕੋਟਸ਼ਮੀਰ ਗਰਿੱਡ ’ਚ ਕਿਸਾਨ ਐਸਡੀਓ ਨੂੰ ਮੰਗ ਪੱਤਰ ਸੌਂਪਦੇ ਹੋਏ । ਦਵਿੰਦਰ ਸਿੰਘ ਮਾਨ , ਪੰਜਾਬੀ ਜਾਗਰਣ, ਕੋਟਫੱਤਾ ਖੇਤੀਬਾੜੀ ਲਈ ਨਿਰਧਾਰਤ ਬਿਜਲੀ ਸਪਲਾਈ ਪੂਰੀ ਨਾ ਮਿਲਣ ਕਾਰਨ ਪਰੇਸ਼ਾਨ ਕਿਸਾਨਾਂ ਵੱਲੋਂ ਅੱਜ ਪੀਐਸਪੀਸੀਐਲ ਸਬ-ਡਿਵੀਜ਼ਨ ਕੋਟਸ਼ਮੀਰ ਦੇ ਗਰਿੱਡ ਵਿਖੇ ਇਕੱਠ ਕਰਕੇ ਆਪਣੀਆਂ ਮੁਸ਼ਕਲਾਂ ਸਬੰਧੀ ਰੋਸ ਜ਼ਾਹਰ ਕੀਤਾ ਗਿਆ। ਕਿਸਾਨਾਂ ਨੇ ਖੇਤੀਬਾੜੀ ਸੈਕਟਰ ਨੂੰ ਬਿਜਲੀ ਦੀ ਨਿਰਵਿਘਨ ਸਪਲਾਈ ਦੇਣ ਦੀ ਮੰਗ ਕਰਦਿਆਂ ਆਪਣਾ ਮੰਗ ਪੱਤਰ ਐਸਡੀਓ ਸੁਖਪ੍ਰੀਤ ਸਿੰਘ ਨੂੰ ਸੌਂਪਿਆ। ਕਿਸਾਨਾਂ ਨੇ ਕਿਹਾ ਕਿ ਖੇਤੀਬਾੜੀ ਲਈ ਦਿਨ ਵਿੱਚ ਅੱਠ ਘੰਟੇ ਬਿਜਲੀ ਦੇਣ ਦੇ ਦਾਅਵੇ ਜ਼ਮੀਨੀ ਪੱਧਰ ’ਤੇ ਪੂਰੇ ਹੁੰਦੇ ਨਜ਼ਰ ਨਹੀਂ ਆ ਰਹੇ। ਉਨ੍ਹਾਂ ਦੱਸਿਆ ਕਿ ਬਿਜਲੀ ਸਪਲਾਈ ਵਿੱਚ ਵਾਰ-ਵਾਰ ਵਿਘਨ ਪੈਣ ਕਾਰਨ ਖੇਤਾਂ ਦੀ ਸਿੰਚਾਈ ਪ੍ਰਭਾਵਿਤ ਹੋ ਰਹੀ ਹੈ। ਸਮੇਂ ਸਿਰ ਪਾਣੀ ਨਾ ਮਿਲਣ ਕਾਰਨ ਫਸਲਾਂ ਨੂੰ ਨੁਕਸਾਨ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ, ਜਿਸ ਨੂੰ ਲੈ ਕੇ ਕਿਸਾਨਾਂ ਵਿੱਚ ਭਾਰੀ ਚਿੰਤਾ ਪਾਈ ਜਾ ਰਹੀ ਹੈ। ਕਿਸਾਨਾਂ ਨੇ ਕਿਹਾ ਕਿ ਫਸਲ ਪਾਲਣ ਲਈ ਉਹ ਆਪਣੀ ਪੂਰੀ ਮਿਹਨਤ ਅਤੇ ਪੂੰਜੀ ਲਗਾ ਰਹੇ ਹਨ, ਪਰ ਜਦੋਂ ਫਸਲ ਨੂੰ ਪਾਣੀ ਦੀ ਲੋੜ ਹੁੰਦੀ ਹੈ ਤਾਂ ਬਿਜਲੀ ਨਾ ਮਿਲਣ ਕਾਰਨ ਉਨ੍ਹਾਂ ਦੀ ਮਿਹਨਤ ’ਤੇ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ। ਕਿਸਾਨਾਂ ਦਾ ਕਹਿਣਾ ਸੀ ਕਿ ਜੇਕਰ ਸਿੰਚਾਈ ਲਈ ਸਮੇਂ ਸਿਰ ਬਿਜਲੀ ਨਾ ਮਿਲੀ ਤਾਂ ਫਸਲਾਂ ਦੇ ਝਾੜ ’ਤੇ ਮਾੜਾ ਅਸਰ ਪੈ ਸਕਦਾ ਹੈ ਅਤੇ ਇਸ ਦਾ ਸਿੱਧਾ ਪ੍ਰਭਾਵ ਉਨ੍ਹਾਂ ਦੀ ਆਮਦਨ ’ਤੇ ਪਵੇਗਾ।ਇਸ ਮੌਕੇ ਐਸਡੀਓ ਸੁਖਪ੍ਰੀਤ ਸਿੰਘ ਨੇ ਕਿਸਾਨਾਂ ਨੂੰ ਸਥਿਤੀ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਥਰਮਲ ਪਲਾਂਟ ਬੰਦ ਹੋਣ ਕਾਰਨ ਇਸ ਸਮੇਂ ਬਿਜਲੀ ਦੀ ਕਮੀ ਚੱਲ ਰਹੀ ਹੈ ਅਤੇ ਉੱਪਰੋਂ ਹੀ ਪਾਵਰ ਕੱਟ ਲੱਗ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਮੁਸ਼ਕਲਾਂ ਸਬੰਧੀ ਉਹ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ ਅਤੇ ਬਿਜਲੀ ਸਪਲਾਈ ਦੀ ਸਮੱਸਿਆ ਨੂੰ ਦੂਰ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਕਿਸਾਨ ਕੁਲਬੀਰ ਸਿੰਘ, ਹਰਵਿੰਦਰ ਸਿੰਘ, ਕੁਲਵਿੰਦਰ ਸਿੰਘ, ਬਲਤੇਜ ਸਿੰਘ, ਗੁਰਸੇਵਕ ਸਿੰਘ, ਨੈਬ ਸਿੰਘ, ਹਰਪਾਲ ਸਿੰਘ, ਹਰਦੀਪ ਸਿੰਘ, ਗੁਰਵਿੰਦਰ ਸਿੰਘ, ਗੁਰਦੀਪ ਸਿੰਘ, ਸੁਖਜਿੰਦਰ ਸਿੰਘ, ਹਰਦੇਵ ਸਿੰਘ, ਇਕਬਾਲ ਸਿੰਘ, ਮਨਪ੍ਰੀਤ ਸਿੰਘ, ਜਗਸੀਰ ਸਿੰਘ, ਬਲਕਰਨ ਸਿੰਘ, ਗੁਰਜੀਤ ਸਿੰਘ, ਸੁਖਜੀਤ ਸਿੰਘ, ਪਰਮਜੀਤ ਸਿੰਘ, ਬਲਵਿੰਦਰ ਸਿੰਘ, ਰੰਤੀਰ ਸਿੰਘ, ਗੁਰਪ੍ਰੀਤ ਸਿੰਘ, ਗੁਰਦਿੱਤ ਸਿੰਘ, ਹਰਵਿੰਦਰ ਸਿੰਘ, ਇਕਬਾਲ ਸਿੰਘ, ਰਾਜ ਸਿੰਘ, ਕਵਲ ਸਿੰਘ, ਸ਼ੰਬੂ, ਗੱਗੀ, ਰੇਸ਼ਮ, ਤਰਸੇਮ ਸਿੰਘ, ਸੁਖਦੇਵ ਸਿੰਘ, ਅਮਰਜੀਤ ਸਿੰਘ, ਅਜੈਬ ਸਿੰਘ, ਜਸਪ੍ਰੀਤ ਸਿੰਘ ਅਤੇ ਗੁਰਦੀਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ। ਬਾਕਸ ਬਿਜਲੀ ਸਪਲਾਈ ਦੇ ਰੋਸ ’ਚ ਕਿਸਾਨਾਂ ਨੇ ਰਾਮਪੁਰਾ-ਤਲਵੰਡੀ ਸਾਬੋ ਰੋਡ ਜਾਮ ਕੀਤਾ ਫੋਟੋ : 29 ਕੈਪਸਨ:- ਰੋਸ ਪ੍ਰਦਰਸ਼ਨ ਦੌਰਾਨ ਧਰਨਾ ਦਿੰਦੇ ਹੋਏ ਕਿਸਾਨ ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ ਖੇਤੀ ਸੈਕਟਰ ਲਈ ਨਿਰਵਿਘਨ ਬਿਜਲੀ ਸਪਲਾਈ ਨਾ ਮਿਲਣ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਰਾਮਪੁਰਾ-ਦਮਦਮਾ ਸਾਹਿਬ ਰੋਡ ’ਤੇ ਵੱਖ-ਵੱਖ ਥਾਵਾਂ ’ਤੇ ਰੋਸ ਧਰਨੇ ਦੇ ਕੇ ਆਵਾਜਾਈ ਠੱਪ ਕੀਤੀ ਗਈ। ਭਾਕਿਯੂ ਕ੍ਰਾਂਤੀਕਾਰੀ ਵੱਲੋਂ ਪਿੰਡ ਢੱਡੇ ਅਤੇ ਭਾਕਿਯੂ ਸਿੱਧੂਪੁਰ ਵੱਲੋਂ ਪਿੰਡ ਮੰਡੀ ਕਲਾਂ ਵਿਖੇ ਸੜਕ ਜਾਮ ਕਰਕੇ ਪੰਜਾਬ ਸਰਕਾਰ ਤੇ ਪਾਵਰਕਾਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਧਰਨਿਆਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਖੇਤੀ ਸੈਕਟਰ ਨੂੰ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਹਕੀਕਤ ਇਸ ਦੇ ਉਲਟ ਹੈ। ਉਨ੍ਹਾਂ ਦੱਸਿਆ ਕਿ ਕਈ ਵਾਰ ਨਿਰਧਾਰਤ ਸਮੇਂ ’ਤੇ ਬਿਜਲੀ ਸਪਲਾਈ ਨਹੀਂ ਮਿਲਦੀ ਅਤੇ ਸਪਲਾਈ ਆਉਣ ਤੋਂ ਬਾਅਦ ਵੀ ਵਾਰ-ਵਾਰ ਕੱਟ ਲੱਗਣ ਕਾਰਨ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਝੋਨੇ ਦੀ ਫ਼ਸਲ ਨੂੰ ਇਸ ਸਮੇਂ ਪਾਣੀ ਦੀ ਲੋੜ ਹੈ। ਬਿਜਲੀ ਦੀ ਮਾੜੀ ਸਪਲਾਈ ਕਾਰਨ ਖੇਤਾਂ ਦੀ ਸਿੰਚਾਈ ਪ੍ਰਭਾਵਿਤ ਹੋ ਰਹੀ ਹੈ, ਜਿਸ ਨਾਲ ਫ਼ਸਲ ਦੇ ਨੁਕਸਾਨ ਦਾ ਖਦਸ਼ਾ ਬਣਿਆ ਹੋਇਆ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਖੇਤੀਬਾੜੀ ਲਈ ਨਿਰਧਾਰਤ ਅੱਠ ਘੰਟੇ ਬਿਜਲੀ ਸਪਲਾਈ ਬਿਨਾਂ ਕਿਸੇ ਰੁਕਾਵਟ ਦੇ ਯਕੀਨੀ ਬਣਾਈ ਜਾਵੇ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਬਿਜਲੀ ਸਪਲਾਈ ਵਿੱਚ ਤੁਰੰਤ ਸੁਧਾਰ ਨਾ ਕੀਤਾ ਗਿਆ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।