ਬਿਜਲੀ ਸਪਲਾਈ ਘੱਟ ਮਿਲਣ ਤੋਂ ਕਿਸਾਨ ਭੜਕੇ, ਗਰਿੱਡ ’ਤੇ ਲਾਇਆ ਧਰਨਾ ਤਲਵੰਡੀ ਸਾਬੋ ਦੇ ਤਿੰਨ ਖੇਤੀਬਾੜੀ ਫੀਡਰਾਂ ’ਤੇ ਬਿਜਲੀ ਸਪਲਾਈ ਘੱਟ ਮਿਲਣ ਤੋਂ ਕਿਸਾਨ ਭੜਕੇ, ਗਰਿੱਡ ’ਤੇ ਲਾਇਆ ਧਰਨਾ
Publish Date: Thu, 03 Sep 2026 07:29 PM (IST)
Updated Date: Fri, 04 Sep 2026 04:04 AM (IST)
ਗਾਟਵਾਲੀ, ਸੰਗਤ ਤੇ ਤਲਵੰਡੀ ਸਾਬੋ ਸ਼ਹਿਰੀ ਫੀਡਰਾਂ ਦੇ ਕਿਸਾਨਾਂ ਨੇ ਲਾਇਆ ਧਰਨਾ ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ; ਝੋਨੇ ਤੇ ਨਰਮੇ ਦੀ ਫ਼ਸਲ ਪ੍ਰਭਾਵਿਤ ਹੋਣ ਦਾ ਦਾਅਵਾ ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਸਬ-ਡਵੀਜ਼ਨ ਤਲਵੰਡੀ ਸਾਬੋ ਅਧੀਨ ਆਉਂਦੇ ਗਾਟਵਾਲੀ, ਸੰਗਤ ਤੇ ਤਲਵੰਡੀ ਸਾਬੋ ਸ਼ਹਿਰੀ ਫੀਡਰਾਂ ਨਾਲ ਜੁੜੇ ਖੇਤੀਬਾੜੀ ਖੇਤਰਾਂ ਵਿੱਚ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਲੋੜੀਂਦੀ ਬਿਜਲੀ ਸਪਲਾਈ ਨਾ ਮਿਲਣ ਕਾਰਨ ਕਿਸਾਨਾਂ ਦਾ ਰੋਸ ਭੜਕ ਉੱਠਿਆ। ਪਰੇਸ਼ਾਨ ਕਿਸਾਨਾਂ ਨੇ ਤਲਵੰਡੀ ਸਾਬੋ ਦੇ ਬਿਜਲੀ ਗਰਿੱਡ ਵਿਖੇ ਧਰਨਾ ਲਾ ਕੇ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਖੇਤੀਬਾੜੀ ਸੈਕਟਰ ਲਈ ਅੱਠ ਘੰਟੇ ਬਿਜਲੀ ਸਪਲਾਈ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ, ਜਦਕਿ ਜ਼ਮੀਨੀ ਪੱਧਰ ’ਤੇ ਉਨ੍ਹਾਂ ਨੂੰ ਰੋਜ਼ਾਨਾ ਮਹਿਜ਼ ਤਿੰਨ ਤੋਂ ਚਾਰ ਘੰਟੇ ਹੀ ਬਿਜਲੀ ਮਿਲ ਰਹੀ ਹੈ। ਧਰਨੇ ’ਤੇ ਬੈਠੇ ਕਿਸਾਨਾਂ ਨੇ ਕਿਹਾ ਕਿ ਝੋਨੇ ਦੀ ਫ਼ਸਲ ਨੂੰ ਸ਼ੁਰੂਆਤੀ ਪੜਾਅ ਵਿੱਚ ਪਾਣੀ ਦੀ ਸਭ ਤੋਂ ਵੱਧ ਲੋੜ ਸੀ, ਪਰ ਉਸ ਸਮੇਂ ਤੋਂ ਹੀ ਬਿਜਲੀ ਸਪਲਾਈ ਨਿਰੰਤਰ ਨਹੀਂ ਮਿਲ ਰਹੀ। ਉਨ੍ਹਾਂ ਅਨੁਸਾਰ ਬਿਜਲੀ ਦੀ ਘਾਟ ਕਾਰਨ ਫ਼ਸਲਾਂ ਨੂੰ ਲੋੜ ਅਨੁਸਾਰ ਪਾਣੀ ਨਹੀਂ ਮਿਲ ਰਿਹਾ, ਜਿਸ ਦਾ ਸਿੱਧਾ ਅਸਰ ਝੋਨੇ ਦੀ ਪੈਦਾਵਾਰ ’ਤੇ ਪੈ ਸਕਦਾ ਹੈ। ਕਿਸਾਨਾਂ ਨੇ ਖਦਸ਼ਾ ਜਤਾਇਆ ਕਿ ਜੇਕਰ ਹਾਲਾਤ ਨਾ ਸੁਧਰੇ ਤਾਂ ਇਸ ਵਾਰ ਝੋਨੇ ਦਾ ਝਾੜ ਪਿਛਲੇ ਸਾਲਾਂ ਦੇ ਮੁਕਾਬਲੇ ਘੱਟ ਰਹਿ ਸਕਦਾ ਹੈ। ਉਨ੍ਹਾਂ ਕਿਹਾ ਕਿ ਕਈ ਕਿਸਾਨ ਮਹਿੰਗੇ ਭਾਅ ’ਤੇ ਜ਼ਮੀਨਾਂ ਠੇਕੇ ’ਤੇ ਲੈ ਕੇ ਖੇਤੀ ਕਰ ਰਹੇ ਹਨ, ਇਸ ਲਈ ਫ਼ਸਲ ਪ੍ਰਭਾਵਿਤ ਹੋਣ ਨਾਲ ਉਨ੍ਹਾਂ ਦੀਆਂ ਆਰਥਿਕ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ। ਬਾਕਸ-- ਨਰਮੇ ਦੀ ਫ਼ਸਲ ਨੂੰ ਵੀ ਪਾਣੀ ਨਾ ਮਿਲਣ ਕਾਰਨ ਕਿਸਾਨ ਚਿੰਤਤ ਪਿੰਡ ਸੰਗਤ ਦੇ ਕਿਸਾਨ ਆਗੂ ਪ੍ਰਗਟ ਸਿੰਘ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਦੀਆਂ ਹਦਾਇਤਾਂ ’ਤੇ ਇਸ ਵਾਰ ਕਿਸਾਨਾਂ ਵੱਲੋਂ ਨਰਮੇ ਦੀ ਬਿਜਾਈ ਵੀ ਕੀਤੀ ਗਈ ਸੀ, ਪਰ ਹੁਣ ਨਰਮੇ ਦੀ ਫ਼ਸਲ ਨੂੰ ਵੀ ਲੋੜ ਅਨੁਸਾਰ ਪਾਣੀ ਨਹੀਂ ਮਿਲ ਰਿਹਾ। ਉਨ੍ਹਾਂ ਦੱਸਿਆ ਕਿ ਕਿਸਾਨ ਇਸ ਸਬੰਧੀ ਖੇਤੀਬਾੜੀ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ ਅਤੇ ਅਧਿਕਾਰੀਆਂ ਵੱਲੋਂ ਬਿਜਲੀ ਵਿਭਾਗ ਨੂੰ ਪੱਤਰ ਲਿਖ ਕੇ ਨਰਮੇ ਵਾਲੇ ਖੇਤਰਾਂ ਨੂੰ ਲੋੜੀਂਦੀ ਸਪਲਾਈ ਦੇਣ ਦੀ ਮੰਗ ਵੀ ਕੀਤੀ ਗਈ ਹੈ। ਪ੍ਰਗਟ ਸਿੰਘ ਨੇ ਕਿਹਾ ਕਿ ਕਿਸਾਨ ਧਰਨੇ ਲਾਉਣ ਦੇ ਸ਼ੌਕੀਨ ਨਹੀਂ ਹਨ, ਸਗੋਂ ਆਪਣੀਆਂ ਫ਼ਸਲਾਂ ਨੂੰ ਬਚਾਉਣ ਲਈ ਮਜਬੂਰੀ ਵੱਸ ਗਰਿੱਡ ’ਤੇ ਬੈਠੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਅੱਠ ਘੰਟੇ ਨਿਰੰਤਰ ਬਿਜਲੀ ਸਪਲਾਈ ਨਾ ਮਿਲੀ ਤਾਂ ਕਿਸਾਨ ਪੱਕਾ ਧਰਨਾ ਲਗਾਉਣ ਅਤੇ ਸਰਕਾਰ ਖ਼ਿਲਾਫ਼ ਸੰਘਰਸ਼ ਹੋਰ ਤਿੱਖਾ ਕਰਨ ਲਈ ਮਜਬੂਰ ਹੋਣਗੇ। ਬਾਕਸ-- ਐੱਸਡੀਓ ਦੇ ਰਵੱਈਏ ਨੂੰ ਲੈ ਕੇ ਵੀ ਕਿਸਾਨਾਂ ’ਚ ਨਾਰਾਜ਼ਗੀ ਕਿਸਾਨ ਜੋਤ ਗਿੱਲ ਨੇ ਕਿਹਾ ਕਿ ਬਿਜਲੀ ਸਪਲਾਈ ਦੀ ਸਮੱਸਿਆ ਦੇ ਨਾਲ-ਨਾਲ ਕਿਸਾਨਾਂ ਵਿੱਚ ਸਥਾਨਕ ਬਿਜਲੀ ਅਧਿਕਾਰੀ ਦੇ ਰਵੱਈਏ ਨੂੰ ਲੈ ਕੇ ਵੀ ਨਾਰਾਜ਼ਗੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਕਿਸਾਨ ਆਪਣੀ ਸਮੱਸਿਆ ਲੈ ਕੇ ਐੱਸਡੀਓ ਦੇ ਦਫ਼ਤਰ ਗਏ ਤਾਂ ਉਨ੍ਹਾਂ ਨਾਲ ਕਥਿਤ ਤੌਰ ’ਤੇ ਗੁੱਸੇ ਵਾਲੇ ਲਹਿਜ਼ੇ ਵਿੱਚ ਗੱਲ ਕੀਤੀ ਗਈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਸਮੱਸਿਆ ਸੁਣ ਕੇ ਉਸ ਦਾ ਹੱਲ ਕੀਤਾ ਜਾਣਾ ਚਾਹੀਦਾ ਹੈ। ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਗਾਟਵਾਲੀ, ਸੰਗਤ ਤੇ ਤਲਵੰਡੀ ਸਾਬੋ ਸ਼ਹਿਰੀ ਫੀਡਰਾਂ ਨਾਲ ਸਬੰਧਤ ਖੇਤੀਬਾੜੀ ਖੇਤਰਾਂ ਨੂੰ ਨਿਰਧਾਰਤ ਸਮੇਂ ਅਨੁਸਾਰ ਅੱਠ ਘੰਟੇ ਨਿਰੰਤਰ ਬਿਜਲੀ ਸਪਲਾਈ ਦਿੱਤੀ ਜਾਵੇ, ਤਾਂ ਜੋ ਫ਼ਸਲਾਂ ਨੂੰ ਲੋੜੀਂਦਾ ਪਾਣੀ ਮਿਲ ਸਕੇ। ਬਾਕਸ-- ਵਧੀ ਬਿਜਲੀ ਮੰਗ ਕਾਰਨ ਸਪਲਾਈ ਪ੍ਰਭਾਵਿਤ ਹੋਣ ਦਾ ਦਾਅਵਾ ਉਧਰ, ਮੌਕੇ ’ਤੇ ਬਿਜਲੀ ਵਿਭਾਗ ਦੇ ਐੱਸਡੀਓ ਨੇ ਕਿਸਾਨਾਂ ਦੀਆਂ ਸ਼ਿਕਾਇਤਾਂ ਸਬੰਧੀ ਆਪਣਾ ਪੱਖ ਰੱਖਦਿਆਂ ਕਿਹਾ ਕਿ ਬਿਜਲੀ ਦੀ ਮੰਗ ਵਧਣ ਕਾਰਨ ਸਪਲਾਈ ’ਤੇ ਅਸਰ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲਹਿਰਾ ਮੁਹੱਬਤ ਅਤੇ ਰੋਪੜ ਦੇ ਥਰਮਲ ਪਲਾਂਟਾਂ ਨਾਲ ਸਬੰਧਤ ਯੂਨਿਟਾਂ ਦੇ ਬੰਦ ਹੋਣ ਕਾਰਨ ਬਿਜਲੀ ਦੀ ਉਪਲਬਧਤਾ ਪ੍ਰਭਾਵਿਤ ਹੋਈ ਹੈ, ਜਿਸ ਦੇ ਚਲਦਿਆਂ ਵਾਰੀ-ਵਾਰੀ ਕੱਟ ਲਾਉਣੇ ਪੈ ਰਹੇ ਹਨ। ਐੱਸਡੀਓ ਨੇ ਕਿਹਾ ਕਿ ਸਥਾਨਕ ਪੱਧਰ ’ਤੇ ਕੋਈ ਵੀ ਅਧਿਕਾਰੀ ਜਾਣਬੁੱਝ ਕੇ ਕਿਸਾਨਾਂ ਦੀ ਬਿਜਲੀ ਨਹੀਂ ਕੱਟ ਰਿਹਾ। ਉਨ੍ਹਾਂ ਅਨੁਸਾਰ ਜਦੋਂ ਬਿਜਲੀ ਦੀ ਮੰਗ ਵਧ ਜਾਂਦੀ ਹੈ ਤਾਂ ਉੱਚ ਪੱਧਰ ਤੋਂ ਸਪਲਾਈ ਸਬੰਧੀ ਹੁਕਮ ਪ੍ਰਾਪਤ ਹੁੰਦੇ ਹਨ ਅਤੇ ਸਥਾਨਕ ਅਧਿਕਾਰੀ ਉਨ੍ਹਾਂ ਹੁਕਮਾਂ ਅਨੁਸਾਰ ਹੀ ਬਿਜਲੀ ਸਪਲਾਈ ਚਲਾਉਂਦੇ ਹਨ। ਜਦੋਂ ਐੱਸਡੀਓ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਸਪਲਾਈ ਦੇਣ ਸਬੰਧੀ ਕੀਤੇ ਜਾ ਰਹੇ ਦਾਅਵਿਆਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਸਵਾਲ ਮੁੱਖ ਮੰਤਰੀ ਨੂੰ ਹੀ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਥਾਨਕ ਅਧਿਕਾਰੀਆਂ ਨੂੰ ਜਿੰਨੀ ਬਿਜਲੀ ਸਪਲਾਈ ਉੱਪਰੋਂ ਪ੍ਰਾਪਤ ਹੁੰਦੀ ਹੈ, ਉਸੇ ਅਨੁਸਾਰ ਹੀ ਸਪਲਾਈ ਦਿੱਤੀ ਜਾਂਦੀ ਹੈ। ਕੁਝ ਕਿਸਾਨਾਂ ਨੇ ਦਾਅਵਾ ਕੀਤਾ ਕਿ ਤਲਵੰਡੀ ਸਾਬੋ ਦੇ ਆਸ-ਪਾਸ ਕੁਝ ਹੋਰ ਫੀਡਰਾਂ ’ਤੇ ਅੱਠ ਘੰਟਿਆਂ ਤੋਂ ਵੱਧ ਸਮੇਂ ਲਈ ਵੀ ਬਿਜਲੀ ਮਿਲ ਰਹੀ ਹੈ, ਜਦਕਿ ਉਨ੍ਹਾਂ ਨਾਲ ਸਬੰਧਤ 3 ਫੀਡਰਾਂ ’ਤੇ ਸਪਲਾਈ ਕਾਫ਼ੀ ਘੱਟ ਹੈ। ਕਿਸਾਨਾਂ ਨੇ ਬਿਜਲੀ ਸਪਲਾਈ ਵਿੱਚ ਇਹ ਫ਼ਰਕ ਦੂਰ ਕਰਕੇ ਸਾਰੇ ਖੇਤੀਬਾੜੀ ਫੀਡਰਾਂ ਨੂੰ ਨਿਰਧਾਰਤ ਸਮੇਂ ਅਨੁਸਾਰ ਬਿਜਲੀ ਦੇਣ ਦੀ ਮੰਗ ਕੀਤੀ। ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਬਿਜਲੀ ਸਪਲਾਈ ਵਿੱਚ ਸੁਧਾਰ ਨਾ ਹੋਇਆ ਅਤੇ ਫ਼ਸਲਾਂ ਨੂੰ ਲੋੜ ਅਨੁਸਾਰ ਪਾਣੀ ਨਾ ਮਿਲਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਦੂਜੇ ਪਾਸੇ ਬਿਜਲੀ ਵਿਭਾਗ ਨੇ ਸਪਲਾਈ ਵਿੱਚ ਕਮੀ ਦਾ ਕਾਰਨ ਵਧੀ ਹੋਈ ਮੰਗ ਅਤੇ ਬਿਜਲੀ ਦੀ ਉਪਲਬਧਤਾ ਵਿੱਚ ਆਈ ਕਮੀ ਨੂੰ ਦੱਸਿਆ ਹੈ।