ਪਿੰਡ ਮਾਈਸਰਖਾਨਾ 'ਚ ਗੈਰ-ਕਾਨੂੰਨੀ ਲੁੱਕ ਪਲਾਂਟ ਖਿਲਾਫ਼ ਕਿਸਾਨਾਂ ਤੇ ਪਿੰਡ ਵਾਸੀਆਂ ਦਾ ਧਰਨਾ ਪਿੰਡ ਮਾਈਸਰਖਾਨਾ 'ਚ ਗੈਰ-ਕਾਨੂੰਨੀ ਲੁੱਕ ਪਲਾਂਟ ਖਿਲਾਫ਼ ਕਿਸਾਨਾਂ ਅਤੇ ਪਿੰਡ ਵਾਸੀਆਂ ਦਾ ਧਰਨਾ
Publish Date: Sat, 12 Sep 2026 05:07 PM (IST)
Updated Date: Sat, 12 Sep 2026 05:08 PM (IST)
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ ਮੌੜ ਮੰਡੀ ਮੌੜ ਹਲਕੇ ਦੇ ਨੇੜਲੇ ਪਿੰਡ ਮਾਈਸਰਖਾਨਾ ਦੀ ਉਪਜਾਊ ਜ਼ਮੀਨ ਵਿਚ ਬਿਨਾਂ ਮਨਜ਼ੂਰੀ ਚੱਲ ਰਹੇ ਅਨਅਧਿਕਾਰਤ ਲੁੱਕ ਮਿਕਸਰ ਪਲਾਂਟ ਦੇ ਵਿਰੁੱਧ ਪਿੰਡ ਵਾਸੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਤਿੱਖਾ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਯਾਤਰੀ ਅਤੇ ਲਖਬੀਰ ਸਿੰਘ ਲੱਖੀ ਭਾਈ ਬਖਤੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਲੁੱਕ ਮਿਕਸਰ ਪਲਾਂਟ ਕਾਰਨ ਕਿਸਾਨਾਂ ਦੀਆਂ ਫ਼ਸਲਾਂ, ਵਾਤਾਵਰਨ ਅਤੇ ਪੀਣ ਵਾਲਾ ਪਾਣੀ ਗੰਭੀਰ ਰੂਪ ਵਿੱਚ ਦੂਸ਼ਿਤ ਹੋ ਰਿਹਾ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਇਸ ਪਲਾਂਟ ਕੋਲ ਕਿਸੇ ਵੀ ਸਰਕਾਰੀ ਅਦਾਰੇ ਜਾਂ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਕੋਈ ਮਨਜ਼ੂਰੀ ਐੱਨ.ਓ.ਸੀ. ਨਹੀਂ ਹੈ। ਪਿੰਡ ਵਾਸੀਆਂ ਵੱਲੋਂ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਲਈ ਗਈ ਜਾਣਕਾਰੀ ਦੌਰਾਨ ਵੀ ਬੋਰਡ ਨੇ ਇਸ ਪਲਾਂਟ ਬਾਰੇ ਕਿਸੇ ਵੀ ਜਾਣਕਾਰੀ ਤੋਂ ਅਣਜਾਣਤਾ ਪ੍ਰਗਟਾਈ ਸੀ। ਇਸ ਤੋਂ ਬਾਅਦ 3 ਸਤੰਬਰ ਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸਬੰਧਤ ਕੰਪਨੀ ਨੂੰ ਪੱਤਰ ਜਾਰੀ ਕਰਕੇ ਆਪਣਾ ਪੱਖ ਪੇਸ਼ ਕਰਨ ਲਈ ਕਿਹਾ ਸੀ, ਪਰ ਕੰਪਨੀ ਦਾ ਕੋਈ ਵੀ ਨੁਮਾਇੰਦਾ ਅਪਣਾ ਪੱਖ ਰੱਖਣ ਨਹੀਂ ਪਹੁੰਚਿਆ।ਕੰਪਨੀ ਦੇ ਇਸ ਰਵੱਈਏ ਤੋਂ ਨਾਰਾਜ਼ ਪਿੰਡ ਵਾਸੀਆਂ ਅਤੇ ਕਿਸਾਨ ਯੂਨੀਅਨ ਦੇ ਵਰਕਰਾਂ ਨੇ ਪਲਾਂਟ ਦੀ ਮਸ਼ੀਨਰੀ ਦਾ ਘੇਰਾਓ ਕਰ ਦਿੱਤਾ। ਹਾਲਾਤ ਨੂੰ ਦੇਖਦਿਆਂ ਰਮੇਸ਼ ਚੰਦਰਾ ਕੰਸਟ੍ਰਕਸ਼ਨ ਸਿਰਸਾ ਨੇ ਆਪਣਾ ਮੈਨੇਜਮੈਂਟ ਅਧਿਕਾਰੀ ਮੌਕੇ ਤੇ ਭੇਜਿਆ। ਕੰਪਨੀ ਦੇ ਅਧਿਕਾਰੀ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਭਵਿੱਖ ਵਿੱਚ ਇਹ ਲੁੱਕ ਮਿਕਸਰ ਪਲਾਂਟ ਨਹੀਂ ਚਲਾਇਆ ਜਾਵੇਗਾ ਅਤੇ ਪ੍ਰਦੂਸ਼ਣ ਨਾਲ ਕਿਸਾਨਾਂ ਦੇ ਹੋਏ ਨੁਕਸਾਨ ਦਾ ਯੋਗ ਮੁਆਵਜ਼ਾ ਦਿੱਤਾ ਜਾਵੇਗਾ।ਕੰਪਨੀ ਦੇ ਇਸ ਭਰੋਸੇ ਤੋਂ ਬਾਅਦ ਪਿੰਡ ਵਾਸੀਆਂ ਨੇ ਉੱਥੇ ਖੜ੍ਹੀ ਟਰਾਂਸਪੋਰਟ ਮਸ਼ੀਨਰੀ ਨੂੰ ਜਾਣ ਦਿੱਤਾ, ਪਰ ਉਨ੍ਹਾਂ ਸਾਫ਼ ਕੀਤਾ ਕਿ ਬਾਕੀ ਰਹਿੰਦੀ ਮਸ਼ੀਨਰੀ ਦਾ ਘੇਰਾਓ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਪੀੜਤ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਨਹੀਂ ਮਿਲ ਜਾਂਦਾ। ਇਸ ਮੌਕੇ ਰੇਸ਼ਮ ਸਿੰਘ, ਸਤਨਾਮ ਸਿੰਘ, ਲਖਵੀਰ ਸਿੰਘ , ਲਖਵੀਰ ਸਿੰਘ ਲੱਖਾ ਸਿਧਾਣਾ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਵਰਕਰ ਅਤੇ ਪਿੰਡ ਵਾਸੀ ਭਾਰੀ ਗਿਣਤੀ ਵਿਚ ਮੌਜੂਦ ਸਨ।