ਗੜੇਮਾਰੀ ਪੀੜਤ ਕਿਸਾਨਾਂ ਨੂੰ ਜਲਦ ਮਿਲੇਗਾ ਮੁਆਵਜ਼ਾ: ਚੇਅਰਮੈਨ ਜੀਦਾ ਗੜੇਮਾਰੀ ਪੀੜਤ ਕਿਸਾਨਾਂ ਨੂੰ ਜਲਦ ਮਿਲੇਗਾ ਮੁਆਵਜ਼ਾ: ਚੇਅਰਮੈਨ ਜੀਦਾ
Publish Date: Mon, 19 Oct 2026 04:33 PM (IST)
Updated Date: Mon, 19 Oct 2026 04:33 PM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ, ਲੋਕ ਸਭਾ ਹਲਕਾ ਬਠਿੰਡਾ ਦੇ ਇੰਚਾਰਜ ਤੇ ਪੰਜਾਬ ਸ਼ੂਗਰਫੈੱਡ ਦੇ ਚੇਅਰਮੈਨ ਨਵਦੀਪ ਸਿੰਘ ਜੀਦਾ ਨੇ ਪਿੰਡ ਮੰਡੀ ਕਲਾਂ ਵਿਖੇ ਬੀਤੇ ਦਿਨੀਂ ਹੋਈ ਬੇਮੌਸਮੀ ਬਾਰਿਸ਼ ਤੇ ਗੜੇਮਾਰੀ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਦੇ ਨਾਲ ਖੇਤੀਬਾੜੀ ਵਿਭਾਗ ਤੇ ਮਾਲ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ, ਜਿਨ੍ਹਾਂ ਨੇ ਪ੍ਰਭਾਵਿਤ ਖੇਤਾਂ ਦਾ ਨਿਰੀਖਣ ਕੀਤਾ। ਨੁਕਸਾਨ ਦਾ ਜਾਇਜ਼ਾ ਲੈਣ ਉਪਰੰਤ ਨਵਦੀਪ ਸਿੰਘ ਜੀਦਾ ਨੇ ਕਿਹਾ ਕਿ ਕਿਸਾਨਾਂ ਨੇ ਆਪਣੇ ਬੱਚਿਆਂ ਵਾਂਗ ਪਾਲ ਕੇ ਝੋਨੇ ਦੀ ਫ਼ਸਲ ਤਿਆਰ ਕੀਤੀ ਸੀ, ਪਰ ਕੁਦਰਤੀ ਕਰੋਪੀ ਨੇ ਉਨ੍ਹਾਂ ਦੀ ਮਿਹਨਤ ਨੂੰ ਭਾਰੀ ਸੱਟ ਮਾਰੀ ਹੈ। ਉਨ੍ਹਾਂ ਕਿਹਾ ਕਿ ਫ਼ਸਲਾਂ ਦਾ ਨੁਕਸਾਨ ਕਿਸਾਨਾਂ ਲਈ ਵੱਡੀ ਆਰਥਿਕ ਚੁਣੌਤੀ ਹੈ ਤੇ ਇਸ ਔਖੀ ਘੜੀ ’ਚ ਕਿਸਾਨਾਂ ਨੂੰ ਇਕੱਲੇ ਨਹੀਂ ਛੱਡਿਆ ਜਾਵੇਗਾ। ਜੀਦਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗੜੇਮਾਰੀ ਤੇ ਬੇਮੌਸਮੀ ਬਾਰਿਸ਼ ਨਾਲ ਪ੍ਰਭਾਵਿਤ ਫ਼ਸਲਾਂ ਦੀ ਤੁਰੰਤ ਗਿਰਦਾਵਰੀ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈ ਕੇ ਨਿਯਮਾਂ ਅਨੁਸਾਰ ਬਣਦਾ ਮੁਆਵਜ਼ਾ ਦੇਣ ਲਈ ਵਚਨਬੱਧ ਹੈ। ਉਨ੍ਹਾਂ ਅਧਿਕਾਰੀਆਂ ਨੂੰ ਨੁਕਸਾਨ ਦਾ ਬਿਨਾਂ ਪੱਖਪਾਤ ਤੋਂ ਸਹੀ ਮੁਲਾਂਕਣ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਨਵਦੀਪ ਸਿੰਘ ਜੀਦਾ ਨੇ ਕਿਹਾ ਕਿ ਕਿਸਾਨ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ ਤੇ ਉਨ੍ਹਾਂ ਦੀ ਮਿਹਨਤ ਨਾਲ ਹੀ ਸੂਬੇ ਦੀ ਖੇਤੀਬਾੜੀ ਅਰਥਵਿਵਸਥਾ ਮਜ਼ਬੂਤ ਹੁੰਦੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਪ੍ਰਭਾਵਿਤ ਕਿਸਾਨਾਂ ਨੂੰ ਰਾਹਤ ਦਿਵਾਉਣ ਲਈ ਸਰਕਾਰ ਵੱਲੋਂ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।