ਕਿਸਾਨ ਭਰਾਵਾਂ ਲਈ ਸਹਾਈ ਸਿੱਧ ਹੋ ਰਹੇ ਹਨ ਕਿਸਾਨ ਮੇਲੇ : ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਕਿਸਾਨ ਭਰਾਵਾਂ ਲਈ ਸਹਾਈ ਸਿੱਧ ਹੋ ਰਹੇ ਹਨ ਕਿਸਾਨ ਮੇਲੇ : ਜਥੇਦਾਰ ਗੁਰਮੀਤ ਸਿੰਘ ਖੁੱਡੀਆਂ
Publish Date: Wed, 07 Oct 2026 06:12 PM (IST)
Updated Date: Wed, 07 Oct 2026 06:14 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਸੂਬਾ ਸਰਕਾਰ ਵੱਲੋਂ ਸਮੇਂ-ਸਮੇਂ ’ਤੇ ਲਗਾਏ ਜਾ ਰਹੇ ਕਿਸਾਨ ਮੇਲੇ ਕਿਸਾਨ ਭਰਾਵਾਂ ਲਈ ਸਹਾਈ ਸਿੱਧ ਹੋ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਨੇ ਸਥਾਨਕ ਬਲਵੰਤ ਗਾਰਗੀ ਆਡੋਟੋਰੀਅਮ ਵਿਖੇ ਖੇਤੀਬਾੜੀ ਵਿਭਾਗ ਵੱਲੋਂ ਹਾੜ੍ਹੀ ਦੀਆਂ ਫਸਲਾਂ ਸਬੰਧੀ ਲਗਾਏ ਗਏ ਜ਼ਿਲ੍ਹਾ ਪੱਧਰੀ ਕਿਸਾਨ ਮੇਲੇ ਦੌਰਾਨ ਕਿਸਾਨਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਖੁੱਡੀਆਂ ਨੇ ਕਿਸਾਨ ਵੀਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਭਰਾ ਖੇਤੀ ਖਰਚੇ ਘੱਟ ਕਰਨ, ਵਧੇਰੇ ਝਾੜ ਤੇ ਆਮਦਨ ਵਿਚ ਵਾਧਾ ਕਰਨ ਲਈ ਹਮੇਸ਼ਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀ ਸਿਫਾਰਸ਼ ਅਨੁਸਾਰ ਹੀ ਖੇਤੀ ਇੰਨਪੁਟਸ ਬੀਜ, ਖਾਦ ਤੇ ਕੀੜੇਮਾਰ ਦਵਾਈਆਂ ਦੀ ਵਰਤੋਂ ਕਰਨ। ਉਨ੍ਹਾਂ ਨੇ ਕਿਹਾ ਕਿ ਕਿਸਾਨ ਵੀਰਾਂ ਤੇ ਕਿਸਾਨ ਬੀਬੀਆਂ ਦੀ ਮਿਹਨਤ ਸਦਕਾ ਹੀ ਦੇਸ਼ ਵਿਚ ਅਨਾਜ ਦੇ ਭੰਡਾਰ ਭਰੇ ਹੋਏ ਹਨ। ਹਰੇਕ ਕਿਸਾਨ ਨੂੰ ਆਪਣੇ ਘਰ ਵਿਚ ਵਰਤੀਆਂ ਜਾਣ ਵਾਲੀਆਂ ਸਬਜ਼ੀਆਂ, ਦਾਲਾਂ, ਸਰੋਂ, ਹਲਦੀ ਆਦਿ ਦੀ ਕਾਸ਼ਤ, ਸ਼ੂਗਰ ਰਹਿਤ ਤੇ ਜਿੰਕ ਦੀ ਕਮੀ ਨੂੰ ਪੂਰਾ ਕਰਨ ਵਾਲੀ ਕਣਕ ਬੀਜਣੀ ਚਾਹੀਦੀ ਹੈ। ਖੇਤੀਬਾੜੀ ਮੰਤਰੀ ਨੇ ਉਨ੍ਹਾਂ ਨੇ ਕਿਸਾਨਾਂ ਨੂੰ ਨਵੀਂ ਖੇਤੀ ਤਕਨੀਕਾਂ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਸਬਸਿਡੀ ਤੇ ਖੇਤੀ ਮਸ਼ੀਨਰੀ ਦਿੱਤੀ ਗਈ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਉਣ ਵਾਲੀ ਝੋਨੇ ਦੀ ਫਸਲ ਦੇ ਪਰਾਲੀ ਪ੍ਰਬੰਧਨ ਦਾ ਕੰਮ ਜ਼ਿਲ੍ਹਾ ਪ੍ਰਸ਼ਾਸਨ, ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਤੇ ਜ਼ਿਲ੍ਹੇ ਦੇ ਕਿਸਾਨਾਂ ਦੇ ਸਹਿਯੋਗ ਸਦਕਾ ਹੀ ਸੁਚੱਜੇ ਢੰਗ ਨਾਲ ਕੀਤਾ ਜਾਵੇ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਪਰਾਲੀ ਤੇ ਕਣਕ ਦੇ ਨਾੜ ਨੂੰ ਅੱਗ ਨਾ ਲਗਾਕੇ ਹੀ ਆਪਾਂ ਤੰਦਰੁਸਤ ਪੰਜਾਬ ਦੀ ਸਿਰਜਣਾ ਕਰਦਿਆਂ ਧਰਤੀ ਨੂੰ ਬੰਜਰ ਹੋਣ ਤੋਂ ਬਚਾਅ ਸਕਦੇ ਹਾਂ। ਡਾ. ਹਰਜੀਤ ਸਿੰਘ ਬਰਾੜ ਫਸਲ ਵਿਗਿਆਨੀ ਖੇਤਰੀ ਖੋਜ ਕੇਂਦਰ ਬਠਿੰਡਾ ਜੀ ਵੱਲੋਂ ਕਿਸਾਨਾਂ ਨੂੰ ਹਾੜ੍ਹੀ ਦੀਆਂ ਫਸਲਾਂ ਦੀ ਸੁਚੱਜੀ ਕਾਸ਼ਤ ਕਰਨ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਗਈ। ਡਾ.ਪ੍ਰਿਤਪਾਲ ਸਿੰਘ ਪ੍ਰਮੁੱਖ ਪਸਾਰ ਮਾਹਿਰ (ਭੂਮੀ ਵਿਗਿਆਨ) ਵੱਲੋਂ ਹਾੜ੍ਹੀ ਦੀਆਂ ਫਸਲਾਂ ਵਿਚ ਖਾਦਾਂ ਅਤੇ ਪਾਣੀ ਦੀ ਸੁਚੱਜੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਗਈ। ਡਾ. ਮਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਰਾਮਪੁਰਾ ਵੱਲੋਂ ਹਾੜ੍ਹੀ ਦੀਆਂ ਫਸਲਾਂ ਵਿਚ ਬਿਮਾਰੀਆਂ ਦੀ ਰੋਕਥਾਮ ਬਾਰੇ ਕਿਸਾਨਾਂ ਨੂੰ ਵਿਸਥਾਰ-ਪੂਰਵਕ ਦੱਸਿਆ ਗਿਆ। ਇਸ ਤੋਂ ਬਾਅਦ ਡਾ. ਜਤਿੰਦਰ ਕੌਰ, ਮੌਸਮ ਵਿਗਿਆਨੀ ਖੇਤਰੀ ਖੋਜ ਕੇਂਦਰ ਬਠਿੰਡਾ ਵੱਲੋਂ ਖੇਤੀ ’ਚ ਬਦਲਦੇ ਮੌਸਮ ਦੇ ਪ੍ਰਭਾਵ ਬਾਰੇ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਇੰਜੀਨੀਅਰ ਗੁਰਜੀਤ ਵਿਰਕ ਖੇਤੀਬਾੜੀ ਵਿਭਾਗ ਬਠਿੰਡਾ ਵੱਲੋਂ ਪਰਾਲੀ ਦੀ ਸਾਂਭ-ਸੰਭਾਲ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ। ਕਿਸਾਨ ਮੇਲੇ ਵਿਚ ਵੱਖ-ਵੱਖ ਬਲਾਕਾਂ ਤੋਂ ਲਗਭਗ 3000 ਕਿਸਾਨਾਂ ਤੇ 500 ਤੋਂ ਵੱਧ ਕਿਸਾਨ ਬੀਬੀਆਂ ਵੱਲੋਂ ਵਿਸ਼ੇਸ਼ ਤੌਰ ਤੇ ਪਹਿਲੀ ਵਾਰ ਭਾਗ ਲਿਆ ਗਿਆ। ਸਟੇਜ ਸੰਚਾਲਨ ਡਾ. ਹਰਦੀਪ ਸਿੰਘ ਵਿਸ਼ਾ ਵਸਤੂ ਮਾਹਿਰ ਬਠਿੰਡਾ ਤੇ ਡਾ. ਗੁਰਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਬਠਿੰਡਾ ਵੱਲੋਂ ਕੀਤਾ ਗਿਆ। ਪਿਛਲੇ ਕਈ ਸਾਲਾਂ ਤੋਂ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ 210 ਕਿਸਾਨਾਂ ਨੂੰ ਕਿਸਾਨ ਮੇਲੇ ਵਿਚ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਹੀ ਜ਼ਿਲ੍ਹਾ ਪੱਧਰੀ ਕਿਸਾਨ ਮੇਲੇ ਵਿਚ ਵੱਡੀ ਗਿਣਤੀ ਵਿਚ ਪਹੁੰਚੀਆਂ 237 ਕਿਸਾਨ ਬੀਬੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਕਿਸਾਨ ਮੇਲੇ ਦੌਰਾਨ ਅਗਾਂਹਵਧੂ ਕਿਸਾਨਾਂ ਵੱਲੋਂ ਤਿਆਰ ਕੀਤੀਆਂ ਵਸਤੂਆਂ ਦੀਆਂ ਸਟਾਲਾਂ ਵੀ ਵਿਸ਼ੇਸ਼ ਤੌਰ ’ਤੇ ਲਗਾਈਆਂ ਗਈਆਂ।