ਜੰਗਲੀ ਸੂਰ ਦੇ ਹਮਲੇ ’ਚ ਕਿਸਾਨ ਗੰਭੀਰ ਜ਼ਖਮੀ, ਕਿਸਾਨਾਂ ਵਿੱਚ ਸਹਿਮ ਦਾ ਮਾਹੌਲ ਜੰਗਲੀ ਸੂਰ ਦੇ ਹਮਲੇ ’ਚ ਕਿਸਾਨ ਗੰਭੀਰ ਜ਼ਖਮੀ, ਕਿਸਾਨਾਂ ਵਿੱਚ ਸਹਿਮ ਦਾ ਮਾਹੌਲ
Publish Date: Sun, 29 Nov 2026 06:36 PM (IST)
Updated Date: Sun, 29 Nov 2026 06:37 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ ਉੱਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਗਹਿਲੇਵਾਲਾ ਵਿਖੇ ਆਪਣੇ ਖੇਤ ਵਿਚ ਕੰਮ ਕਰ ਰਹੇ ਇਕ ਕਿਸਾਨ ਉੱਪਰ ਜੰਗਲੀ ਸੂਰ ਵੱਲੋਂ ਹਮਲਾ ਕਰਕੇ ਕਿਸਾਨ ਨੂੰ ਗੰਭੀਰ ਜਖਮੀ ਕਰ ਦਿੱਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਜਿੱਥੇ ਜ਼ਖਮੀ ਕਿਸਾਨ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਉੱਥੇ ਜੰਗਲੀ ਜਾਨਵਰ ਦੇ ਅਜਿਹੇ ਹਮਲੇ ਤੋਂ ਬਾਅਦ ਕਿਸਾਨਾਂ ’ਚ ਸਹਿਮ ਦਾ ਮਾਹੌਲ ਦੇਖਣ ਨੂੰ ਮਿਲ ਰਿਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਗਹਿਲੇਵਾਲਾ ਵਸਨੀਕ ਜੱਸਾ ਸਿੰਘ ਪੁੱਤਰ ਮਿੱਠੂ ਸਿੰਘ (42) ਆਪਣੇ ਖੇਤ ਵਿਚ ਕੰਮ ਕਰ ਰਿਹਾ ਸੀ ਕਿ ਅਚਾਨਕ ਇੱਕ ਜੰਗਲੀ ਸੂਰ ਨੇ ਉਸ ’ਤੇ ਹਮਲਾ ਕਰ ਦਿੱਤਾ।ਹਮਲੇ ਵਿੱਚ ਕਿਸਾਨ ਜੱਸਾ ਸਿੰਘ ਗੰਭੀਰ ਜ਼ਖਮੀ ਹੋ ਗਿਆ। ਸੂਰ ਦੇ ਹਮਲੇ ਦੌਰਾਨ ਕਿਸਾਨ ਵੱਲੋਂ ਪਾਏ ਰੌਲੇ ਰੱਪੇ ਨੂੰ ਸੁਣਕੇ ਨੇੜੇ ਤੇੜੇ ਦੇ ਖੇਤਾਂ ’ਚ ਕੰਮ ਕਰ ਰਹੇ ਕਿਸਾਨ ਘਟਨਾ ਵਾਲੀ ਜਗਾ ਪਹੁੰਚੇ ਤੇ ਉਨ੍ਹਾਂ ਨੇ ਗੰਭੀਰ ਜ਼ਖਮੀ ਹਾਲਤ ਪੀੜਿਤ ਕਿਸਾਨ ਨੂੰ ਮੁਢਲੀ ਸਹਾਇਤਾ ਦੁਆਉੇਣ ਉਪਰੰਤ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ’ਚ ਦਾਖਿਲ ਕਰਵਾਇਆ ਜਿੱਥੇ ਉਹ ਜ਼ੇਰੇ ਇਲਾਜ ਹੈ। ਉਕਤ ਘਟਨਾ ਤੋਂ ਬਾਅਦ ਜਿੱਥੇ ਪੂਰੇ ਪਿੰਡ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਤੇ ਪਿੰਡ ਵਾਸੀ ਬੱਚਿਆਂ ਦੀ ਸੁਰੱਖਿਆ ਨੂੰ ਲੈਕੇ ਚਿੰਤਿਤ ਦਿਖਾਈ ਦਿੱਤੇ ਉੇੱਥੇ ਖੇਤਾਂ ’ਚ ਕੰਮ ਕਰਨ ਵਾਲੇ ਕਿਸਾਨਾਂ ’ਚ ਵੀ ਸਹਿਮ ਪਸਰ ਗਿਆ ਹੈ। ਪਿੰਡ ਵਾਸੀਆਂ ਦੀ ਮੰਨੀਏ ਤਾਂ ਪਿਛਲੇ ਕੁਝ ਸਮੇਂ ਤੋਂ ਇਲਾਕੇ ਵਿਚ ਜੰਗਲੀ ਸੂਰਾਂ ਦੀ ਗਿਣਤੀ ਵਧ ਗਈ ਹੈ ਜੋ ਕਿਸਾਨਾਂ ਲਈ ਸਿਰਦਰਦੀ ਦਾ ਕਾਰਨ ਬਣਦੇ ਜਾ ਰਹੇ ਹਨ। ਪਿੰਡ ਦੇ ਮੁਹਤਬਰਾਂ ਨੇ ਪ੍ਰਸ਼ਾਸਨ ਤੇ ਜੰਗਲਾਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਜੰਗਲੀ ਜਾਨਵਰਾਂ ਤੋਂ ਕਿਸਾਨਾਂ ਦੀ ਸੁਰੱਖਿਆ ਲਈ ਜੰਗਲੀ ਸੂਰਾਂ ਨੂੰ ਫੜਨ ਲਈ ਵਿਸ਼ੇਸ ਮੁਹਿੰਮ ਆਰੰਭੀ ਜਾਵੇ ਤਾਂਕਿ ਕਿਸਾਨ ਬੇਖੌਫ ਹੋ ਕੇ ਖੇਤਾਂ ’ਚ ਕੰਮ ਕਰ ਸਕਣ।