ਪਰਗਟ ਸਿੰਘ ਦੇ ਸੂਬਾ ਪ੍ਰਧਾਨ ਬਣਨ ’ਤੇ ਬਠਿੰਡਾ ਕਾਂਗਰਸ ’ਚ ਧੜੇਬੰਦੀ ਉੱਭਰੀ ਪਰਗਟ ਸਿੰਘ ਦੇ ਸੂਬਾ ਪ੍ਰਧਾਨ ਬਣਨ ’ਤੇ ਬਠਿੰਡਾ ਕਾਂਗਰਸ ’ਚ ਧੜੇਬੰਦੀ ਉੱਭਰੀ
Publish Date: Mon, 05 Oct 2026 04:02 PM (IST)
Updated Date: Mon, 05 Oct 2026 04:05 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਪ੍ਰਧਾਨ ਵਜੋਂ ਪਰਗਟ ਸਿੰਘ ਦੀ ਨਿਯੁਕਤੀ ਤੋਂ ਬਾਅਦ ਜਿੱਥੇ ਬਠਿੰਡਾ ਵਿਚ ਕਾਂਗਰਸੀ ਵਰਕਰਾਂ ਵੱਲੋਂ ਲੱਡੂ ਵੰਡ ਕੇ ਅਤੇ ਢੋਲ ਵਜਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ, ਉੱਥੇ ਹੀ ਕਾਂਗਰਸ ਦਫ਼ਤਰ ਵਿੱਚ ਵਾਪਰੀ ਇੱਕ ਘਟਨਾ ਨੂੰ ਲੈ ਕੇ ਸਥਾਨਕ ਕਾਂਗਰਸ ਦੀ ਅੰਦਰੂਨੀ ਖਿੱਚੋਤਾਣ ਵੀ ਚਰਚਾ ਵਿਚ ਆ ਗਈ। ਪਰਗਟ ਸਿੰਘ ਦੀ ਨਿਯੁਕਤੀ ’ਤੇ ਖੁਸ਼ੀ ਮਨਾਉਣ ਲਈ ਕਾਂਗਰਸ ਦਾ ਇਕ ਧੜਾ ਸਿਟੀ ਕਾਂਗਰਸ ਦਫ਼ਤਰ ਪਹੁੰਚਿਆ, ਪਰ ਉੱਥੇ ਸ਼ਹਿਰੀ ਪ੍ਰਧਾਨ ਰਾਜਨ ਗਰਗ ਦਾ ਕਮਰਾ ਬੰਦ ਮਿਲਿਆ। ਇਸ ’ਤੇ ਮੌਕੇ ’ਤੇ ਮੌਜੂਦ ਕੁਝ ਆਗੂਆਂ ਨੇ ਨਾਰਾਜ਼ਗੀ ਜ਼ਾਹਰ ਕੀਤੀ। ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਨਿਯੁਕਤ ਕੀਤੇ ਜਾਣ ਤੋਂ ਬਾਅਦ ਪਾਰਟੀ ਵਰਕਰਾਂ ਵਿਚ ਉਤਸ਼ਾਹ ਦੇਖਣ ਨੂੰ ਮਿਲਿਆ। ਵੱਖ-ਵੱਖ ਥਾਵਾਂ ’ਤੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਇੱਕ-ਦੂਜੇ ਨੂੰ ਲੱਡੂ ਖੁਆ ਕੇ ਖੁਸ਼ੀ ਸਾਂਝੀ ਕੀਤੀ। ਇਸੇ ਦੌਰਾਨ ਕੁਝ ਕਾਂਗਰਸੀ ਆਗੂ ਅਤੇ ਸੀਨੀਅਰ ਵਰਕਰ ਸਿਟੀ ਕਾਂਗਰਸ ਦਫ਼ਤਰ ਵੀ ਪਹੁੰਚੇ। ਇਨ੍ਹਾਂ ਆਗੂਆਂ ਦਾ ਕਹਿਣਾ ਸੀ ਕਿ ਸੂਬਾ ਪੱਧਰ ’ਤੇ ਪਾਰਟੀ ਨੂੰ ਨਵਾਂ ਪ੍ਰਧਾਨ ਮਿਲਣਾ ਇਕ ਮਹੱਤਵਪੂਰਨ ਮੌਕਾ ਹੈ ਅਤੇ ਇਸ ਮੌਕੇ ’ਤੇ ਸਾਰੇ ਆਗੂਆਂ ਤੇ ਵਰਕਰਾਂ ਨੂੰ ਇਕੱਠੇ ਹੋ ਕੇ ਖੁਸ਼ੀ ਮਨਾਉਣੀ ਚਾਹੀਦੀ ਹੈ। ਪਰ ਦਫ਼ਤਰ ਪਹੁੰਚਣ ’ਤੇ ਸ਼ਹਿਰੀ ਪ੍ਰਧਾਨ ਰਾਜਨ ਗਰਗ ਦਾ ਕਮਰਾ ਬੰਦ ਮਿਲਣ ਕਾਰਨ ਕੁਝ ਆਗੂਆਂ ਨੇ ਨਾਰਾਜ਼ਗੀ ਜਤਾਈ। ਕਾਂਗਰਸ ਦੇ ਸੀਨੀਅਰ ਆਗੂ ਟਹਿਲ ਸਿੰਘ ਸੰਧੂ ਨੇ ਇਸ ਘਟਨਾ ’ਤੇ ਨਾਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਕਿ ਪਿਛਲੇ ਕਈ ਸਾਲਾਂ ਦੌਰਾਨ ਉਨ੍ਹਾਂ ਨੇ ਕਦੇ ਵੀ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਦਾ ਕਮਰਾ ਬੰਦ ਨਹੀਂ ਦੇਖਿਆ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਨੂੰ ਨਵਾਂ ਪ੍ਰਧਾਨ ਮਿਲਣ ਦੇ ਮੌਕੇ ’ਤੇ ਪਾਰਟੀ ਦਫ਼ਤਰ ਵਿੱਚ ਵਰਕਰਾਂ ਅਤੇ ਆਗੂਆਂ ਨੂੰ ਇਕੱਠੇ ਹੋ ਕੇ ਖੁਸ਼ੀ ਮਨਾਉਣੀ ਚਾਹੀਦੀ ਸੀ। ਉਨ੍ਹਾਂ ਪਰਗਟ ਸਿੰਘ ਨੂੰ ਸੂਬਾ ਪ੍ਰਧਾਨ ਬਣਾਉਣ ਲਈ ਕਾਂਗਰਸ ਹਾਈਕਮਾਨ ਦਾ ਧੰਨਵਾਦ ਵੀ ਕੀਤਾ। ਸੰਧੂ ਨੇ ਪਰਗਟ ਸਿੰਘ ਦੀ ਨਿਯੁਕਤੀ ਲਈ ਰਾਹੁਲ ਗਾਂਧੀ ਅਤੇ ਸਚਿਨ ਪਾਇਲਟ ਦਾ ਧੰਨਵਾਦ ਕਰਦਿਆਂ ਸਾਬਕਾ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਪਾਰਟੀ ਲਈ ਕੀਤੀਆਂ ਸੇਵਾਵਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਨਵੇਂ ਪ੍ਰਧਾਨ ਦੀ ਨਿਯੁਕਤੀ ਮੌਕੇ ਪਾਰਟੀ ਵਰਕਰਾਂ ਵਿੱਚ ਖੁਸ਼ੀ ਹੋਣਾ ਸੁਭਾਵਿਕ ਹੈ ਅਤੇ ਇਸ ਖੁਸ਼ੀ ਨੂੰ ਸਾਰੇ ਆਗੂਆਂ ਤੇ ਵਰਕਰਾਂ ਨੂੰ ਮਿਲ ਕੇ ਮਨਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਹਾਈਕਮਾਂਡ ਨੂੰ ਬੇਨਤੀ ਕਰਨਗੇ ਕਿ ਕਾਂਗਰਸ ਦਫ਼ਤਰ ਨੂੰ ਬੰਦ ਕਰਨ ਵਾਲਿਆਂ ਦੀ ਪਛਾਣ ਕਰਕੇ ਉਨ੍ਹਾਂ ਖਿਲਾਫ਼ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਜ਼ਿਲ੍ਹਾ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਰਾਜਨ ਗਰਗ ਨੇ ਇਸ ਮਾਮਲੇ ’ਤੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਨ੍ਹਾਂ ਦਾ ਦਫ਼ਤਰ ਹਮੇਸ਼ਾ ਖੁੱਲ੍ਹਾ ਰਹਿੰਦਾ ਹੈ ਅਤੇ ਕੋਈ ਵੀ ਵਿਅਕਤੀ ਆ ਕੇ ਇਸ ਦੀ ਜਾਂਚ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਸਮੇਂ ਕਮਰਾ ਬੰਦ ਹੋਣ ਦੀ ਘਟਨਾ ਨੂੰ ਸੂਬਾ ਪ੍ਰਧਾਨ ਦੀ ਨਿਯੁਕਤੀ ’ਤੇ ਖੁਸ਼ੀ ਨਾ ਮਨਾਉਣ ਜਾਂ ਪਾਰਟੀ ਦੀਆਂ ਸਰਗਰਮੀਆਂ ਨਾਲ ਜੋੜਨਾ ਠੀਕ ਨਹੀਂ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਨੇ 2 ਅਕਤੂਬਰ ਨੂੰ ਸਾਬਕਾ ਹਾਕੀ ਕਪਤਾਨ ਅਤੇ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਹੈ। ਉਨ੍ਹਾਂ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਥਾਂ ਇਹ ਜ਼ਿੰਮੇਵਾਰੀ ਸੰਭਾਲੀ ਹੈ। ਇਹ ਤਬਦੀਲੀ ਪੰਜਾਬ ਵਿੱਚ ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤੀ ਗਈ ਹੈ ਅਤੇ ਸੂਬਾ ਕਾਂਗਰਸ ਵਿੱਚ ਅੰਦਰੂਨੀ ਮਤਭੇਦਾਂ ਦੀਆਂ ਚਰਚਾਵਾਂ ਦੇ ਦਰਮਿਆਨ ਹੋਈ ਹੈ। ਬਠਿੰਡਾ ਵਿੱਚ ਵਾਪਰੀ ਇਸ ਘਟਨਾ ਤੋਂ ਬਾਅਦ ਸਥਾਨਕ ਪੱਧਰ ’ਤੇ ਕਾਂਗਰਸ ਦੇ ਵੱਖ-ਵੱਖ ਧੜਿਆਂ ਵਿਚਾਲੇ ਤਾਲਮੇਲ ਅਤੇ ਅੰਦਰੂਨੀ ਸਬੰਧਾਂ ਨੂੰ ਲੈ ਕੇ ਮੁੜ ਚਰਚਾ ਸ਼ੁਰੂ ਹੋ ਗਈ ਹੈ। ਹਾਲਾਂਕਿ ਦੋਵਾਂ ਪੱਖਾਂ ਵੱਲੋਂ ਆਪਣੇ-ਆਪਣੇ ਤੌਰ ’ਤੇ ਸਪਸ਼ਟੀਕਰਨ ਦਿੱਤੇ ਗਏ ਹਨ ਅਤੇ ਪਾਰਟੀ ਆਗੂਆਂ ਨੇ ਪਰਗਟ ਸਿੰਘ ਦੀ ਨਿਯੁਕਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਵੀ ਕੀਤਾ ਹੈ। :::