ਖ਼ਾਲਸਾ ਕਾਲਜ ’ਚ ਆਧੁਨਿਕਤਾ ਵਿਸ਼ੇ ’ਤੇ ਲੈਕਚਰ ਕਰਵਾਇਆ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਵਿਖੇ ਡਿਜੀਟਲ ਯੁੱਗ ਵਿਚ ਪਰੰਪਰਾ ਅਤੇ ਆਧੁਨਿਕਤਾ ਵਿਸ਼ੇ ’ਤੇ ਐਕਸਟੈਂਸ਼ਨ ਲੈਕਚਰ
Publish Date: Fri, 06 Nov 2026 06:07 PM (IST)
Updated Date: Fri, 06 Nov 2026 06:08 PM (IST)
ਡਾ. ਰਚਨਾ ਸ਼ਰਮਾ ਨੇ ਲਿੰਗ ਸਮਾਨਤਾ, ਪਛਾਣ ਤੇ ਸਮਾਜਿਕ ਤਬਦੀਲੀਆਂ ਬਾਰੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ ਵਿਚਾਰ ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਕੱਤਰ ਵਿੱਦਿਆ ਸੁਖਮਿੰਦਰ ਸਿੰਘ ਤੇ ਸਿਕੰਦਰ ਸਿੰਘ ਮਲੂਕਾ (ਸਾਬਕਾ ਕੈਬਨਿਟ ਮੰਤਰੀ ਪੰਜਾਬ ਤੇ ਆਨਰੇਰੀ ਸਕੱਤਰ ਕਾਲਜ) ਦੀ ਰਹਿਨੁਮਾਈ ਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਲਾਕੇ ਦੀ ਨਾਮਵਰ ਸੰਸਥਾ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ, ਭਗਤਾ ਭਾਈਕਾ ਵਿਖੇ ਸੋਸ਼ਲ ਸਾਇੰਸਜ਼ ਵਿਭਾਗ ਤੇ ਸ਼ੇਰ-ਏ-ਪੰਜਾਬ ਕਲੱਬ ਵੱਲੋਂ ਵਿਸ਼ੇਸ਼ ਐਕਸਟੈਂਸ਼ਨ ਲੈਕਚਰ ਕਰਵਾਇਆ ਗਿਆ। ਸੋਸ਼ਲ ਸਾਇੰਸਜ਼ ਵਿਭਾਗ ਦੀ ਮੁਖੀ ਡਾ. ਰਮਨਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੌਕੇ ਮੁੱਖ ਬੁਲਾਰੇ ਵਜੋਂ ਡਾ. ਰਚਨਾ ਸ਼ਰਮਾ, ਐਸੋਸੀਏਟ ਪ੍ਰੋਫੈਸਰ, ਇਤਿਹਾਸ ਵਿਭਾਗ, ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ, ਪਟਿਆਲਾ ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਪਰੰਪਰਾ ਤੇ ਆਧੁਨਿਕਤਾ ਦੇ ਆਪਸੀ ਸਬੰਧਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਨੇ ਡਿਜੀਟਲ ਯੁੱਗ ਵਿੱਚ ਲਿੰਗ ਸਮਾਨਤਾ, ਸਮਾਜਿਕ ਪਛਾਣ ਤੇ ਬਦਲ ਰਹੇ ਸਮਾਜਿਕ ਸਰੋਕਾਰਾਂ ਦੇ ਵੱਖ-ਵੱਖ ਪਹਿਲੂਆਂ ਨੂੰ ਉਜਾਗਰ ਕੀਤਾ। ਡਾ. ਰਚਨਾ ਸ਼ਰਮਾ ਨੇ ਕਿਹਾ ਕਿ ਅਜੋਕੇ ਤਕਨੀਕੀ ਯੁੱਗ ਵਿੱਚ ਸੋਸ਼ਲ ਮੀਡੀਆ ਤੇ ਡਿਜੀਟਲ ਪਲੇਟਫਾਰਮ ਮਨੁੱਖੀ ਜੀਵਨ, ਸਮਾਜਿਕ ਰਿਸ਼ਤਿਆਂ ਤੇ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਡੂੰਘੇ ਪੱਧਰ ’ਤੇ ਪ੍ਰਭਾਵਿਤ ਕਰ ਰਹੇ ਹਨ। ਇਸ ਲਈ ਆਪਣੀਆਂ ਪਰੰਪਰਾਗਤ ਕਦਰਾਂ-ਕੀਮਤਾਂ ਨੂੰ ਸੰਭਾਲਦਿਆਂ ਆਧੁਨਿਕਤਾ ਨੂੰ ਉਸਾਰੂ ਤੇ ਸਾਰਥਕ ਢੰਗ ਨਾਲ ਅਪਣਾਉਣਾ ਸਮੇਂ ਦੀ ਲੋੜ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸਮਾਜਿਕ ਤਬਦੀਲੀਆਂ ਪ੍ਰਤੀ ਜਾਗਰੂਕ ਰਹਿਣ ਅਤੇ ਸਮਾਨਤਾ ਤੇ ਆਪਸੀ ਸਤਿਕਾਰ ਦੀ ਭਾਵਨਾ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਸਤਿੰਦਰ ਕੌਰ ਮਾਨ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਅਕਾਦਮਿਕ ਪ੍ਰੋਗਰਾਮ ਵਿਦਿਆਰਥੀਆਂ ਦੇ ਬੌਧਿਕ ਵਿਕਾਸ, ਆਲੋਚਨਾਤਮਕ ਸੋਚ ਅਤੇ ਸਮਾਜਿਕ ਚੇਤਨਾ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਡਾ. ਕਰਮਜੀਤ ਕੌਰ ਅਤੇ ਪ੍ਰੋਫੈਸਰ ਸਿਮਰਜੀਤ ਕੌਰ ਨੇ ਵਿਦਿਆਰਥੀਆਂ ਦੀ ਵਿਸ਼ੇਸ਼ ਅਗਵਾਈ ਕੀਤੀ।